ਬਠਿੰਡਾ, 7 ਜੁਲਾਈ : ਸੂਬਾ ਸਰਕਾਰ ਵੱਲ਼ “ਯੁੱਧ ਨਸ਼ਿਆਂ ਵਿਰੁੱਧ” ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਨੀਤ ਕੌਂਡਲ ਆਈ.ਪੀ.ਐੱਸ, ਐੱਸ.ਐੱਸ.ਪੀ ਅਤੇ ਅਵਨੀਤ ਕੌਰ ਪੀ.ਪੀ.ਐੱਸ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਨਰਿੰਦਰ ਸਿੰਘ, ਪੀ.ਪੀ.ਐੱਸ, ਐੱਸ.ਪੀ ਸਿਟੀ ਦੀ ਨਿਗਰਾਨੀ ਵਿੱਚ ਸ਼੍ਰੀ ਸੰਦੀਪ ਸਿੰਘ ਭਾਟੀ, ਪੀ.ਪੀ.ਐੱਸ, ਡੀ.ਐੱਸ.ਪੀ ਸਿਟੀ-1 ਦੀ ਅਗਵਾਈ ਵਿੱਚ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਓਪਰੇਸ਼ਨ ਦੌਰਾਨ 3 ਵਿਅਕਤੀਆਂ ਨੂੰ 9 ਕੁਇੰਟਲ ਡੋਡੇ, ਭੁੱਕੀ, ਚੂਰਾ ਪੋਸਤ ਸਮੇਤ ਇੱਕ ਟਰੱਕ ਕਾਬੂ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ।
ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ 6 ਜੁਲਾਈ ਨੂੰ ਸਥਾਨਕ ਥਾਣਾ ਕੈਨਾਲ ਕਲੋਨੀ ਅਤੇ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸਬੰਧੀ ਨੰਨ੍ਹੀ ਛਾਂ ਚੌਂਕ ਕੋਲ ਗਸ਼ਤ ਕਰ ਰਹੇ ਸਨ, ਬਾਦਲ ਰੋਡ ਰਿੰਗ ਰੋਡ ਟੀ-ਪੁਆਇੰਟ ਪਰ ਇੱਕ ਟਰੱਕ ਨੰਬਰੀ ਆਰ.ਜੇ 6 ਜੀ.ਬੀ 8586 ਖੜਾ ਸੀ ਜਿਸਤੇ 3 ਵਿਅਕਤੀ ਤਰਪਾਲ ਨਾਲ ਛੇੜਛਾੜ ਕਰ ਰਹੇ ਸਨ, ਜਿੰਨ੍ਹਾਂ ਨੂੰ ਪੁਲਿਸ ਪਾਰਟੀਆਂ ਵੱਲੋਂ ਸ਼ੱਕ ਦੀ ਬਿਨਾਂ ਪਰ ਚੈਕਿੰਗ ਕੀਤੀ ਤਾਂ ਟਰੱਕ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ, ਡੋਡੇ, ਚੂਰਾ ਪੋਸਤ ਬਰਾਮਦ ਹੋਇਆ। ਤਿੰਨਾਂ ਵਿਅਕਤੀਆਂ ਦੀ ਪਛਾਣ ਸਾਵਰ ਲਾਲ ਪੁੱਤਰ ਪੋਲੂ ਸਿੰਘ ਵਾਸੀ ਅਜਮੇਰ ਰਾਜਸਥਾਨ, ਜਗਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਨਿਊਰ ਜਿਲ਼੍ਹਾ ਬਠਿੰਡਾ ਅਤੇ ਗੁਰਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਕੋਠਾ ਗੁਰੂ ਜਿਲ੍ਹਾ ਬਠਿੰਡਾ ਵਜੋ ਹੋਈ। ਜਿਹਨਾਂ ਨੇ ਆਪਣੀ ਤਲਾਸ਼ੀ ਕਿਸੇ ਗਜਟਿਡ ਅਫਸਰ ਦੀ ਹਾਜਰੀ ਵਿੱਚ ਕਿਹਾ ਤਾਂ ਮੌਕੇ ਤੇ ਸ਼੍ਰੀ ਸੰਦੀਪ ਸਿੰਘ ਭਾਟੀ ਪੀ.ਪੀ.ਐੱਸ ਡੀ.ਐਸ.ਪੀ ਸਿਟੀ-1 ਬਠਿੰਡਾ ਵੱਲੋਂ ਕੀਤੀ ਗਈ।ਇਹਨਾਂ ਤਿੰਨਾਂ ਵਿਅਕਤੀਆਂ ਨੂੰ ਕਾਬ ਕਰਕੇ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।
ਇਹ ਭੁੱਕੀ, ਡੋਡੇ, ਪੋਸਤ ਕਿੱਥੋ ਲੈ ਕੇ ਆਏ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨ ਇਸ ਬਾਰੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਂਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।