ਕਬੱਡੀ ਸੁਧਾਰ ਕਮੇਟੀ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
(ਨਾਨਕ ਸਿੰਘ ਖੁਰਮੀ)
ਮਾਨਸਾ 31 ਦਸੰਬਰ: ਮਾਨਸਾ ਜ਼ਿਲ੍ਹੇ ‘ਚ ਅੱਧੀ ਰਾਤ ਤੱਕ ਹੁੰਦੇ ਪੇਂਡੂ ਖੇਡ ਮੇਲਿਆਂ ‘ਤੇ ਕਬੱਡੀ ਸੁਧਾਰ ਕਮੇਟੀ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਨੇ ਫ਼ਿਕਰ ਜਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੂੰ ਲਿਖੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਇਨ੍ਹਾਂ ਟੂਰਨਾਮੈਂਟਾਂ ਦਾ ਸਮਾਂ ਦਿਨ ਛਿਪਣ ਤੱਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਐਸੋਸੀਏਸ਼ਨ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਰ ਰਾਤ ਹੁੰਦੇ ਟੂਰਨਾਮੈਂਟਾਂ ਨਾਲ ਵਾਪਸੀ ਵੇਲੇ ਦਰਸ਼ਕਾਂ, ਖਿਡਾਰੀਆਂ, ਅਧਿਕਾਰੀਆਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਕਬੱਡੀ ਸੁਧਾਰ ਲਹਿਰ ਦੇ ਆਗੂ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਕੁਮੈਟੇਟਰ ਕੁਲਵੰਤ ਸਿੰਘ ਧਲੇਵਾਂ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਜਾਇਬ ਸਿੰਘ ਕੈਲੇ
ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਰਾਜ ਭਰ ‘ਚ ਪੇਂਡੂ ਖੇਡ ਮੇਲਿਆਂ ਦਾ ਸ਼ਾਮ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਕਿ ਖੇਡਾਂ ਨੂੰ ਸਮਰਪਿਤ ਖਿਡਾਰੀਆਂ,ਖੇਡ ਪ੍ਰੇਮੀਆਂ ਦਾ ਕੋਈ ਜਾਨੀ,ਮਾਲੀ ਨੁਕਸਾਨ ਨਾ ਹੋਵੇ। ਆਗੂਆਂ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਦੇਰ ਰਾਤ ਤੱਕ ਚਲਦੇ ਪੇਂਡੂ ਟੂਰਨਾਂਮੈਂਟਾਂ ਦੀ ਵਾਪਸੀ ਮੌਕੇ ਵਾਪਰੀਆਂ ਘਟਨਾਵਾਂ ਕਾਰਨ ਕਿੰਨੇ ਹੀ ਖਿਡਾਰੀ ਤੇ ਖੇਡ ਪ੍ਰੇਮੀ ਜਾਨੋ ਹੱਥ ਧੋ ਬੈਠੇ ਹਨ,ਜਿਸ ਕਰਕੇ ਹੀ ਕਬੱਡੀ ਸੁਧਾਰ ਕਮੇਟੀ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਦੀ ਅਗਵਾਈ ਵਿੱਚ ਸਾਬਕਾ ਖਿਡਾਰੀਆਂ ਅਤੇ ਖੇਡ ਪ੍ਰਸ਼ੰਸਕਾਂ ਨੇ ਇਕ ਮੁਹਿੰਮ ਰਾਹੀਂ ਪਿੰਡਾਂ ਦੀਆਂ ਪੰਚਾਇਤਾਂ,ਖੇਡ ਕਲੱਬਾਂ,ਖੇਡ ਕਮੇਟੀਆਂ ਨੂੰ ਵੀ ਅਪੀਲਾਂ ਕੀਤੀਆਂ ਹਨ ਕਿ ਪੇਂਡੂ ਟੂਰਨਾਂਮੈਂਟਾਂ ਦੌਰਾਨ ਹੋਰਨਾਂ ਖੇਡ ਸੁਧਾਰਾਂ ਤੋਂ ਇਲਾਵਾ ਸ਼ਾਮ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇ।
ਮੀਟਿੰਗ ਨੂੰ ਕੁਲਦੀਪ ਸਿੰਘ ਬਹਿਣੀਵਾਲ, ਗੁਰਪ੍ਰੀਤ ਸਿੰਘ ,ਮੱਖਣ ਸਿੰਘ ,ਅਮਰੀਕ ਸਿੰਘ ਫਫੜੇ ਭਾਈਕੇ, ਸਤਿਗੁਰ ਸਿੰਘ ਨੰਗਲ, ਗੁਰਵਿੰਦਰ ਸਿੰਘ, ਹਰਦੀਪ ਸਿੱਧੂ,ਪਰਸ਼ੋਤਮ ਸਿੰਘ . ਅਮਰੀਕ ਸਿੰਘ ,ਗੁਰਮੀਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਮਾਂ ਖੇਡ ਕਬੱਡੀ ਦੀ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਾਰਥਿਕ ਨੀਤੀ ਬਣਾਈ ਜਾਵੇ, ਸਕੂਲ ਪੱਧਰ ਤੋਂ ਖੇਡਾਂ ਲਈ ਲੋੜੀਂਦੀਆਂ ਗ੍ਰਾਂਟਾ,ਖੇਡ ਕੋਚ, ਖੇਡਾਂ ਦਾ ਸਾਜ਼ੋ ਸਮਾਨ ਮੁਹੱਈਆ ਕਰਵਾਇਆ ਜਾਵੇ।