ਲੰਡਨ. (ਗੁਰਚਰਨ ਸੱਗੂ) ਪਿਛਲੇ ਸ਼ਨਿਚਰਵਾਰ ਲੰਡਨ ਦੇ ਖ਼ੂਬਸੂਰਤ ਇਲਾਕੇ ਹੌਰਨਚਰਚ ਵਿਖੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਚਾਲਕ ਸੁੱਖੀ ਬਾਠ ਜੀ, ਦਿੱਲੀ ਦੇ ਬਹੁਤ ਹੀ ਪੁਰਾਣੇ ਪਬਲਿਸ਼ਰ ਘਰਾਣੇ ਨਵਯੁੱਗ ਪ੍ਰਕਾਸ਼ਨ ਦੇ ਮੋਢੀ ਸਵਰਗਵਾਸੀ ਭਾਪਾ ਪ੍ਰੀਤਮ ਸਿੰਘ ਜੀ ਦੀ ਬੇਟੀ ਰੇਨੂਕਾ ਸਿੰਘ ਜੀ ਅਤੇ ਕੈਲੇਫੋਰਨੀਆ ਦੇ ਸਮਾਜ ਸੇਵਕ ਡਾ. ਜਤਿੰਦਰ ਚੋਪੜਾ ਜੀ ਦੇ ਸਨਮਾਨ ਵਿੱਚ ਗੁਰਚਰਨ ਸੱਗੂ ਦੇ ਘਰ ਇੱਕ ਬਹੁਤ ਹੀ ਖ਼ੂਬਸੂਰਤ ਮਿਲਣੀ ਹੋਈ ਜਿਸ ਵਿੱਚ ਉਪਰਲੀਆਂ ਤਿੰਨੇ ਸ਼ਖਸੀਅਤਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਸੱਭ ਨੂੰ ਜਾਣੂ ਕਰਵਾਇਆ
ਸੁੱਖੀ ਬਾਠ ਜੀ ਦਾ ਹਰ ਸ਼ਬਦ ਬਹੁਤ ਹੀ ਪ੍ਰਭਾਵਸ਼ਾਲੀ ਸੀ ਜੋ ਇੱਕ ਸੇਧ ਤੇ ਸੁਨੇਹਾ ਦੇਣ ਵਾਲਾ ਸੀ ।ਆਪ ਬੋਲਣ ਸਮੇਂ ਕਈ ਵਾਰੀ ਬਹੁਤ ਹੀ ਭਾਵੁਕ ਹੋ ਗਏ ਜਿਸ ਨਾਲ ਸਾਰੇ ਦੋਸਤਾਂ ਮਿੱਤਰਾਂ ਦਾ ਦਿਲ ਵੀ ਮੋਮ ਬਣਦਾ ਰਿਹਾ । ਆਪ ਨੇ ਕਿਹਾ…..
* ਮੈਂ ਕੋਈ ਸਾਹਿਤਕਾਰ ਨਹੀਂ ਹਾਂ ਪਰ ਪੰਜਾਬੀ ਬੋਲੀ ਦੀ ਪ੍ਰਫੁਲਤਾ ਲਈ , ਸਮਾਜ ਵਿੱਚ ਵਿੱਸਰਿਆ ਹੋਇਆ ਭਲਾਈ ਦੇ ਕੰਮਾਂ ਵਿੱਚ ਇੱਕ ਸੇਵਕ ਵਜੋਂ ਕੰਮ ਕਰ ਰਿਹਾ ਹਾਂ …
* ਹਰ ਫੰਕਸ਼ਨ ਵਿੱਚ ਮੇਰੀ ਜਗ੍ਹਾ ਫਲੋਰ ਤੇ ਹੋਣੀ ਚਾਹੀਦੀ ਹੈ ਨਾ ਕਿ ਵੱਡੇ ਸਾਹਿਤਕਾਰਾਂ ਦੇ ਬਰਾਬਰ ਸਟੇਜ ਉੱਪਰ …..
* ਮੈਂ ਜ਼ਿੰਦਗੀ ਵਿੱਚ ਬਹੁਤ ਹੀ ਗਰੀਬੀ ਵੇਖੀ ਹੈ ਤੇ ਉਹ ਵੀ ਦਿਨ ਵੇਖੇ ਹਨ ਜਦ ਰਾਤ ਨੂੰ ਭੁੱਖੇ ਹੀ ਸੌਣਾ ਪਿਆ ਪਰ ਸਖ਼ਤ ਮਿਹਨਤ ਕਰਨ ਨਾਲ ਅੱਜ ਉਨ੍ਹਾਂ ਦੀਆਂ ਕੰਪਨੀਆਂ ਵਿੱਚ ਤਕਰੀਬਨ ਚਾਰ ਸੌ ਬੰਦੇ ਕੰਮ ਕਰਦੇ ਹਨ ਪਰ ਸੁੱਖੀ ਬਾਠ ਪੈਸੇ ਦੇ ਮਾਣ ਨਾਲ ਬਦਲਿਆ ਨਹੀਂ ਤੇ ਅੱਜ ਵੀ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ ….
* ਅਸੀਂ ਪੈਸੇ ਨਾਲ ਭਾਵੇਂ ਕਿੰਨੇ ਵੀ ਅਮੀਰ ਹੋ ਜਾਈਏ ਪਰ ਕਦੇ ਕਦੇ ਗਰੀਬਾਂ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਪੀੜਤਾਂ ਨੂੰ ਵੀ ਮਹਿਸੂਸ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ…
* ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਖੜੋਤ ਨਹੀਂ ਲਿਆਉਣੀ ਚਾਹੀਦੀ ਸਗੋਂ ਸਮੇਂ ਦੀ ਲੋੜ ਅਨੁਸਾਰ ਇਸ ਜ਼ਿੰਦਗੀ ਵਿੱਚ ਬਦਲਾਓ ਲਿਆਉਂਦੇ ਰਹਿਣਾ ਚਾਹੀਦਾ ਹੈ , ਇਹ ਬਦਲਾਓ ਹੀ ਤੁਹਾਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਕੇ ਜਾ ਸਕਦੇ ਹਨ..…
ਬਰਤਾਨੀਆ ਦੇ ਮਸ਼ਹੂਰ ਨਾਵਲਕਾਰ ਮਹਿੰਦਰ ਧਾਲੀਵਾਲ ਜੀ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਆਪ ਨੇ ਕਿਹਾ ਕਿ ਸਾਹਿਤਕ ਭਾਈਚਾਰਾ ਸਮਾਜ ਨੂੰ ਬਦਲ ਸਕਦਾ ਹੈ ਪਰ ਅੱਜ ਇਹ ਸਾਹਿਤਕ ਭਾਈਚਾਰਾ ਹੀ ਪਾਠਕਾਂ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ | ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਆਪ ਨੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ । ਅਸੀਂ ਤਦ ਹੀ ਅਪਣੇ ਆਪ ਨੂੰ ਲੋਕਾਈ ਨਾਲ ਜੋੜ ਸਕਦੇ ਹਾਂ ਜੇ ਅਸੀਂ ਪਹਿਲੇ ਖ਼ੁਦ ਇਸ ਸੋਸ਼ਲ ਮੀਡੀਏ ਨਾਲ ਜੁੜੀਏ ਪਰ ਅਫ਼ਸੋਸ ਹੈ ਕਿ ਇਸ ਦੌਰ ਵਿੱਚ ਵੀ ਸੱਠ ਪ੍ਰਤੀਸ਼ਤ ਲੇਖਕਾਂ ਕੋਲ ਆਪਣੀ ਈ-ਮੇਲ ਆਈ-ਡੀ ਨਹੀਂ ਹੈ ।ਸੁੱਖੀ ਬਾਠ ਜੀ ਨੇ ਇੰਨੇ ਸੋਹਣੇ ਤੇ ਮਹੱਤਵ ਪੂਰਨ ਵਿਸ਼ੇ ਛੋਹ ਕੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜਿਸ ਨਾਲ ਸੱਭ ਦੇ ਦਿਲਾਂ ਨੂੰ ਜਿੱਤ ਲਿਆ ।
ਇਸ ਤੋਂ ਬਾਅਦ ਰੇਨੂਕਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਭਾਪਾ ਪ੍ਰੀਤਮ ਸਿੰਘ ਜੀ ਵੱਲੋਂ ਦਿੱਲੀ ਵਿੱਚ ਸ਼ੁਰੂ ਕੀਤੀ ਸੰਸਥਾ ਪੰਜਾਬੀ ਭਵਨ ਵੱਲੋਂ ਪੰਜਾਬੀ ਦੀ ਪ੍ਰਫੁਲਤਾ ਲਈ ਅੱਜ ਵੀ ਬਹੁਤ ਕੰਮ ਕੀਤਾ ਜਾ ਰਿਹਾ ਹੈ। ਜੇ ਇੱਥੋਂ ਦੇ ਕਿਸੇ ਵੀ ਲੇਖਕ ਨੇ ਕੋਈ ਕਿਤਾਬ ਛਪਵਾਉਣੀ ਹੋਵੇ ਤਾਂ ਨਵਯੁੱਗ ਪ੍ਰਕਾਸ਼ਨ ਵੱਲੋਂ ਉਸਨੂੰ ਵੇਖ ਪਰਖ ਕੇ ਵਧੀਆ ਛਪਾਈ ਲਈ ਅਸੀਂ ਵਚਨ-ਬੱਧ ਹਾਂ ਕਿਉਂ ਕਿ ਨਵਯੁੱਗ ਅਦਾਰਾ ਇੱਕ ਐਸਾ ਪ੍ਰਕਾਸ਼ਨ ਹਾਊਸ ਹੈ ਜਿਸ ਨੇ ਕਦੇ ਵੀ ਲਿਖਤ ਨਾਲ ਸਮਝੌਤਾ ਨਹੀਂ ਕੀਤਾ ਅਤੇ ਸਿਰਫ ਮਿਆਰੀ ਲਿਖਤਾਂ ਨੂੰ ਹੀ ਛਾਪਿਆ ਹੈ । ਆਪ ਨੇ ਇਹ ਵੀ ਦੱਸਿਆ ਕਿ ਪੰਜਾਬੀ ਭਵਨ ਵੱਲੋਂ ਅਨੇਕਾਂ ਲਾਇਬ੍ਰੇਰੀਆਂ ਨੂੰ ਸੈਂਕੜੇ ਹੀ ਕਿਤਾਬਾਂ ਮੁਫ਼ਤ ਭੇਜੀਆਂ ਜਾਂਦੀਆਂ ਹਨ ਤੇ ਅਸੀਂ ਇਸ ਕਾਰਜ ਲਈ ਹਮੇਸ਼ਾਂ ਹੀ ਯਤਨਸ਼ੀਲ ਰਹੇ ਹਾਂ ।
ਇਸ ਤੋਂ ਬਾਅਦ ਕੈਲੇਫੋਰਨੀਆਂ ਦੇ ਡਾ. ਚੋਪੜਾ ਜੀ ਨੇ ਦੱਸਿਆ ਕਿ ਉਹ ਭਾਵੇਂ ਮੈਡੀਕਲ ਡਾਕਟਰ ਹਨ ਪਰ ਇਸ ਦੇ ਨਾਲ ਨਾਲ ਉਹ ਇੱਕ ਕਾਸ਼ਤਕਾਰ ਵੀ ਹਨ ।ਕੈਲੇਫੋਰਨੀਆ ਵਿੱਚ ਉਹਨਾਂ ਦੇ ਸੈਂਕੜੇ ਏਕੜ ਫਾਰਮ ਹਨ ਜਿਹਨਾਂ ਵਿੱਚ ਉਹ ਪਿਸਤਾ, ਬਦਾਮ,ਅੰਗੂਰ, ਬਲਿਊ-ਬੇਰੀ ਤੇ ਹੋਰ ਕਈ ਤਰ੍ਹਾਂ ਦੀ ਖੇਤੀਬਾੜੀ ਕਰਦੇ ਹਨ ਤੇ ਵੱਡੇ ਵੱਡੇ ਸਟੋਰਾਂ ਨੂੰ ਸਪਲਾਈ ਕਰਦੇ ਹਨ । ਉਹਨਾਂ ਕਿਹਾ ਕਿ ਅੱਜ ਇੱਕ ਹੀ ਕੰਮ ਵਿੱਚ ਟਿਕੇ ਰਹਿਣ ਦਾ ਵਕਤ ਨਹੀਂ ਹੈ । ਜੇ ਤੁਹਾਡੇ ਵਿੱਚ ਬਿਜ਼ਨਿਸ ਕਰਨ ਦੀ ਲਗਨ ਹੈ ਤਾਂ ਇਸ ਨੂੰ ਖਤਮ ਨਹੀਂ ਕਰਨਾ ਚਾਹੀਦਾ ਸਗੋਂ ਆਪਣੇ ਚੌਗਿਰਦੇ ਵੱਲ ਵੇਖ , ਇਸ ਨੂੰ ਪਰਫੁਲਤ ਕਰ ਕੇ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਅਮਰੀਕਾ ਵਿੱਚ ਪੰਜਾਬੀ ਜ਼ਬਾਨ ਕਦੇ ਵੀ ਖਤਮ ਨਹੀ ਹੋਵੇਗੀ ਕਿਉਂ ਜੋ ਅੱਜ ਅਸੀਂ ਪੰਜਾਬੀ ਬੋਲਣ ਤੇ ਪੜ੍ਹਨ ਲਈ ਪਹਿਲੇ ਨਾਲੋਂ ਕਿਤੇ ਵੱਧ ਪ੍ਰਚਾਰ ਕਰ ਰਹੇ ਹਾਂ ਤੇ ਸਾਡੀ ਨਵੀਂ ਪੀੜ੍ਹੀ ਦੇ ਬੱਚੇ ਬੋਲ ਵੀ ਰਹੇ ਹਨ ।
ਗੁਰਚਰਨ ਸੱਗੂ ਨੇ ਬੋਲਦਿਆਂ ਕਿਹਾ ਕਿ ਸੁੱਖੀ ਬਾਠ ਜੀ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ ਪਿਛਲੀ ਅਕਤੂਬਰ ਵਿੱਚ ਉਹਨਾਂ ਵੱਲੋਂ ਸਰੀ ਵਿੱਚ ਕਰਵਾਏ ਗਏ ਸੰਮੇਲਨ ਵਿੱਚ ਹੋਈ ਸੀ । ਉਹ ਸੰਮੇਲਨ ਇੱਕ ਭਰਿਆ ਮੇਲਾ ਸੀ ਜਿਸ ਵਿੱਚ ਆਸਟਰੇਲੀਆ, ਭਾਰਤ, ਪਾਕਿਸਤਾਨ,ਇਟਲੀ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚੋਂ ਅਨੇਕਾਂ ਲੇਖਕ ਸ਼ਾਮਲ ਹੋਏ ਸਨ । ਉਸ ਸੰਮੇਲਨ ਵਿੱਚ ਸੁੱਖੀ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਇੰਨੀਆਂ ਮੁਹੱਬਤਾਂ ਦਿੱਤੀਆਂ ਜਿਸ ਦੇ ਨਤੀਜੇ ਵਜੋਂ ਅੱਜ ਉਹ ਸਾਡੇ ਘਰ ਆ ਕੇ ਇਹ ਮੁਹੱਬਤਾਂ ਸੱਭ ਨੂੰ ਵੰਡ ਰਹੇ ਹਨ । ਜਿਵੇਂ ਸੁੱਖੀ ਜੀ ਹਮੇਸ਼ਾਂ ਕਹਿੰਦੇ ਹਨ ਕਿ ਮੈਂ ਤਾਂ ਮੁਹੱਬਤਾਂ ਵੰਡਣ ਲਈ ਅਤੇ ਮਾਂ ਬੋਲੀ ਪੰਜਾਬੀ ਦਾ ਹੋਕਾ ਦੇਣ ਲਈ ਹੀ ਤੁਰਿਆ ਫਿਰਦਾ ਹਾਂ । ਇਹ ਗੱਲ ਬਿਲਕੁਲ ਹੈ ਵੀ ਸੱਚ ਕਿ ਸਿਰਫ ਕੁੱਝ ਦਿਨਾਂ ਦੀ ਫੇਰੀ ਵਿੱਚ , ਇੰਨੇ ਰੁਝੇਵਿਆਂ ਦੇ ਹੁੰਦੇ ਹੋਏ ਵੀ ਅੱਜ ਉਹ ਬਰਮਿੰਘਮ ਤੋਂ ਚੱਲ ਕੇ ਸਾਡੇ ਵਿਹੜੇ ਆਏ ਹਨ ਤੇ ਸਾਡਾ ਮਾਣ ਵਧਾਇਆ ਹੈ ।ਉਹਨਾਂ ਬਲਵਿੰਦਰ ਚਾਹਲ ਜੀ ਦਾ ਵੀ ਧੰਨਵਾਦ ਕੀਤਾ ਜਿਹੜੇ ਸੁੱਖੀ ਜੀ ਨੂੰ ਲੈ ਕੇ ਆਏ ਸਨ ।
ਇਸ ਖ਼ੂਬਸੂਰਤ ਮਿਲਣੀ ਵਿੱਚ ਬਹੁਤ ਹੀ ਖ਼ੂਬਸੂਰਤ ਸ਼ਖਸੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ਵਿੱਚ ਸਾਊਥਾਲ ਸਾਹਿਤ ਕਲਾ ਕੇਂਦਰ ਦੇ ਮਸ਼ਹੂਰ ਸਾਹਿਤਕਾਰ ਸਵਰਗਵਾਸੀ ਸਾਥੀ ਲੁਧਿਆਣਵੀ ਜੀ ਦੀ ਹਮਸਫ਼ਰ ਯਸ਼ ਸਾਥੀ ਜੀ ,ਪ੍ਰਧਾਨ ਕੁਲਵੰਤ ਢਿੱਲੋਂ ਜੀ, ਨਾਵਲਕਾਰ ਮਹਿੰਦਰ ਧਾਲੀਵਾਲ ਜੀ ਤੇ ਉਹਨਾਂ ਦੀ ਹਮਸਫਰ ਭਜਨ ਧਾਲੀਵਾਲ ਜੀ, ਮਸ਼ਹੂਰ ਟੀ ਵੀ ਐਂਕਰ ਤੇ ਕਵਿੱਤਰੀ ਰੂਪ ਦਵਿੰਦਰ ਜੀ ਤੇ ਹਮਸਫਰ ਸੱਨੀ ਮਾਹਲ ਜੀ, ਡਾ. ਜਤਿੰਦਰ ਚੋਪੜਾ ਜੀ ਤੇ ਉਨ੍ਹਾਂ ਦੀ ਹਮਸਫਰ ਪਰਵੀਨ ਚੋਪੜਾ ਜੀ , ਰੇਨੂਕਾ ਜੀ ਤੇ ਮਸ਼ਹੂਰ ਲੇਖਕ ਮਰਹੂਮ ਅਵਤਾਰ ਜੰਡਿਆਲਵੀ ਜੀ ਦੇ ਜਵਾਈ ਮਾਈਕਲ ਜੀ , ਬਲਵਿੰਦਰ ਚਾਹਲ ਜੀ ਸ਼ਾਮਲ ਸਨ ।
ਅੰਤ ਵਿੱਚ ਗੁਰਚਰਨ ਸੱਗੂ ਨੇ ਆਏ ਮਹਿਮਾਨਾਂ ਦਾ ਫਿਰ ਇੱਕ ਵਾਰ ਧੰਨਵਾਦ ਕੀਤਾ ਅਤੇ ਖਾਸ ਕਰਕੇ ਸੁੱਖੀ ਬਾਠ ਜੀ ਦਾ ਜਿਨ੍ਹਾਂ ਦੀ ਬਦੌਲਤ ਇਹ ਖ਼ੂਬਸੂਰਤ ਮਿਲਣੀ ਇੱਕ ਯਾਦਗਰੀ ਹੋ ਗਈ ।
ਮਿਲਣੀ ਦੇ ਅੰਤ ਵਿੱਚ ਰਾਣੀ ਸੱਗੂ ਵੱਲੋਂ ਬਣਾਏ ਖਾਣੇ ਨੇ ਇਸ ਮਹਿਫ਼ਲ ਨੂੰ ਹੋਰ ਵੀ ਸੁਆਦੀ ਬਣਾ ਦਿੱਤਾ ।
ਰਿਪੋਰਟ