ਪੁਸਤਕ – ਦੋਹਰੇ ਕਿਰਦਾਰ
ਕਵੀ -ਜਸਪਾਲ
ਵਿਧਾ -ਕਵਿਤਾ
ਪ੍ਰਕਾਸ਼ਨ ਵਰ੍ਹਾ -2023
ਮੁੱਲ -180 ਰੁਪਏ
ਪ੍ਰਕਾਸ਼ਕ – ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ (ਮਾਨਸਾ)
ਪੰਨੇ -80
ਕਵਿਤਾ ਉਹ ਸਾਹਿਤ ਵਿਧਾ ਹੈ ਜੋ ਸੋਚ ਸਮਝ ਕੇ ਨਹੀਂ ਲਿਖੀ ਜਾਂਦੀ ਬਲਕਿ ਇਨਸਾਨੀ ਜਜ਼ਬਿਆਂ ਅੰਦਰੋਂ ਆਪ ਮੁਹਾਰੇ ਫੁਟਦੀ ਹੈ ਜੋ ਸੁਹਜ ਦੀਆਂ ਡੂੰਘਾਈਆਂ ਹੇਠੋਂ ਹਲੂਣਿਆਂ ਦੇ ਜਵਾਲਾਮੁਖੀ ਪੈਦਾ ਕਰਦੀ ਹੈ ਜੋ ਜਵਾਲਾਮੁਖੀ ਸਹਿਜ ਦੇ ਨਵੇਕਲੇ ਅਹਿਸਾਸਾਂ ਅਤੇ ਅਨੁਭਵਾਂ ਤੱਕ ਲੈ ਜਾਂਦੇ ਹਨ | ਅਜਿਹੇ ਹੀ ਕਾਵਿ ਅਨੁਭਵਾਂ ਦਾ ਆਨੰਦ ਦੇਂਦੀ ਹੈ ਨੌਜਵਾਨ ਕਵੀ “ਜਸਪਾਲ” ਦੀ ਪਲੇਠੀ ਕਾਵਿ -ਪੁਸਤਕ ‘ਦੋਹਰੇ ਕਿਰਦਾਰ’ |
ਦੋਹਰੇ ਕਿਰਦਾਰ ਕਾਵਿ ਪੁਸਤਕ ਮਨੁੱਖੀ ਮਨੋਵੇਦਨਾ ਦੇ ਪੱਖਾਂ ਨੂੰ ਬਹੁਤ ਕਲਾਮਈ ਢੰਗ ਨਾਲ ਪੇਸ਼ ਕਰਦੀ ਹੈ | ਇਸ ਕਿਤਾਬ ਵਿਚਲੀ ਕਵਿਤਾ ਸਾਖ਼ ਰਹੇ ਕਵੀ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਫਿਕਰਮੰਦੀ ਅਤੇ ਮੁਹੱਬਤ ਨੂੰ ਉਜਾਗਰ ਕਰਦੀ ਹੈ | ਚਾਹ ਦੀ ਪਿਆਲੀ ਕਵਿਤਾ ਉਸਦੇ ਪਰਿਵਾਰਕ ਮੋਹ ਅਤੇ ਜ਼ਜ਼ਬਾਤੀ ਸੁਭਾਅ ਨੂੰ ਉਘਾੜਦੀ ਹੈ –
‘ਓਹ ਚਾਹ ਦੀ ਪਿਆਲੀ,ਜੋ ਤੇਰੇ ਨਾਲ ਗੱਲਾਂ
ਤੀਹਾਂ ਦੇ ਉੱਪਰ ਤੇ ਚਾਲੀ ਦੇ ਨੇੜੇ
ਜ਼ਿੰਦਗੀ ਦਾ ਇਹ ਪਲ,ਸਭ ਤੋਂ ਪਿਆਰਾ
ਉਮਰਾਂ ਦੇ ਵਿਹੜੇ ‘|
ਵਰਤਮਾਨ ਰਾਜਸੀ ਪ੍ਰਬੰਧ ਦੇ ਫੋਕੇ ਅਡੰਬਰਾਂ ਅਤੇ ਲੋਕ ਭਲਾਈ ਦੇ ਪਰਦੇ ਹੇਠ ਸਰਮਾਇਦਾਰਾਂ ਦੀ ਹੱਥ ਠੋਕੇ ਬਣੀਆਂ ਸਰਕਾਰੀ ਮਸ਼ੀਨਰੀਆਂ ਨੂੰ ਉਸਦੀ ਕਵਿਤਾ ਅਡੰਬਰ ਵੰਗਾਰ ਪਾਉਂਦੀ ਹੈ | ਕਿਸਾਨੀ ਵਿਰੋਧੀ ਬਿੱਲ ਰੱਦ ਕਰਵਾਉਣ ਦਾ ਸੰਘਰਸ਼ ਇੱਕ ਇਤਿਹਾਸਕ ਸੰਘਰਸ਼ ਹੋ ਨਿੱਬੜਿਆ ਜਿਸ ਤੋਂ ਸ਼ਾਇਦ ਹੀ ਕੋਈ ਵਿਰਲਾ -ਵਾਂਝਾ ਵਿਅਕਤੀ ਪ੍ਰਭਾਵਿਤ ਹੋਣੋ ਰਿਹਾ ਹੋਵੇ, ਕਵੀ ਜਸਪਾਲ ਵੀ ਜੋ ਕਿ ਖੁਦ ਇੱਕ ਕਿਸਾਨ ਹੈ ਇਸ ਸੰਘਰਸ਼ ਨੂੰ ਸਮਰਪਿਤ ਕਵਿਤਾ ਖੇਤਾਂ ਦੇ ਪੁੱਤ ਲਿਖ ਕੇ ਆਪਣੀ ਦੋਹਰੀ ਜ਼ਿੰਮੇਵਾਰੀ ਅਦਾ ਕਰਦਾ ਹੈ | ਅਸੂਲ ਕਵਿਤਾ ਸਾਡੇ ਭ੍ਰਸ਼ਟ ਤੰਤਰ ਦੇ ਮੂੰਹ ਉੱਤੇ ਕਰਾਰੀ ਚਪੇੜ ਹੈ |
ਸੋ ਇੰਝ ਕਹਿ ਸਕਦੇ ਹਾਂ ਕਿ ਸਾਹਿਤਕ ਗਤੀਵਿਧੀਆਂ ਦੀ ਥੋੜ ਨੂੰ ਮਹਿਸੂਸਦੇ ਸਰਹੱਦੀ ਇਲਾਕੇ ਅੰਦਰ ‘ਦੋਹਰੇ ਕਿਰਦਾਰ ‘ ਦੀ ਆਮਦ ਇੱਕ ਸ਼ੁਭ ਸੰਕੇਤ ਹੈ |
………………
ਮਲਕੀਤ ਰਾਸੀ
ਗੁਰਚਰਨ ਨਿਵਾਸ
ਗਾਰਡਨ ਕਲੌਨੀ
ਪੱਟੀ (ਤਰਨ ਤਾਰਨ)
8427233744