16 ਮਈ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੇ ਜਾਰੀ ਦਿਸ਼ਾ-ਨਿਰਦੇਸ਼ਾ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸ ਹਰਜਿੰਦਰ ਸਿੰਘ ਜੱਸਲ ਦੀ ਯੋਗ ਅਗਵਾਈ ਹੇਠ ਸਵੀਪ ਟੀਮ ਤਲਵੰਡੀ ਸਾਬੋ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਸ਼ੇਸ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਕੈਂਪ ਦੌਰਾਨ ਸਵੀਪ ਟੀਮ ਵਲੋਂ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ, ਲਾਲਚ ਅਤੇ ਦਬਾਅ ਤੋਂ ਵੱਧ ਤੋਂ ਵੱਧ ਵੋਟਾਂ ਪਾਉਣ ਤੇ ਪਵਾਉਣ ਲਈ ਲਗਾਤਾਰ ਪ੍ਰੇਰਿਤ ਕਰ ਰਹੀ ਹੈ। ਵੋਟ ਦੇ ਸਬੰਧ ’ਚ ਨਾਗਰਿਕਾਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇੱਕ-ਇੱਕ ਵੋਟ ਲੋਕਤੰਤਰ ਨੂੰ ਮਜ਼ਬੂਤ ਬਣਾ ਸਕਦੀ ਹੈ।
ਇਸੇ ਲੜੀ ਅਧੀਨ ਸਵੀਪ ਨੋਡਲ ਅਫਸਰ ਤਲਵੰਡੀ ਸਾਬੋ ਸ਼੍ਰੀ ਚੰਦਰ ਸ਼ੇਖਰ ਵੱਲੋਂ ਆਪਣੀ ਟੀਮ ਤੇ ਪਿੰਡ ਫਤਿਹਗੜ੍ਹ ਨੌਂ ਆਬਾਦ ਦੇ ਬੂਥ ਲੈਵਲ ਅਫ਼ਸਰ ਦੀ ਮਦਦ ਨਾਲ ਪਿੰਡ ਦੀ ਸੱਥ, ਚੌਰਾਹਿਆਂ ਤੇ ਹੋਰ ਸਾਂਝੀਆਂ ਥਾਵਾਂ ਤੇ ਆਮ ਪਬਲਿਕ ਨੂੰ ਵੱਧ ਚੜ੍ਹ ਕੇ ਆਉਣ ਵਾਲੀ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਵਿੱਚ ਪੂਰੀ ਸਮਝ ਨਾਲ ਈ ਵੀ ਐਮ ਅਤੇ ਵੀਵੀਪੈਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਸ੍ਰੀ ਸ਼ੇਖਰ ਨੇ ਵੋਟਿੰਗ ਵਾਲੇ ਦਿਨ ਚੋਣ ਕਮਿਸ਼ਨ ਵੱਲੋਂ ਲੋਕਾਂ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ, ਛਾਂ ਦਾ ਪ੍ਰਬੰਧ ਅਤੇ ਵੋਟਰਜ਼ ਹੈਲਪ ਡੈਸਕ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾਂ ਨੇ ਲੋਕਾਂ ਨੂੰ ਦੱਸਿਆ ਕਿ ਆਪਣੀ ਵੋਟ ਪਾਉਣਾ ਸਾਡਾ ਜਰੂਰੀ ਫ਼ਰਜ ਹੈ ਤੇ ਇਹ ਵੀ ਦੇਸ਼ ਸੇਵਾ ਦਾ ਹਿੱਸਾ ਹੈ, ਹਾਜਰ ਲੋਕਾਂ ਨੇ ਆਪਣੀ ਵੋਟ ਪਾਉਣ ਅਤੇ ਹੋਰਨਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਟੀਮ ਮੈਂਬਰ ਗੁਰਦਰਸ਼ਨ ਸਿੰਘ, ਅਮਨਜੋਤ ਕੌਰ, ਗੁਰਪ੍ਰੀਤ ਕੌਰ, ਰਣਜੀਤ ਸਿੰਘ ਅਤੇ ਵਿਸ਼ਵਦੀਪ ਸਿੰਘ ਆਦਿ ਹਾਜ਼ਰ ਰਹੇ।