ਕਾਂਗਰਸ ਜਦੋਂ ਵੀ ਸੱਤਾ ‘ਚ ਆਈ ਤਾਂ ਉਸ ਨੇ ਲੋਕ ਪੱਖੀ ਫੈਸਲੇ ਲਏ: ਕਾਂਗੜ
ਭਗਤਾ ਭਾਈ, 2 ਦਸੰਬਰ (ਰਾਜਿੰਦਰ ਸਿੰਘ ਮਰਾਹੜ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸੇਲਬਰਾਹ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦੋਂ ਸੀਨੀਅਰ ਆਗੂ ਜੱਗਾ ਝੋਰੜ, ਮਲਕੀਤ ਸਿੰਘ ਪ੍ਰਧਾਨ, ਜਸਪਾਲ ਸਿੰਘ ਔਲਖ, ਸਾਬਕਾ ਸਰਪੰਚ ਜਤਿੰਦਰ ਸਿੰਘ ਵਿੱਕੀ, ਗੁਰਲਾਲ ਸਿੰਘ ਮੈਂਬਰ, ਬੂਟਾ ਔਲਖ, ਲੁੱਧਰ ਸੰਧੂ, ਬਿੰਦਰ ਔਲਖ, ਰਿੱਕੀ ਸਿੰਧੀ, ਲਵਲੀ ਸੰਧੂ, ਪੀਤਾ ਔਲਖ ਸਮੇਤ ਦਰਜਨਾਂ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਏ ਆਗੂਆਂ ਤੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾਂ ਉਤਰਨ ‘ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਦੂਜੇ ਪਾਸੇ ਅਕਾਲੀ ਦਲ ਦਾ ਵਜੂਦ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ‘ਚ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ‘ਚ ਭਰੋਸਾ ਪ੍ਰਗਟ ਕਰਦੇ ਹੋਏ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਦੋਂ ਸੱਤਾ ਵਿਚ ਆਈ ਤਾਂ ਉਸ ਨੇ ਹਮੇਸ਼ਾ ਲੋਕ ਪੱਖੀ ਫੈਸਲੇ ਲਏ ਹਨ। ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਹਾਲ ਹੀ ‘ਚ ਹੋਈਆਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਤਿੰਨ ਸੀਟਾਂ ਹਾਸਿਲ ਕਰਕੇ ਜਿੱਤ ਦੇ ਝੂਠੇ ਜਸ਼ਨ ਮਨਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਕਾਂਗਰਸ ਦੀ ਸੂਬੇ ਵਿਚ ਸਿਆਸੀ ਮਜ਼ਬੂਤੀ ਦੇ ਡਰੋਂ ਕਾਂਗਰਸ ਨੂੰ ਰੋਕਣ ਲਈ ਵੱਡੀ ਸਾਜ਼ਿਸ਼ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕੀਤੀ ਹੈ। ਸ. ਕਾਂਗੜ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਸਿਰਫ ਝੂਠੀ ਬਿਆਨਬਾਜ਼ੀ ਨਾਲ ਡੰਗ ਟਪਾ ਰਹੀ ਹੈ ਪਰ ਸੂਬੇ ਦੇ ਲੋਕ ਆਪ ਨੂੰ ਸੱਤਾ ਸੌਂਪ ਕੇ ਹੁਣ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਲੋਕ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਪ ਜਿੰਨ੍ਹੀ ਤੇਜ਼ੀ ਨਾਲ ਆਈ ਸੀ ਉਸ ਤੋਂ ਤੇਜ਼ੀ ਨਾਲ ਸਿਆਸਤ ਵਿਚੋਂ ਖ਼ਤਮ ਹੋ ਜਾਵੇਗੀ ਤੇ ਸੂਬੇ ‘ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਬਰਾੜ ਕੋਇਰ ਸਿੰਘ ਵਾਲਾ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ ਭਾਈ, ਗੋਲੂ ਸਿੰਘ ਬਰਾੜ ਕੋਇਰ ਸਿੰਘ ਵਾਲਾ, ਇੰਦਰਜੀਤ ਸਿੰਘ ਭੋਡੀਪੁਰਾ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਘਾਰੂ, ਰਾਜਪਾਲ ਸਿੰਘ, ਲਾਲੀ ਸੰਘਾ, ਜਗਸੀਰ ਸਿੰਘ ਸੀਰਾ, ਕੁਲਵਿੰਦਰ ਸਿੰਘ ਪਾਲਾ, ਵੀਰ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਕਮਲ ਸ਼ਰਮਾ, ਬਿੱਕਰ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ: ਸੇਲਬਰਾਹ ਵਿਖੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਪਰਿਵਾਰ।