ਬਿਮਾਰੀਆਂ ਲਈ ਵਿਅਕਤੀ ਖੁਦ ਜ਼ਿੰਮੇਵਾਰ ਹੈ:-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
ਸੁਖਮੰਦਰ ਹਿੰਮਤਪੁਰਾ
ਪਟਿਆਲਾ,18 ਜਨਵਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਵਿਖੇ ਪ੍ਰਵਾਸੀ ਲੇਖਕ ਸ਼ਿੰਗਾਰਾ ਸਿੰਘ ਢਿੱਲੋਂ ਦੀ ਨਵੀਂ ਪ੍ਰਕਾਸ਼ਿਤ ਪੁਸਤਕ ਮੈਂ ਤੰਦਰੁਸਤ ਕਿਵੇਂ ਹੋਇਆ। ਪੰਜਾਬੀ ਸਾਹਿਤ ਦੀਆਂ ਉੱਘੀਆਂ ਸਖ਼ਸ਼ੀਅਤਾਂ ਵੱਲੋਂ ਇੱਕ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ।
ਪੁਸਤਕ ਬਾਰੇ ਗੱਲਬਾਤ ਕਰਦਿਆਂ ਸ਼ਿੰਗਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪਹਿਲੀ ਪੁਸਤਕ ਹੈ ਜੋ ਕਿਸੇ ਮਰੀਜ਼ ਦੁਆਰਾ ਖੁਦ ਠੀਕ ਹੋਣ ਪਿੱਛੋਂ ਲਿਖੀ ਗਈ ਹੈ, ਬਹੁਤੀਆਂ ਪੁਸਤਕਾਂ ਤਰਜ਼ਰਬਿਆਂ ਤਹਿਤ ਡਾਕਟਰਾਂ ਵੱਲੋਂ ਹੀ ਲਿਖੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਵਿਅਕਤੀ ਖੁਦ ਹੀ ਆਪਣੀ ਸਿਹਤ ਦਾ ਖਿਆਲ ਰੱਖ ਸਕਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਭੋਜਨ ਖਾਣਾ ਹੈ, ਦੂਜਾ ਮਾਨਸਿਕ ਤੰਦਰੁਸਤੀ ਲਈ ਚੰਗਾ ਸਹਿਤ ਪੜ੍ਹਨਾ ਅਤਿ ਜਰੂਰੀ ਹੈ। ਜਦੋਂ ਮਨੁੱਖ ਇਹ ਦੋਵੇਂ ਕੰਮ ਕਰੇਗਾ ਤਾਂ ਉਹ ਹਰ ਪੱਖੋਂ ਨਿਰੋਗ ਰਹੇਗਾ। ਡਾਕਟਰ ਇੱਕ ਚੰਗੀ ਸਲਾਹ ਦੇ ਸਕਦੇ ਹਨ, ਪ੍ਰਹੇਜ਼ ਵਿਅਕਤੀ ਨੇ ਖੁਦ ਕਰਨਾ ਹੁੰਦਾ ਹੈ। ਵੱਡੇ-ਵੱਡੇ ਹਸਪਤਾਲਾਂ ਅੰਦਰ ਜਿਆਦਾਤਰ ਮਨੁੱਖ ਦਾ ਸੋਸ਼ਣ ਹੀ ਕੀਤਾ ਜਾਂਦਾ ਹੈ।
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ.ਭੀਮਇੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸੰਸਾਰ ਪੱਧਰ ‘ਤੇ ਮਨੁੱਖੀ ਜਰੂਰਤਾਂ ਬਹੁਤ ਜਿਆਦਾ ਵੱਧ ਚੁੱਕੀਆਂ ਹਨ, ਖਾਣ-ਪੀਣ ਵੱਲ ਧਿਆਨ ਨਾ ਦੇਣਾ ਮਾਨਸਿਕ ਤੇ ਸਰੀਰਕ ਬਿਮਾਰੀਆਂ ਦਾ ਕਾਰਨ ਬਣਦਾ ਹੈ। ਵੱਡੀਆਂ ਕੰਪਨੀਆਂ ਹੁਣ ਸਾਡੇ ਪਿੰਡਾਂ ਤੱਕ ਪੁੱਜ ਚੁੱਕੀਆਂ ਹਨ, ਸਾਡਾ ਖਾਣ-ਪੀਣ ਉਹ ਤਹਿ ਕਰਦੀਆਂ ਹਨ ਕਿ ਅਸੀਂ ਕੀ ਖਾਣਾ ਤੇ ਪੀਣਾ ਹੈ। ਸਿਹਤਮੰਦ ਖਾਣਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚੋਂ ਮਨਫੀ ਹੁੰਦਾ ਜਾ ਰਿਹਾ ਹੈ, ਪ੍ਰੋ. ਢਿੱਲੋਂ ਹੁਰਾਂ ਪੁਸਤਕ ਇਸ ਤਰ੍ਹਾਂ ਬਾਰੇ ਬਿਆਨ ਕਰਦੀ ਹੈ।
ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਪ੍ਰੋ. ਢਿੱਲੋਂ ਹੁਰਾਂ ਦੀ ਪੁਸਤਕ ਸਮਾਜ ਨੂੰ ਇੱਕ ਨਵੀਂ ਸੇਧ ਦੇਵੇਗੀ। ਸਾਹਿਬਦੀਪ ਪਬਲੀਕੇਸ਼ਨ ਵੱਲੋਂ ਇਹ ਪੁਸਤਕ ਸੁਚੱਜੇ ਢੰਗ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ।
ਲੇਖਕ ਉਜਾਗਰ ਸਿੰਘ ਹੁਰਾਂ ਨੇ ਦੱਸਿਆ ਕਿ ਇਹ ਪੁਸਤਕ ਸਮਾਜ ਨੂੰ ਨਿਰੋਗਤਾ ਪ੍ਰਦਾਨ ਕਰੇਗੀ, ਸਾਹਿਤਕ ਢੰਗ ਨਾਲ ਰਚੀ ਇਸ ਕਿਤਾਬ ਦਾ ਆਮ ਪਾਠਕਾਂ ਉਪਰ ਚੰਗਾ ਪ੍ਰਭਾਵ ਪਵੇਗਾ।
ਮੰਚ ਸੰਚਾਲਕ ਪੱਤਰਕਾਰ ਤੇ ਪ੍ਰਕਾਸ਼ਕ ਕਰਨ ਭੀਖੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ, ਇਸ ਮੌਕੇ ਪੱਤਰਕਾਰ ਹੈਪੀ ਭਗਤਾ, ਸਤਪਾਲ ਬੰਗੇ, ਚਮਕੌਰ ਸਿੰਘ ਸ਼ਾਹਪੁਰ, ਗਗਨ ਸਤੌਜ, ਹਰਜੀਤ ਲਾਂਬਾ, ਬਿੱਟੂ ਚੀਮਾ ਤੋਂ ਇਲਾਵਾ ਖੋਜਾਰਥੀ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕ ਹਸਤੀਆਂ।