– 24,451 ਪੋਲਿੰਗ ਸਟੇਸ਼ਨਾਂ ‘ਤੇ 2.14 ਕਰੋੜ ਤੋਂ ਵੱਧ ਵੋਟਰ ਪਾਉਣਗੇ ਆਪਣੀ ਵੋਟ
– ਵੋਟਰਾਂ ਲਈ ਵਿਆਪਕ ਸਹੂਲਤਾਂ ਅਤੇ ਠੋਸ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ
– ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਮਾਡਲ, ਹਰੇ ਤੇ ਗੁਲਾਬੀ, ਯੂਥ ਅਤੇ ਦਿਵਿਆਂਗ ਪ੍ਰਬੰਧਿਤ ਬੂਥਾਂ ਦਾ ਪ੍ਰਬੰਧ
– ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ‘ਤੇ ਲਗਾਈ ਜਾਵੇਗੀ ‘ਛਬੀਲ’
– ਪਾਰਦਰਸ਼ੀ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ 100 ਫੀਸਦ ਲਾਈਵ ਵੈਬਕਾਸਟਿੰਗ ਅਤੇ ਸੀ.ਸੀ.ਟੀ.ਵੀ. ਦੀ ਸਹੂਲਤ
– ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ: ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ
ਚੰਡੀਗੜ੍ਹ, 31 ਮਈ, ਦੇਸ ਪੰਜਾਬ ਬਿਊਰੋ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸੂਬੇ ਵਿੱਚ ਚੋਣਾਂ ਲਈ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਚੋਣਾਂ ਤੋਂ ਪਹਿਲੇ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ‘ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ ‘ਤੇ ਹੋਵੇਗੀ।
ਘਰ ਤੋਂ ਵੋਟਿੰਗ ਦੀ ਸਹੂਲਤ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 9239 ਦੇ ਵੋਟਰਾਂ ਅਤੇ 4530 ਦਿਵਿਆਂਗ ਵੋਟਰਾਂ ਨੂੰ ਮਿਲਾ ਕੇ ਕੁੱਲ 13,769 ਵੋਟਰਾਂ ਪਾਸੋਂ ਘਰ ਤੋਂ ਵੋਟ ਦੀ ਸਹੂਲਤ ਸਬੰਧੀ ਸਹਿਮਤੀ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿੱਚੋਂ 85 ਸਾਲ ਤੋਂ ਵੱਧ ਉਮਰ ਦੇ 8640 ਅਤੇ 4203 ਦਿਵਿਆਂਗ ਵੋਟਰਾਂ ਸਮੇਤ ਕੁੱਲ 12,843 ਵੋਟਰਾਂ ਨੇ 30 ਮਈ ਤੱਕ ਆਪਣੀ ਵੋਟ ਪਾ ਲਈ ਹੈ।
ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।
ਮੁੱਖ ਚੋਣ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੋਲਿੰਗ ਸਟਾਫ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਆਸ਼ਾ ਵਰਕਰਾਂ ਨੂੰ ਐਮਰਜੈਂਸੀ ਮੈਡੀਕਲ ਹਾਲਾਤਾਂ ਨਾਲ ਨਜਿੱਠਣ ਲਈ ਪੋਲਿੰਗ ਸਟੇਸ਼ਨਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨ ‘ਤੇ ਫਸਟ ਏਡ ਕਿੱਟਾਂ, ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਓ.ਆਰ.ਐਸ. ਘੋਲ), ਸ਼ੂਗਰ ਕੈਂਡੀਜ਼, ਦਵਾਈਆਂ ਅਤੇ ਮੱਲ੍ਹਮ-ਪੱਟੀਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ‘ਤੇ ‘ਛਬੀਲ’ ਵੀ ਲਗਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵਿਆਂਗ ਵੋਟਰ, ਜਿਨ੍ਹਾਂ ਨੇ ਹੋਮ ਵੋਟਿੰਗ (ਘਰ ਤੋਂ ਵੋਟ) ਸਹੂਲਤ ਦੀ ਚੋਣ ਨਹੀਂ ਕੀਤੀ, ਉਹ ਸਕਸ਼ਮ ਐਪਲੀਕੇਸ਼ਨ ‘ਤੇ ਰਜਿਸਟਰ ਕਰਕੇ ‘ਪਿਕ ਐਂਡ ਡਰਾਪ ਸੁਵਿਧਾ’ (ਘਰੋਂ ਲਿਜਾਣ ਅਤੇ ਛੱਡਣ) ਲੈ ਸਕਦੇ ਹਨ।
ਸਿਬਿਨ ਸੀ ਨੇ ਤਫ਼ਸੀਲ ਨਾਲ ਦੱਸਿਆ ਕਿ 24 ਸੈਂਟਰਲ ਅਤੇ ਸਟੇਟ ਐਨਫੋਰਸਮੈਂਟ ਏਜੰਸੀਆਂ, ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣ ਵਾਲੀ ਨਗਦੀ, ਸ਼ਰਾਬ ਅਤੇ ਹੋਰ ਚੀਜ਼ਾਂ ਨੂੰ ਜ਼ਬਤ ਕਰਨ ਲਈ ਸਰਗਰਮੀ ਨਾਲ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 30 ਮਈ ਤੱਕ ਸੂਬੇ ਵਿੱਚ 801.47 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 26.89 ਕਰੋੜ ਰੁਪਏ ਦੀ ਨਗਦੀ, 26.75 ਕਰੋੜ ਰੁਪਏ ਦੀ ਸ਼ਰਾਬ, 716.78 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.86 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਤੋਂ ਇਲਾਵਾ 7.17 ਕਰੋੜ ਰੁਪਏ ਦੀਆਂ ਹੋਰ ਵਸਤਾਂ ਸ਼ਾਮਲ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 14643 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ 100 ਮਿੰਟ ਦੀ ਸਮਾਂ-ਸੀਮਾ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਔਸਤਨ 32.50 ਮਿੰਟ ਦੇ ਸਮੇਂ ਅੰਦਰ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਬਾਰੇ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਟਰਾਂਗ ਰੂਮਾਂ ਦੇ ਬਾਹਰ ਅਰਧ ਸੈਨਿਕ ਬਲ ਅਤੇ ਹੋਰ ਸੁਰੱਖਿਆ ਟੀਮਾਂ 24 ਘੰਟੇ ਤਾਇਨਾਤ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਡਬਲ ਲਾਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਫੁਟੇਜ ਲਈ ਹਰੇਕ ਸਟਰਾਂਗ ਰੂਮ ਦੇ ਬਾਹਰ ਐਲ.ਈ.ਡੀ. ਸਕਰੀਨਾਂ ਲਗਾਈਆਂ ਗਈਆਂ ਹਨ। ਸਾਰੇ ਪ੍ਰੋਟੋਕੋਲਾਂ ਦੀ ਢੁੱਕਵੇਂ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਸਟਰਾਂਗ ਰੂਮਾਂ ਦਾ ਰੋਜ਼ਾਨਾ ਆਧਾਰ ‘ਤੇ ਨਿਰੀਖਣ ਕੀਤਾ ਜਾਵੇਗਾ।
ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਸੂਬੇ ਵਿੱਚ ਸੁਰੱਖਿਅਤ ਹਾਲਾਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ 55039 ਜਵਾਨ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਹੰਗਾਮੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਨੂੰ 2098 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨਾਲ 1 ਹੈਡ-ਕਾਂਸਟੇਬਲ ਅਤੇ 3 ਕਾਂਸਟੇਬਲਾਂ ਦੀ ਸ਼ਮੂਲੀਅਤ ਵਾਲੀ ਪੈਟਰੋਲਿੰਗ ਪਾਰਟੀ ਹਰ ਸਮੇਂ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦਰਮਿਆਨ ਬਿਹਤਰ ਸੰਚਾਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਨੂੰ 20 ਵਾਟਸ ਦੇ 3496 ਵਾਧੂ ਵਾਇਰਲੈੱਸ ਸੈੱਟ ਅਤੇ 8385 ਵਾਇਰਲੈੱਸ ਵਾਕੀ-ਟਾਕੀ ਸੈੱਟ ਮੁਹੱਈਆ ਕਰਵਾਏ ਗਏ ਹਨ।
ਸਿਬਿਨ ਸੀ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ “ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।