ਮਾਮਲਾ ਪਿੰਡ ਅਤਲਾ ਖੁਰਦ ਵਿਖੇ ਮਾਰਕੁੱਟ ਕਰਕੇ ਵਿਅਕਤੀ ਦੀ ਮੌਤ ਦਾ
ਸੰਦੀਪ ਤਾਇਲ
ਭੀਖੀ, 16 ਸਤੰਬਰ
ਨੇੜਲੇ ਪਿੰਡ ਅਤਲਾ ਖੁਰਦ ਵਿਖੇ ਬੀਤੇ ਕੱਲ੍ਹ ਕੁੱਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਗੁਰਮੇਲ ਸਿੰਘ ਉਰਫ ਮੇਲਾ ਪੱੁਤਰ ਮੁਖਤਿਆਰ ਸਿੰਘ ਵਾਸੀ ਅਤਲਾ ਦੀ ਕੁੱਟਮਾਰ ਕਰਕੇ ਕਤਲ ਕਰਨ ਸਬੰਧੀ ਪੁਲੀਸ ਦੀ ਢਿੱਲੀ ਕਾਰਗੁਜਾਰੀ ਦੇ ਖ਼ਿਲਾਫ਼ ਪਿੰਡ ਅਤਲਾ ਖੁਰਦ ਵਾਸੀਆਂ ਨੇ ਸਥਾਨਕ ਪਟਿਆਲਾ ਮਾਨਸਾ ਮੁੱਖ ਮਾਰਗ ’ਤੇ ਭੀਖੀ ਦੇ ਬਰਨਾਲਾ ਚੌਂਕ ਵਿੱਚ ਮਿ੍ਰਤਕ ਦੇਹ ਰੱਖ ਕੇ ਪੰਜਾਬ ਸਰਕਾਰ ਤੇ ਪੁਲੀਸ ਖ਼ਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਵੱਲੋਂ ਲਾਈਆਂ ਗਈਆਂ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਜਿੱਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਉੱਥੇ ਕਿਸਾਨਾਂ ਵੱਲੋਂ ਕੜਕਦੀ ਧੁੱਪ ਵਿੱਚ ਬੈਠ ਕੇ ਧਰਨਾ ਲਾ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਅਤਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਵਿੱਚ ਲੋਕ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ ਪਰੂ ਸਰਕਾਰ ਦਾ ਇਸ ਪਾਸੇ ਵੱਲ ਧਿਆਨ ਨਹੀਂ ਹੈ। ਸੂਬੇ ਅੰਦਰ ਗੁੰਡਾਗਰਦੀ ਦਾ ਰਾਜ ਹੈ। ਇਸ ਮੌਕੇ ਸਾਬਕਾ ਸਰਪੰਚ ਹਿੰਮਤ ਸਿੰਘ ਅਤਲਾ ਨੇ ਕਿਹਾ ਕਿ ਇੱਕ ਪਾਸੇ ਤਾਂ ਕੁੱਝ ਲੋਕਾਂ ਵੱਲੋਂ ਸ਼ਰੇਆਮ ਪਿੰਡ ਦੇ ਵਿਅਕਤੀ ਗੁਰਮੇਲ ਸਿੰਘ ਦੀ ਕੁੱਟਮਾਰ ਕੀਤੀ ਹੈ ਜੋ ਕਿ ਬਾਅਦ ਵਿੱਚ ਦਮ ਤੋੜ ਗਿਆ। ਪੁਲੀਸ ਵੱਲੋਂ ਨਰਮ ਧਾਰਾਵਾਂ ਲਗਾ ਕੇ ਜੋ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਨਾ ਮੰਜੂਰ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਵਿਰੁੱਧ ਕਤਲ ਦੀ ਧਾਰਾ ਲਾ ਕੇ ਗਿ੍ਰਫਤਾਰ ਕੀਤਾ ਜਾਵੇ। ਇਸ ਮੌਕੇ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਗੁਰਮੇਲ ਸਿੰਘ ਦਾ ਉਸ ਦੇ ਘਰ ਵਿੱਚ ਵੜ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ ਦੀ ਧਾਰਾ ਨਾ ਲਾ ਕੇ ਘੱਟ ਧਾਰਵਾਂ ਲਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪੁਲਿਸ ਕਤਲ ਦੀ ਧਾਰਾ ਲਾ ਕੇ ਦੋਸ਼ੀਆਂ ਨੂੰ ਸ਼ਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਮਿ੍ਰਤਕ ਦੇ ਪਰਿਵਾਰ ਤੋਂ ਇਲਾਵਾ ਕਰਨੈਲ ਸਿੰਘ, ਮੇਜਰ ਸਿੰਘ, ਲੱਖਾ ਸਿੰਘ, ਅਮਰਜੀਤ ਸਿੰਘ ਭੋਲਾ, ਬਲਜੀਤ ਸਿੰਘ ਬਰਨੀ, ਹਰਦੀਪ ਕੌਰ, ਮੇਲੋ ਕੌਰ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।
ਭੀਖੀ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਗੁਰਪ੍ਰੀਤ ਸਿੰਘ ਗੁਰੀ, ਪਰਮਜੀਤ ਕੌਰ ਅਤੇ ਸੱਤੂ ਸਿੰਘ ਵਾਸੀ ਕੋਟਦੁੱਨਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਧਰਨੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਦੇ ਵਿਰੁੱਧ ਧਾਰਾ ਜ਼ੁਰਮ ਵਿੱਚ ਵਾਧਾ ਕਰਕੇ ਕਤਲ ਦਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।