–ਜ਼ਿਲ੍ਹਾ ਬਰਨਾਲਾ ਵਿਖੇ 16000 ਵਰਦੀਆਂ 150 ਔਰਤਾਂ ਵੱਲੋਂ ਬਣਾਈ ਜਾਣਗੀਆਂ, ਮੀਤ ਹੇਅਰ
–ਪਹਿਲੇ ਗੇੜ ਤਹਿਤ 70 ਔਰਤਾਂ ਨੂੰ ਦਿੱਤੀ ਗਈ ਸਿਖ਼ਲਾਈ
–ਸਹਿਣਾ ਬਲਾਕ ਦੇ ਪਿੰਡਾਂ ਦੀਆਂ ਔਰਤਾਂ ਘਰ ਬੈਠੇ ਹੀ ਪੈਸੇ ਕਮਾਉਣਗੀਆਂ, ਸਕੂਲੀ ਬੱਚਿਆਂ ਨੂੰ ਮਿਲਣਗੀਆ ਵਧੀਆ ਸਕੂਲੀ ਵਰਦੀਆਂ
18 ਜਨਵਰੀ (ਗਗਨਦੀਪ ਸਿੰਘ) ਮੌੜ ਨਾਭਾ (ਸ਼ਹਿਣਾ): ਪੰਜਾਬ ਸਰਕਾਰ ਦੇ ਪ੍ਰੋਜੈਕਟ ਪਹਿਲ ਤਹਿਤ ਪਹਿਲ ਹੋਜ਼ਰੀ ਆਜੀਵੀਕ ਦਾ ਆਗਾਜ਼ ਅੱਜ ਸ. ਗੁਰਮੀਤ ਸਿੰਘ ਮੀਤ ਹੇਅਰ, ਕੈਬੀਨੇਟ ਮੰਤਰੀ ਖੇਡ ਅਤੇ ਯੁਵਾ ਮਾਮਲਿਆਂ, ਪੰਜਾਬ ਸਰਕਾਰ ਵੱਲੋਂ ਪਿੰਡ ਮੌੜ ਨਾਭਾ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਔਰਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲ ਪ੍ਰੋਜੈਕਟ ਤਹਿਤ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵੱਲਂਹ ਵਰਦੀਆਂ ਦਿੱਤੀਆਂ ਜਾਣਗੀਆਂ, ਜਿਸ ਨੂੰ ਔਰਤਾਂ ਦੇ ਸਵੈ ਸੇਵੀ ਗਰੁੱਪ ਤਿਆਰ ਕਰਨਗੇ। ਪਿੰਡ ਮੌੜ ਨਾਭਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਮਾਰਤ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ 14 ਮਸ਼ੀਨਾਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਗਰੀਬ ਪੇਂਡੂ ਔਰਤਾਂ ਦੇ ਲਗਭਗ 800 ਦੇ ਕਰੀਬ ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋ ਇਨ੍ਹਾਂ ਔਰਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰੁਜ਼ਗਰ ਦਾ ਮੌਕਾ ਮੁੱਹਈਆ ਕਰਵਾਉਣ ਲਈ ਪਹਿਲ ਪ੍ਰੋਜੈਕਟ ਉਲੀਕਿਆ ਗਿਆ। ਜਿਸ ਅਧੀਨ ਸਕੂਲੀ ਬੱਚਿਆਂ ਨੂੰ ਵਰਦੀਆ ਦਿੱਤੀਆ ਜਾਣੀਆ ਹਨ, ਇਨ੍ਹਾਂ ਵਰਦੀਆਂ ਦੀ ਸਿਲਾਈ ਸਵੈ- ਸਹਾਇਤਾ ਸਮੂਹ ਦੇ ਮੈਬਰਾਂ ਦੁਆਰਾ ਕੀਤੀ ਜਾਣੀ ਹੈ। ਪੰਜਾਬ ਸਰਕਾਰ ਦਾ ਇਹ ਪਹਿਲ ਪ੍ਰੋਜੈਕਟ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਲਈ ਵਰਦਾਨ ਸਿੱਧ ਹੋਵੇਗਾ।
ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਸਕੀਮ ਪੰਜਾਬ ਸੂਬਾ ਪੇਂਡੂ ਆਜੀਵੀਕਾ ਮਿਸ਼ਨ ਰਾਹੀਂ ਜ਼ਿਲ੍ਹਾ ਬਰਨਾਲਾ ਨੂੰ 40 ਲੱਖ ਰੁਪਏ ਫੰਡ ਪ੍ਰਾਪਤ ਹੋਏ ਹਨ। ਇਸ ਵਿੱਚੋਂ 3.83 ਲੱਖ ਰੁਪਏ ਦੀ ਮਸ਼ੀਨਰੀ ਦੀ ਖਰੀਦ ਕੀਤੀ ਗਈ ਹੈ।
ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰ ਸੇਟੀ) ਸਵੈ ਸਹਾਇਤਾ – ਸਮੂਹਾ ਦੀਆਂ 70 ਔਰਤਾਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਗਈ। ਇਸ ਪ੍ਰੋਜੈਕਟ ਤਹਿਤ ਲਗਭਗ 150 ਔਰਤਾਂ ਨੂੰ ਰੁਜ਼ਗਰ ਮਿਲੇਗਾ। ਇਸ ਪ੍ਰੋਜੈਕਟ ਅਧੀਨ ਰਾਜ ਪੱਧਰ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 16,000 ਵਰਦੀਆਂ ਬਣਾਉਣ ਦਾ ਟੀਚਾ ਮਿਲਿਆ ਹੈ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਲਈ ਕੁੱਝ ਮੈਂਬਰਾਂ ਦਾ ਸਟਾਫ ਰੱਖਿਆ ਗਿਆ ਜੋ ਇਹਨਾ ਸਵੈ-ਸਹਾਇਤਾ ਸਮੂਹ ਦੀਆ ਪੜ੍ਹੀਆ ਲਿਖੀਆ ਹੋਈਆ ਔਰਤਾ ਵਿੱਚੋਂ ਹੀ ਚੁਣਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਤੀ ਮਹਿਲਾ ਇਕ ਵਰਦੀ ਬਣਾਉਣ ਦੇ 60 ਰੁਪਏ ਦਿੱਤੇ ਜਾਣਗੇ ਅਤੇ ਜਦ ਵੀ ਗਰੁੱਪ ਨੂੰ ਮੁਨਾਫਾ ਹੋਵੇਗਾ ਉਸ ਵਿਚੋਂ ਵੀ ਮਹਿਲਾਵਾਂ ਨੂੰ ਹਿੱਸਾ ਦਿੱਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਚ ਹਿੱਸਾ ਲੈ ਕੇ ਔਰਤਾਂ ਆਪਣੇ ਘਰ ਦਾ ਖ਼ਰਚਾ ਕੱਢ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਹਿੱਸਾ ਲੈਣ ਦੀ ਚਾਹਵਾਨ ਔਰਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਪਹੁੰਚ ਕੇ ਵਧੇਰੇ ਜਾਣਕਾਰੀ ਲੈ ਸਕਦੀਆਂ ਹਨ।
ਇਸ ਮੌਕੇ ਓ ਐੱਸ ਡੀ ਸ੍ਰੀ ਹਸਨਪ੍ਰੀਤ ਭਾਰਦਵਾਜ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਬਰਨਾਲਾ ਸ. ਗੋਪਾਲ ਸਿੰਘ, ਡੀ. ਐੱਸ. ਪੀ ਡਾ. ਮਾਨਵਜੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।