ਨਾਨਕ ਸਿੰਘ ਖੁਰਮੀ
ਭੀਖੀ, 16 ਅਪਰੈਲ
ਸਥਾਨਕ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਯੋਗ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਸ਼ਹਿਰ ਦੇ ਕੋਲ ਦੀ ਲੰਘ ਰਹੀ ਨਹਿਰੀ ਸਮਾਉ ਬ੍ਰਾਂਚ ਵਿੱਚ ਪੈਣ ਤੋਂ ਅੱਕੇ ਪਿੰਡ ਖਿਆਲਾ ਕਲਾਂ, ਮਲਕਪੁਰ, ਖਿਆਲਾ ਖੁਰਦ ਅਤੇ ਕੋਟੜਾ ਦੇ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਵਿਭਾਗ ਦੇ ਵਿਰੋਧ ਵਿੱਚ ਨਾਹਰੇਬਾਜ਼ੀ ਕੀਤੀ ਗਈ । ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਵਿੰਦਰ ਸ਼ਰਮਾਂ ਨੇ ਦੱਸਿਆ ਕਿ ਸ਼ਹਿਰ ਕੋਲ ਦੀ ਲੰਘ ਰਹੀ ਸਮਾਉਂ ਬ੍ਰਾਂਚ ਤੋਂ ਅਗਲੇ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਸਪਲਾਈ ਜਾਂਦੀ ਹੈ ਪਰ ਹੁਣ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਰਲਣ ਕਾਰਨ ਅਗਲੇ ਪਿੰਡ ਬੁਰੀ ਤਰਾਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲਗਾਤਾਰ ਕੈਂਸਰ ਜਿਹੀ ਭਿਆਨਕ ਬੀਮਾਰੀ ਦੇ ਮਰੀਜਾਂ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ । ਪਿੰਡ ਵਾਸੀਆਂ ਵੱਲੋਂ ਜਿਲੇ ਦੇ ਪ੍ਰਸ਼ਾਸਨਿਕ ਅਤੇ ਵਿਭਾਗੀ ਅਧਿਕਾਰੀਆਂ ਨਾਲ ਵੀ ਰਾਬਤਾ ਕੀਤਾ ਗਿਆ, ਜਿਸ ਉੱਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ । ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਨੂੰ ਅਣਦੇਖਾ ਕੀਤਾ ਗਿਆ ਤਾਂ ਇਸ ਉੱਪਰ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ । ਇਸ ਮੌਕੇ ਵੀਰਵੱਲ ਸਿੰਘ, ਲਾਭ ਸਿੰਘ, ਗੁਰਮੇਲ ਸਿੰਘ, ਵਰਿਆਮ ਸਿੰਘ, ਗੁਰਸੇਵਕ ਸਿੰਘ, ਰਾਮ ਸਿੰਘ, ਕਾਕਾ ਸਿੰਘ, ਬਿੱਕਰ ਸਿੰਘ ਅਤੇ ਸਿਕੰਦਰ ਸਿੰਘ ਆਦਿ ਮੌਜੂਦ ਰਹੇ ।
ਪੀਣ ਵਾਲੇ ਪਾਣੀ ਵਿੱਚ ਰਲ ਰਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਅੱਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Leave a comment