—-ਪੰਜਾਬ ਦੇ ਕਾਲੇ ਦੌਰ ਬਾਰੇ ਬਹੁਤ ਸਾਰੇ ਭਰਮ/ਭੁਲੇਖੇ, ਅਨੁਮਾਨ ਅਤੇ ਆਪੇ ਘੜੀਆਂ ਵਿਆਖਿਆਵਾਂ ਪੜ੍ਹਣ/ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਬਹੁਤੇ ਕਿਤਾਬੀ ਪੰਨੇ, ਫ਼ਿਲਮੀ ਪਰਦੇ ਅਤੇ ਅਖੌਤੀ ਅਖਿਆਣ ਕਾਲੇ ਦੌਰ ਦੀ ਅਸਲ ਤਸਵੀਰ ਦਾ ਇੱਕ ਪਾਸਾ ਜਾਂ ਅਧੂਰਾ ਪਾਸਾ ਦਿਖਾਉਣ ਤੀਕ ਹੀ ਸੀਮਿਤ ਹਨ। ਇਮਤਿਆਜ਼ ਅਲੀ ਵੱਲੋਂ ਚਮਕੀਲੇ ਬਾਰੇ ਬਣਾਈ ਗਈ ਫ਼ਿਲਮ ਨੇ ਫਿਰ ਪੰਜਾਬੀ ਭਾਈਚਾਰੇ ਵਿਚ ਅਜਿਹੀਆਂ ਚਰਚਾਵਾਂ ਨੂੰ ਮੁੜ ਛੇੜਿਆ ਹੈ। ਸੰਨ੍ਹ 1986 ਵਿਚ ਅੰਮ੍ਰਿਤਸਰ ਵਿਖੇ ਹੋਏ ਸਰਬੱਤ ਖ਼ਾਲਸੇ ਵਿਚ ਖਾੜਕੂ ਧਿਰਾਂ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕਰਦਿਆਂ ਖਾਲਿਸਤਾਨ ਦੇ ਮਾਡਲ ਦੀ ਝਲਕ ਹਕੀਕਤ ਵਿਚ ਵਿਖਾਉਣ ਲਈ ਇੱਕ ਮੁਹਿੰਮ ਅਰੰਭੀ ਸੀ। ਇਸ ਲਈ ਪਹਿਲਾਂ ਇੱਕ ਅਤੇ ਫਿਰ ਦੋ ਪੰਥਕ ਕਮੇਟੀਆਂ, ਖਾੜਕੂ ਧਿਰਾਂ ਦੀਆਂ ਛਾਤਾ-ਸੰਸਥਾਵਾਂ ਵਜੋਂ ਸੁਰਖ਼ੀਆਂ ਵਿਚ ਆਈਆਂ ਸਨ। ਪਹਿਲੀ ਪੰਥਕ ਕਮੇਟੀ 26 ਜਨਵਰੀ 1986 ਨੂੰ ਬਣਾਈ ਗਈ, ਜਿਸ ਵਿਚ ਭਾਈ ਗੁਰਬਚਨ ਸਿੰਘ ਮਾਨੋਚਾਹਲ, ਵੱਸਣ ਸਿੰਘ ਜ਼ਫਰਵਾਲ, ਭਾਈ ਧੰਨਾ ਸਿੰਘ, ਅਰੂੜ ਸਿੰਘ ਅਤੇ ਗੁਰਦੇਵ ਸਿੰਘ ਉਸਮਾਨਵਾਲਾ ਪੰਜ ਮੈਂਬਰ ਸ਼ਾਮਲ ਸਨ। ਇਸ ਸਮੇਂ ਪੂਰੇ ਪੰਜਾਬ ਵਿਚ ਚਮਕੀਲਾ ਛਾਇਆ ਹੋਇਆ ਸੀ। ਬੱਸਾਂ, ਬੰਬੀਆਂ, ਕਾਲਜਾਂ, ਗਲੀਆਂ-ਬਜ਼ਾਰਾਂ ਵਿਚ ਚਮਕੀਲੇ ਦੇ ਗੀਤ ਆਮ ਹੀ ਸੁਨਣ ਨੂੰ ਮਿਲਦੇ ਸਨ। ਸਮਕਾਲੀ ਗਾਇਕਾਂ ਦੇ ਮੁਕਾਬਲੇ ਉਹਦੇ ਗੀਤ ਜ਼ਿਆਦਾ ਮਕਬੂਲ ਸਨ। ਇਹਨਾਂ ਵਿਚ ਲੋਕ ਮੁਹਾਵਰੇ/ਅਖੌਤਾਂ ਦੀ ਐਨੀ ਖ਼ੂਬਸੂਰਤੀ ਨਾਲ ਵਰਤੋਂ ਕੀਤੀ ਗਈ ਸੀ ਕਿ ਉਸ ਦੇ ਗੀਤ ਲੋਕ ਦਿਲਾਂ ਵਿਚ ਉੱਤਰਦੇ ਜਾਂਦੇ ਸਨ। ਚਮਕੀਲੇ ਨੇ ਗੀਤਾਂ ਵਿਚ Attitude Set ਕਰਨ ਦੀ ਜੋ ਸ਼ੈਲੀ ਅਪਣਾਈ ਸੀ, ਉਹ ਜੱਟਵਾਦ ਅਤੇ ਮਰਦਾਵੀਂ ਅਜਾਰੇਦਾਰੀ ਨੂੰ ਬਹੁਤ ਫਿੱਟ ਬਹਿੰਦੀ ਸੀ। ਕੁਝ ਕੁ ਸਾਲਾਂ ਵਿਚ ਚਮਕੀਲੇ ਨੇ ਗਾਇਕੀ ਦੇ ਖੇਤਰ ਵਿਚ ਆਪਣੀ ਅਲੱਗ ਛਵੀ ਸਥਾਪਿਤ ਕਰ ਲਈ। ਉਸ ਦੀ ਚੜ੍ਹਤ ਦੇ ਨਾਲ ਨਾਲ ਪੰਜਾਬ ਵਿਚ ਅੱਤਵਾਦ ਵੀ ਚੜ੍ਹਤ ਵੱਲ ਵੱਧ ਰਿਹਾ ਸੀ। ਪੰਥਕ ਕਮੇਟੀ ਦੇ ਗਠਨ ਤੋਂ ਬਾਅਦ ਪੰਜਾਬ ਵਿੱਚ ਲੱਚਰ ਗਾਇਕੀ ਬਾਰੇ ਖਾੜਕੂਆਂ ਦੇ ਬਿਆਨ ਆਉਣ ਲੱਗ ਪਏ। ਚਮਕੀਲੇ ਨੂੰ ਵੱਖ ਵੱਖ ਗਰੁਪਾਂ ਵੱਲੋਂ ਧਮਕੀਆਂ ਮਿਲਣ ਲੱਗ ਪਈਆਂ। ਉਸ ਨੇ ਦਰਬਾਰ ਸਾਹਿਬ ਜਾ ਕੇ ਪੰਥਕ ਕਮੇਟੀ ਨੂੰ ਮਿਲਣ ਦਾ ਫ਼ੈਸਲਾ ਲਿਆ। ਸੰਨ੍ਹ 1986 ਵਿਚ ਪਰਕਰਮਾ ਦੇ ਕਮਰਾ ਨੰਬਰ 42 ਵਿਚ ਉਹ ਬਾਬਾ ਮਾਨੋਚਾਹਲ ਦੀ ਅਗਵਾਈ ਹੇਠ ਤਕਰੀਬਨ ਸਾਰੇ ਮੁੱਖ ਮੈਂਬਰਾਂ ਦੇ ਸਨਮੁਖ ਪੇਸ਼ ਹੋਇਆ। ਉਸ ਨੇ 5100 ਰੁਪੈ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਖਾੜਕੂਆਂ ਦੇ ਕਹਿਣ ਉੱਤੇ ਧਾਰਮਿਕ ਗੀਤ ਗਾਉਣ ਦੀ ਹਾਮੀ ਵੀ ਭਰੀ ਅਤੇ ਬਾਅਦ ਵਿਚ ਧਾਰਮਿਕ ਗੀਤਾਂ ਦੀਆਂ ਦੋ ਟੇਪਾਂ ਵੀ ਕਰਵਾਈਆਂ ਸਨ। ਪਰ ਇਸ ਦੇ ਨਾਲ ਨਾਲ ਦੇਸ਼-ਵਿਦੇਸ਼ ਵਿਚ ਉਸਦੇ ਰਵਾਇਤੀ ਅਖਾੜੇ ਬਿਨਾ ਕਿਸੇ ਡਰ ਦੇ ਚੱਲਦੇ ਰਹੇ। ਪੰਜਾਬ ਵਿਚ ਉਦੋਂ ਖਾੜਕੂਆਂ ਦੀ ਇੱਕ ਹੀ ਧਿਰ ਸੀ। ਫਿਰ ਜਲਦੀ ਹੀ ਅਰੂੜ ਸਿੰਘ ਨੇ ਇਸ ਪੰਥਕ ਕਮੇਟੀ ਵਿੱਚੋਂ ਨਿਕਲ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾ ਲਈ ਅਤੇ ਬੱਬਰ ਖ਼ਾਲਸਾ ਨਾਲ ਗੱਠ-ਜੋੜ ਕਰ ਲਿਆ। ਸੁਖਵਿੰਦਰ ਸਿੰਘ ਸੰਘੇ ਨੇ ਮਾਨੋਚਾਹਲ ਦਾ ਭਰਾ ਮਾਰ ਦਿੱਤਾ ਤੇ ਉਸ ਨੇ ਵੀ ਅਲੱਗ ਭਿੰਡਰਾਂਵਾਲਾ ਟਾਈਗਰ ਫੋਰਸ ਬਣਾ ਕੇ ਬੱਬਰ ਖ਼ਾਲਸਾ ਨਾਲ ਨਾਤਾ ਜੋੜ ਲਿਆ। ਇਸ ਸਮੇਂ ਦੌਰਾਨ ਹੀ ਮਨਬੀਰ ਸਿੰਘ ਚਹੇੜੂ ਨੇ ਖਾਲਿਸਤਾਨ ਕਮਾਂਡੋ ਫੋਰਸ ਬਣਾ ਕੇ ਬੱਬਰ ਖ਼ਾਲਸਾ ਨਾਲ ਸਾਂਝ ਪਾ ਲਈ। ਗੁਰਜੀਤ ਸਿੰਘ ਹਰੀਹਰ ਝੋਕ/ਦਲਜੀਤ ਸਿੰਘ ਬਿੱਟੂ ਵਾਲੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਚੌਥੀ ਜਥੇਬੰਦੀ ਵਜੋਂ ਇਸ ਗਰੁੱਪ ਵਿਚ ਸ਼ਮੂਲੀਅਤ ਕੀਤੀ ਅਤੇ ਪੰਜਵੀਂ ਧਿਰ ਵਜੋਂ ਡਾਕਟਰ ਸੋਹਣ ਸਿੰਘ ਪੰਥਕ ਕਮੇਟੀ ਇਸ ਦਾ ਹਿੱਸਾ ਬਣ ਗਈ। ਇੰਜ ਇਸ ਗਰੁਪ ਨੂੰ (ਪੰਜ ਜਥੇਬੰਦੀਆਂ) ਕਿਹਾ ਜਾਣ ਲੱਗਾ। ਸਰਬੱਤ ਖ਼ਾਲਸੇ ਤੋਂ ਬਾਅਦ ਇਕਦਮ ਪੰਜਾਬ ਵਿਚ ਕਤਲੋਗਾਰਤ ਦੀਆਂ ਗਤੀਵਿਧੀਆਂ ਵੱਧ ਗਈਆਂ। ਸਰਹੱਦ ਪਾਰ ਤੋਂ ਅਸਲਾ ਪੰਜਾਬ ਵਿਚ ਆਉਣ ਲੱਗ ਪਿਆ। 1987 ਵਿਚ ਏ ਕੇ ਸੰਤਾਲੀਆਂ ਦੀ ਪਹਿਲੀ ਖੇਪ ਪੰਜਾਬ ਵਿਚ ਪਹੁੰਚੀ ਤਾਂ ਘਰ ਘਰ ਸੱਥਰ ਵਿਛਣ ਲੱਗੇ।
