28 ਮਾਰਚ (ਗਗਨਦੀਪ ਸਿੰਘ) ਬਠਿੰਡਾ: ਮੁੱਖ ਖੇਤੀਬਾੜੀ ਅਫਸਰ ਸ. ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੌੜ ਮੰਡੀ ਦੇ ਸਮੂਹ ਪੈਸਟੀਸਾਈਡ, ਫਰਟੀਲਾਈਜ਼ਰ ਅਤੇ ਸੀਡਸ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਖਾਦ, ਬੀਜ, ਦਵਾਈ ਦੇ ਪੱਕੇ ਬਿਲ ਦਿੱਤੇ ਜਾਣ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਡੀਲਰਾਂ ਵੱਲੋਂ ਸਟਾਕ ਬੋਰਡ ਲਗਵਾਏ ਜਾਣ ਅਤੇ ਅਧਿਕਾਰ ਪੱਤਰ ਦਰਜ ਕਰਵਾਏ ਜਾਣ। ਬਿਨਾਂ ਬਿੱਲ ਤੋਂ ਕਿਸਾਨਾਂ ਨੂੰ ਖਾਦ, ਦਵਾਈ ਅਤੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਤੋਂ ਬਾਹਰ ਕੋਈ ਵੀ ਦਵਾਈ, ਬੀਜ, ਖਾਦ ਨਾ ਲਈ ਜਾਵੇ। ਪੱਕੇ ਬਿੱਲ ਤੇ ਬੈਚ ਨੰਬਰ, ਟੈਕਨੀਕਲ ਅਤੇ ਮਿਆਦ ਮਿਤੀ ਜਰੂਰ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ ਚੰਨਪ੍ਰੀਤ ਸਿੰਘ ਨੇ ਖਾਦਾਂ ਸਬੰਧੀ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਤੇ ਖਾਦਾਂ ਨਾਲ ਟੈਗਿੰਗ ਨਾ ਕਰਨ ਸਬੰਧੀ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਡੀਲਰ ਵੱਲੋਂ ਖਾਦ ਨਾਲ ਕੋਈ ਵੀ ਵਸਤੂ ਜਬਰਨ ਦਿੱਤੀ ਗਈ ਤਾਂ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ ਅਸਮਾਨਪ੍ਰੀਤ ਸਿੱਧੂ ਨੇ ਕੀੜੇਮਾਰ ਦਵਾਈਆਂ ਬਾਰੇ ਪੂਰੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫਸਰ ਡਾ ਸੁਖਜੀਤ ਸਿੰਘ ਬਾਹੀਆ ਵੱਲੋਂ ਬੀਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਖੇਤੀਬਾੜੀ ਅਫਸਰ ਮੌੜ ਡਾ. ਗੁਰਵਿੰਦਰ ਸਿੰਘ ਸੰਧੂ ਤੇ ਨੁਮਾਇੰਦੇ ਆਦਿ ਹਾਜ਼ਰ ਸਨ।