ਬਜ਼ਾਰ ਤੇ ਵਪਾਰਿਕ ਅਦਾਰੇ ਪੂਰੀ ਤਰਾਂ ਰਹੇ ਬੰਦ
ਕਰਨ ਭੀਖੀ
ਭੀਖੀ, 30 ਦਸੰਬਰ
ਸਯੁਕਤ ਕਿਸਾਨ ਮੋਰਚੇ ਵੱਲੋਂ ਲੜੇ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਐੱਮ.ਐੱਸ.ਪੀ. ਸਮੇਤ ਹੋਰ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਖਾਤਰ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਉਸਦੀਆਂ ਹਿਮਾਈਤੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਭੀਖੀ ਵਿਖੇ ਪੂਰਨ ਸਮਰਥਨ ਮਿਲਿਆ।ਅੱਜ ਸਵੇਰੇ ਅੱਠ ਵਜੇ ਤੋਂ ਹੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਸਿੱਧੁਪੁਰ) ਦੇ ਆਗੂਆਂ ਨੇ ਸਥਾਨਕ ਬਰਨਾਲਾ ਚੌਂਕ ‘ਚ ਧਰਨਾ ਮਾਰ ਦਿਤਾ ਤੇ ਆਵਾਜਾਈ ਠੱਪ ਕਰ ਦਿੱਤੀ।ਸਿਰਫ ਐਮਰਜੈਂਸੀ ਸੇਵਾਵਾਂ ਛੱਡ ਕੇ ਕਸਬੇ ਦੇ ਬਜਾਰ ਪੂਰਨ ਰੂਪ ‘ਚ ਬੰਦ ਰਹੇ।ਧਰਨੇ ਨੰੁ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਗੁਰਚਰਨ ਸਿੰਘ ਭੀਖੀ, ਜਰਨੈਲ ਸਿੰਘ ਹੋਡਲਾ ਕਲਾਂ, ਜੁਗਰਾਜ ਸਿੰਘ ਹੀਰੋਂ ਕਲਾਂ, ਗੁਰਨਾਮ ਸਿੰਘ ਗਾਮਾ ਭੀਖੀ, ਬਲਜੀਤ ਸਿੰਘ ਅਤਲਾ ਬਿਜਲੀ ਮੁਜਾਜ਼ਮ ਸੁਦਾਗਰ ਸਿੰਘ ਤੇ ਹੋਰਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ, ਪਰ ਕਿਸਾਨ ਆਪਣੀਆਂ ਹੱਕੀ ਮੰਗਾਂ ਮਨਵਾਕੇ ਹੀ ਰਹਿਣਗੇ, ਭਾਵੇਂ ਉਨ੍ਹਾਂ ਨੂੰ ਜੋ ਕੁਰਬਾਨੀ ਦੇਣੀ ਪਈ, ਉਹ ਪਿੱਛੇ ਨਹੀਂ ਹਟਣਗੇ।ਆਗੂਆਂ ਨੇ ਵੱਖ ਵੱਖ ਰਾਜਨੀਤਿਕ ਦਲਾਂ ਦੀ ਇਸ ਲਈ ਨਿਖੇਧੀ ਕੀਤੀ ਕਿ ਜਦੋਂ ਤਾਂ ਉਨਾਂ ਨੂੰ ਕਿਸਾਨਾਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਝੱਟ ਸਾਰੇ ਦਲ ਉਨ੍ਹਾਂ ਦੇ ਅੱਗੇ ਪਿੱਛੇ ਫਿਰਦੇ ਹਨ, ਪਰ ਅੱਜ ਜਦੋਂ ਕਿਸਾਨਾਂ ਨੂੰ ਉਂਨ੍ਹਾਂ ਦੀ ਜਰੂਰਤ ਹੈ ਤਾਂ ਕਿਸਾਨੀ ਮੰਗਾਂ ਲਈ ਨਾਂ ਤਾਂ ਕਿਸੇ ਪਾਰਟੀ ਲੀਡਰਾਂ ਨੇ ਕਿਸਾਨਾਂ ਦੇ ਧਰਨੇ ‘ਚ ਆਉਣਾ ਮੁਨਾਸ਼ਿਫ ਸਮਝਿਆ, ਬਲਕਿ ਹਾਅ ਦਾ ਨਾਅਰਾ ਵੀ ਨਹੀਂ ਦਿੱਤਾ। ਜਥੇਬੰਦੀ ਨੇ ਡੱਲੇਵਾਲ ਦੇ ਮਰਨ ਵਰਤ ‘ਤੇ ਬੈਠਣ ‘ਤੇ ਉਸਦਾ ਸਾਥ ਨਾ ਦੇਣ ‘ਤੇ ਸਯੁਕਤ ਕਿਸਾਨ ਮੋਰਚੇ ਦੀ ਨਿਖੇਧੀ ਵੀ ਕੀਤੀ।ਬੰਦ ਕਾਰਨ ਭਾਵੇਂ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਭੀਖੀ ਪੁਲੀਸ ਵੱਲੋਂ ਬਦਲਵੇਂ ਰਸਤੇ ਰਾਹੀਂ ਜਾਣ ‘ਚ ਲੋਕਾਂ ਦੀ ਮਦਦ ਕੀਤੀ ਤੇ ਬੁਹਤ ਹੀ ਜਰੂਰੀ ਕੰਮ ਹੋਣ ‘ਤੇ ਕਿਸਾਨ ਜਥੇਬੰਦੀ ਨੇ ਵੀ ਲੋਕਾਂ ਦਾ ਸਾਥ ਦਿੱਤਾ। ਬੰਦ ਦਾ ਪੂਰਨ ਸਮਰਥਨ ਦੇਣ ‘ਤੇ ਕਿਸਾਨ ਆਗੂਆਂ ਨੇ ਦੁਕਾਨਾਦਾਰਾਂ ਤੇ ਵਪਾਰਿਕ ਅਦਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।