ਸਾਕਾ ਨੀਲਾ ਤਾਰਾ ਤੋਂ ਬਾਅਦ ਛਲਣੀ ਹੋਈ ਸਿੱਖ ਮਾਨਸਿਕਤਾ ਹਥਿਆਰਬੰਦ ਸੰਘਰਸ਼ ਲਈ ਆਧਾਰ ਬਣ ਚੁੱਕੀ ਸੀ। ਇਸ ਰੋਹ ਨੂੰ ਬੌਧਿਕ ਤੌਰ ਤੇ ਵਰਤਣ ਲਈ ਇੱਕ ਬੁੱਧੀ-ਜੀਵੀ ਦਸਤਾ ਹੋਂਦ ਵਿਚ ਆ ਗਿਆ। ਡਾ. ਸੋਹਣ ਸਿੰਘ ਜੋ ਕਿ ਪੰਜਾਬ ਸਿਹਤ ਵਿਭਾਗ ਦਾ ਰਿਟਾਇਰ ਡਾਇਰੈਕਟਰ ਸੀ, ਇਸ ਗਰੁਪ ਦਾ ਸਰਗਨਾ ਬਣ ਕੇ ਦਿਸ਼ਾ ਨਿਰਦੇਸ਼ ਜਾਰੀ ਕਰਿਆ ਕਰਦਾ ਸੀ। ਇਹ ਮੁਹਿੰਮ ਇੱਕ ਤਰ੍ਹਾਂ ਨਾਲ ਭਵਿੱਖ ਵਿਚ ਬਣਨ ਵਾਲੇ ਖਾਲਿਸਤਾਨ ਦੀ ਰੂਪ-ਰੇਖਾ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਜਾਰੀ ਹੋਈਆਂ ਚੇਤਾਵਨੀਆਂ ਮੁਤਾਬਕ ਟੀ ਵੀ ਉੱਤੇ ਰਮਾਇਣ ਵੇਖਣ ਦੀ ਮਨਾਹੀ ਕੀਤੀ ਗਈ, ਸਕੂਲਾਂ ਵਿਚ ਰਾਸ਼ਟਰੀ ਗੀਤ ਦੀ ਬਜਾਏ ‘ਦੇਹ ਸਿਵਾ ਬਰੁ ਮੋਹਿ ਇਹੈ’ ਲਾਗੂ ਕਰਨ ਲਈ ਕਿਹਾ ਗਿਆ। ਸਕੂਲਾਂ ਵਿਚ ਬੱਚਿਆਂ ਦੀਆਂ ਵਰਦੀਆਂ ਨੀਲੀਆਂ ਪੈਂਟਾਂ/ਨਿੱਕਰਾਂ/ਸਲਵਾਰਾਂ ਅਤੇ ਚਿੱਟੇ ਕਮੀਜ਼ ਪਾਉਣੇ ਨਿਰਧਾਰਿਤ ਕੀਤੇ ਗਏ। ਇਨ੍ਹਾਂ ਤਾਲਿਬਾਨੀ ਫੁਰਮਾਨਾਂ ਨੂੰ ਹੋਰ ਨਿਯਮਬੱਧ ਕਰਦਿਆਂ ਖਾਲਿਸਤਾਨੀ ਸਿਵਲ ਕੋਡ (ਪ੍ਰੋਗਰਾਮ ਤੇਰਾਂ ਨੁਕਾਤੀ) ਲਾਗੂ ਕੀਤਾ ਗਿਆ। ਇਨ੍ਹਾਂ 13 ਨੁਕਤਿਆਂ ਨੂੰ ਨਾ ਮੰਨਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਨਾ ਸਿਰਫ ਚੇਤਾਵਨੀ ਦਿੱਤੀ ਗਈ, ਸਗੋਂ ਪਿੰਡਾਂ/ਕਸਬਿਆਂ ਵਿਚ ਮਿਸਾਲੀ ਸਜ਼ਾਵਾਂ ਵੀ ਦਿੱਤੀਆਂ ਗਈਆਂ। ਕੇ ਪੀ ਐੱਸ ਗਿੱਲ ਵੱਲੋਂ ਪੁਲਸ ਦੀ ਵਾਗਡੋਰ ਸੰਭਾਲਣ ਤੀਕ ਪੰਜਾਬ ਪੁਲਸ ਦਾ ਮਨੋਬਲ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਪੁਲਸ ਵਿਚ ਨਵੀਂ ਭਰਤੀ ਨੂੰ ਰੋਕਣ ਲਈ ਐਲਾਨ ਕੀਤਾ ਗਿਆ ਕਿ ਜੋ ਵੀ ਪੁਲਸ ਵਿਚ ਭਰਤੀ ਹੋਵੇਗਾ, ਉਸਦਾ ਪੂਰਾ ਪਰਿਵਾਰ ਮਾਰਿਆ ਜਾਵੇਗਾ। ਇਸ ਦੇ ਤਹਿਤ ਬਹੁਤ ਸਾਰੇ ਪੁਲਸ ਵਾਲਿਆਂ ਦੇ ਪਰਿਵਾਰ ਮਾਰੇ ਵੀ ਗਏ। ਪੁਲਸ ਕੋਲ ਰਵਾਇਤੀ ਐੱਸ ਐੱਲ ਆਰ ਅਤੇ ਥਰੀ ਨੱਟ ਥਰੀ ਵਰਗੇ ਹਥਿਆਰ ਸਨ, ਜੋ ਏ ਕੇ ਸੰਤਾਲੀਆਂ ਮੂਹਰੇ ਮੁਕਾਬਲਾ ਕਰਨ ਜੋਗੇ ਨਹੀਂ ਸਨ। ਸਾਰੇ ਥਾਣੇ ਵਿਚ ਇਕ ਜੀਪ ਅਤੇ ਇਕ-ਦੋ ਮੋਟਰਸਾਈਕਲ ਹੋਇਆ ਕਰਦੇ ਸਨ। ਅਜਿਹੀਆਂ ਕਮਜ਼ੋਰ ਹਾਲਤਾਂ ਵਿਚ ਖਾੜਕੂ ਧਿਰਾਂ ਦੇ ਹੌਂਸਲੇ ਬਹੁਤ ਮਜ਼ਬੂਤ ਸਨ। ਪ੍ਰੋਗਰਾਮ ਤੇਰਾਂ ਨੁਕਾਤੀ ਬਾਰੇ ਇੱਕ ਕਵੀਸ਼ਰ ਜੱਥੇ ਨੇ ਟੇਪ ਵੀ ਕੱਢੀ ਹੋਈ ਸੀ, ਜੋ ਉਸ ਸਮੇਂ ਪੰਜਾਬ ਦੇ ਘਰ ਘਰ ਵੱਜਿਆ ਕਰਦੀ ਸੀ। ਇਸ ਗੀਤ ਦੇ ਕੁੱਝ ਅੰਸ਼ ਇਸ ਪ੍ਰਕਾਰ ਸਨ :
ਇਹ ਪ੍ਰੋਗਰਾਮ ਤੇਰਾਂ ਨੁਕਾਤੀ ਹੈ, ਸਭ 11 ਜਾਣ ਬਰਾਤੀ ਹੈ
ਵਾਧੂਆਂ ਨੂੰ ਫਿਰਨੀ ਹਾਕੀ ਹੈ, ਫਿਰ ਵਿਚ ਛਟਾਲੇ ਲੇਟਣਗੇ,
ਸਭ ਲੋਕ ਤਮਾਸ਼ਾ ਵੇਖਣਗੇ, ਇਹ ਕਈਆਂ ਦੇ ਨਾਲ ਬੀਤੀ ਏ,
ਸਿੰਘਾਂ ਨੇ ਵਾਰਨਿੰਗ…….ਯੋਧਿਆਂ ਨੇ ਵਾਰਨਿੰਗ ਕੀਤੀ ਏ !
