(ਪੰਜਾਬ ਸਰਕਾਰ ਟੋਹਾਣਾ ਰੈਲੀ ਤੇ ਜਾਂਦੇ ਸਮੇਂ ਹਾਦਸਾ ਗ੍ਰਸਤ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਵੇ – ਡੀ ਟੀ ਐੱਫ ਬਠਿੰਡਾ)
ਬਠਿੰਡਾ 22 ਜਨਵਰੀ ( ਨਾਨਕ ਸਿੰਘ ਖੁਰਮੀ) ਪਿੰਡ ਜਿਉਂਦ ਅੰਦਰ ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਦਹਾਕਿਆਂ ਤੋਂ ਖੇਤੀ ਕਰ ਰਹੇ ਕਿਸਾਨਾਂ ਦੀਆਂ ਜਮੀਨਾਂ ਦੀ ਮੁਰੱਬੇਬੰਦੀ ਕਰਨ ਦੇ ਨਾਂ ਹੇਠ ਉਹਨਾਂ ਦੀਆਂ ਜਮੀਨਾਂ ਹਥਿਆਉਣ ਦੀ ਨੀਤੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਕੀਤੇ ਜਬਰ ਅਤੇ ਦਰਜ ਕੇਸਾਂ ਦੀ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ,ਸਕੱਤਰ ਜਸਵਿੰਦਰ ਸਿੰਘ ,ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਉਹਨਾਂ ਦੇ ਖਿਲਾਫ ਪੁਲਿਸ ਦੀਆਂ ਧਾੜਾਂ ਲੈ ਕੇ ਜਮੀਨਾਂ ਉੱਪਰ ਕਬਜ਼ਾ ਕਰਨ ਦੀ ਸਰਕਾਰ ਦੀ ਇਹ ਨੀਤੀ ਸਰਕਾਰ ਦਾ ਧਾਕੜ ਅਤੇ ਜਾਬਰ ਰਵਈਆ ਸਾਹਮਣੇ ਲਿਆਉਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਸੰਗੀਨ ਧਰਾਵਾਂ ਤਹਿਤ ਦਰਜ ਕੀਤੇ ਕੇਸਾਂ ਨਾਲ ਸਰਕਾਰ ਦਾ ਲੋਕ ਦੋਖੀ ਅਤੇ ਜਗੀਰਦਾਰ ਪੱਖੀ ਚਿਹਰਾ ਸਾਹਮਣੇ ਆਇਆ ਹੈ। ਕਿਸੇ ਵੀ ਵਿਅਕਤੀ ਦਾ ਇਹ ਹੱਕ ਹੈ ਕਿ ਉਹ ਆਪਣੇ ਨਾਲ ਹੋ ਰਹੇ ਧੱਕੇ ਖਿਲਾਫ ਰੋਸ ਪ੍ਰਦਰਸ਼ਨ ਜਾਂ ਵਿਰੋਧ ਕਰ ਸਕਦਾ ਹੈ। ਜੇਕਰ ਪ੍ਰਸ਼ਾਸਨ ਉਹਨਾਂ ਦੀ ਆਵਾਜ਼ ਨੂੰ ਦਬਾਉਣ ਅਤੇ ਜਬਰੀ ਜਮੀਨਾਂ ਖੋਹਣ ਦੇ ਇਰਾਦੇ ਨਾਲ ਉਤਰਿਆ ਹੈ ਤਾਂ ਉਸ ਦੇ ਖਿਲਾਫ ਲੋਕਾਂ ਅੰਦਰ ਰੋਸ ਹੋਣਾ ਕੁਦਰਤੀ ਹੈ। ਦਹਾਕਿਆਂ ਤੋਂ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਬਣੀ ਉਹ ਜਮੀਨ ਜਿਨਾਂ ਨੂੰ ਇਹਨਾਂ ਕਿਸਾਨਾਂ ਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਹੈ ਅਤੇ ਆਬਾਦ ਕਰਕੇ ਇਸ ਦੇ ਉੱਤੇ ਸੋਨਾ ਪੈਦਾ ਕੀਤਾ ਹੈ ਤਾਂ ਅਜਿਹੇ ਸਮੇਂ ਸਰਕਾਰ ਜੇਕਰ ਜਬਰੀ ਮੁਰੱਬੇਬੰਦੀ ਦੇ ਨਾਂ ਹੇਠ ਇਹਨਾਂ ਜਮੀਨਾਂ ਨੂੰ ਹਥਿਆਉਣ ਦੀ ਨੀਤੀ ਉੱਤੇ ਉਤਰੇਗੀ ਤਾਂ ਇਸ ਦੇ ਖਿਲਾਫ ਲੋਕਾਂ ਅੰਦਰ ਜਮੀਨਾਂ ਬਚਾਉਣ ਇਕੱਠੇ ਹੋਣਾ ਅਤੇ ਇਸ ਦੇ ਖਿਲਾਫ ਸੰਘਰਸ਼ ਕਰਨਾ ਉਹਨਾਂ ਦਾ ਜਮਹੂਰੀ ਹੱਕ ਹੈ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਦਬਾਉਣ ਦੀ ਨੀਤੀ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਜਬਰ ਦੀ ਨੀਤੀ ਬੰਦ ਕਰਕੇ ਕਿਸਾਨਾਂ ਦੀ ਗੱਲ ਸੁਣੇ ਲੰਬੇ ਸਮੇਂ ਤੋਂ ਆਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਦੇ ਹੋਏ ਇਹਨਾਂ ਜਮੀਨਾਂ ਦਾ ਮਾਲਕੀ ਹੱਕ ਕਿਸਾਨਾਂ ਨੂੰ ਦੇਵੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਟੋਹਾਣਾ ਕਿਸਾਨ ਪੰਚਾਇਤ ਵਿੱਚ ਜਾ ਰਹੇ ਕੋਠਾ ਗੁਰੂ ਕਾ ਦੇ ਬੱਸ ਵਿੱਚ ਹਾਦਸਾ ਗ੍ਰਸਤ ਹੋਏ ਕਿਸਾਨਾਂ ਨੂੰ ਤੁਰੰਤ ਬਣਦਾ ਮੁਆਵਜ਼ਾ , ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਓਹਨਾ ਦਾ ਸਾਰਾ ਕਰਜ਼ਾ ਮਾਫ਼ ਕਰੇ । ਉਹਨਾ ਸਰਕਾਰ ਦੇ ਹਾਦਸਾਗ੍ਰਸਤ ਹੋਏ ਕਿਸਾਨਾਂ ਖਿਲਾਫ ਅਪਣਾਏ ਅਣਮਨੁੱਖੀ ਰਵਈਏ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਆਮ ਆਦਮੀ ਦੀ ਸਰਕਾਰ ਅਖਵਾਉਣ ਦਾ ਢੋਂਗ ਰਚ ਰਹੀ ਹੈ ਦੂਜੇ ਪਾਸੇ ਹਾਦਸਾ ਗ੍ਰਸਤ ਹੋਏ ਕਿਸਾਨਾਂ ਦੇ ਵਾਰਸ ਪਿਛਲੇ ਕਈ ਦਿਨਾਂ ਤੋਂ ਡੀਸੀ ਦਫਤਰ ਬਠਿੰਡਾ ਅੱਗੇ ਇਹਨਾ ਮੰਗਾਂ ਲਈ ਧਰਨਾ ਲਾ ਕੇ ਬੈਠੇ ਹੋਏ ਹਨ ਜਿਨਾਂ ਦੀ ਕੋਈ ਵੀ ਸਰਕਾਰ ਵੱਲੋਂ ਗੱਲ ਨਹੀਂ ਸੁਣੀ ਜਾ ਰਹੀ। ਸਰਕਾਰ ਦਾ ਇਹ ਰਵਈਆ ਲੋਕਾਂ ਦੀ ਥਾਂ ਕਾਰਪੋਰੇਟਾਂ, ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਪੱਖ ਵਿੱਚ ਭੁਗਤ ਰਿਹਾ ਹੈ ਓਹਨਾ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਇਕੱਠੇ ਹੋ ਕੇ ਅੱਗੇ ਆਓ ਤਾਂ ਜੋ ਸਰਕਾਰ ਦੀ ਜਬਰ ਦੀ ਨੀਤੀ ਦਾ ਡਟਵਾਂ ਵਿਰੋਧ ਕੀਤਾ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਵਿੱਤ ਸਕੱਤਰ ਅਨਿਲ ਭੱਟ , ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ,ਜਿਲਾ ਆਗੂ ਬਲਜਿੰਦਰ ਕੌਰ ,ਰਣਦੀਪ ਕੌਰ ਖਾਲਸਾ, ਬਲਾਕ ਪ੍ਰਧਾਨ ਭੋਲਾ ਤਲਵੰਡੀ ,ਰਾਜਵਿੰਦਰ ਸਿੰਘ ਜਲਾਲ, ਭੁਪਿੰਦਰ ਸਿੰਘ ਮਾਈਸਰਖਾਨਾ, ਜਤਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ
ਪਿੰਡ ਜਿਉਂਦ ਅੰਦਰ ਕਿਸਾਨਾਂ ਦੀਆਂ ਜਮੀਨਾਂ ਨੂੰ ਜਬਰੀ ਦੱਬਣ ਦੀ ਨੀਤੀ ਅਤੇ ਕਿਸਾਨਾਂ ਉੱਤੇ ਦਰਜ ਕੀਤੇ ਪੁਲਿਸ ਕੇਸਾਂ ਦੀ ਕਰੜੀ ਨਿੰਦਾ

Leave a comment