ਛੱਡਣਾ ਨਹੀਂ ਚਮਕੀਲੇ ਨੂੰ, ਰਮਲੇ ਦੇ ਨਾਲ ਰੰਗੀਲੇ ਨੂੰ,
ਮਾਨ ਦੀ ਮਸਤੀ ਲਾਹਵਾਂਗੇ, ਛਿੰਦਾ ਨੂੰ ਗੋਡਾ ਵਾਹਵਾਂਗੇ,
ਇਸ ਮਾਮਲੇ ਵਿਚ ਪੰਜ ਜਥੇਬੰਦੀਆਂ ਨੇ ਤੇਰਾਂ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਨਸੀਅਤ ਦੇਣ ਵਜੋਂ 1988 ਵਿਚ ਤਿੰਨ ਵਿਸ਼ੇਸ਼ ਕਤਲ ਕੀਤੇ। ਅਜਿਹੇ ਦਹਿਸ਼ਤ ਭਰੇ ਸਮਿਆਂ ਵਿਚ ਵੀ ਚਮਕੀਲਾ ਆਪਣੇ ਅਖਾੜੇ ਨਿਡਰ ਹੋ ਕੇ ਲਾ ਰਿਹਾ ਸੀ। ਵਰਿੰਦਰ ਆਪਣੀਆਂ ਨਵੀਆਂ ਫਿਲਮਾਂ ਦੀ ਸ਼ੂਟਿੰਗ ਪਹਿਲਾਂ ਵਾਂਗ ਹੀ ਕਰੀ ਜਾ ਰਿਹਾ ਸੀ। ਓਧਰ ਸਾਹਿਤਿਕ ਪਿੜ ਵਿਚ ਪਾਸ਼ ਕਵਿਤਾਵਾਂ ਰਾਹੀਂ ਅਤੇ ਆਪਣੇ ਪਰਚੇ ਐਂਟੀ 47 ਰਾਹੀਂ ਅੱਤਵਾਦੀਆਂ ਦੀਆਂ ਘਿਣਾਉਣੀਆਂ ਕਾਰਵਾਈਆਂ ਦੇ ਖ਼ਿਲਾਫ਼ ਖੁੱਲ ਕੇ ਲਿਖ ਰਿਹਾ ਸੀ। ਤਿੰਨੇ ਆਪੋ ਆਪਣੇ ਖੇਤਰਾਂ ਦੇ ਪ੍ਰਮੁਖ ਚਿਹਰੇ ਸਨ। ਇਨ੍ਹਾਂ ਤਿੰਨਾਂ ਦੇ ਕਤਲ ਆਪੋ ਆਪਣੇ ਖੇਤਰਾਂ ਦੇ ਆਈਕੋਨ ਬੰਦਿਆਂ ਦੇ ਕਤਲ ਸਨ। ਇਨ੍ਹਾਂ ਕਤਲਾਂ ਨੇ ਪੂਰੇ ਪੰਜਾਬ ਨੂੰ ਨਾ ਸਿਰਫ਼ ਗਹਿਰੇ ਸੋਗ ਵਿਚ ਡੋਬਿਆ, ਬਲਕਿ ਗਾਇਕੀ, ਸਾਹਿਤ ਅਤੇ ਫ਼ਿਲਮੀ ਖੇਤਰ ਲਈ ਇਕ ਹਾਸ਼ੀਆ ਵੀ ਨਿਰਧਾਰਿਤ ਕਰ ਦਿੱਤਾ। ਚੱਲਦਾ………
—Sarbjeet Sohi