ਉਹ ਇੱਕ ਸ਼ਖ਼ਸੀਅਤ ਨਹੀਂ, ਵਿਚਾਰ ਦਾ, ਲਹਿਰ ਦਾ ਪ੍ਰਤੀਕ ਹੈ!
ਉਹ ਲਹਿਰ ਜਿਸਨੇਂ:
* ਵਿਦਿਅਕ ਅਦਾਰਿਆਂ ਚ ਆਵਦੀ ਧੌਂਸ ਦੇ ਜ਼ੋਰ, ਚੰਮ ਦੀਆਂ ਚਲਾਉਣ ਵਾਲੇ ਕਾਕਿਆਂ ਅਤੇ ਅਧਿਕਾਰੀਆਂ ਦੀ ਰਾਠਸ਼ਾਹੀ ਖਿਲਾਫ ਬੇਕਿਰਕ ਘੋਲ ਕਰਕੇ ਅਕਾਦਮਿਕ ਆਜ਼ਾਦੀ ਤੇ ਜਮਹੂਰੀਅਤ ਦਾ ਝੰਡਾ ਬੁਲੰਦ ਕੀਤਾ
* ਵਿਅਕਤੀਗਤ ਸੂਰਮਗਤੀ ਦੀ ਥਾਂ, ਵਿਦਿਆਰਥੀ ਲਹਿਰ ਨੂੰ ਲੋਕ ਤਾਕਤ ਦੇ ਕਿਲੇ ਉਸਾਰਨ ਦੀ ਸੇਧ ਦਿੱਤੀ
* ਵਿਦਿਆਰਥੀ ਲਹਿਰ ਨੂੰ ਕਿਸਾਨਾਂ, ਦਲਿਤਾਂ, ਮਜ਼ਦੂਰਾਂ, ਔਰਤਾਂ ਅਤੇ ਹੋਰ ਲੁੱਟੇ ਲਿਤਾੜੇ ਲੋਕਾਂ ਨਾਲ ਸੰਗਰਾਮੀ ਸਾਂਝ ਪਾਉਣ ਦੇ ਰਾਹ ਤੇ ਤੋਰਿਆ
*, ਲੋਕਾਂ ਨੂੰ ਜਾਬਰ ਤੇ ਲੁਟੇਰੇ ਹਾਕਮਾਂ ਦੇ ਇੱਕ ਜਾਂ ਦੂਜੇ ਚੋਣ ਛਕੜੇ ਤੇ ਚੜ੍ਹਨ ਦੀ ਥਾਂ, ਮੋਗੇ ਦੀ ਸੰਗਰਾਮ ਰੈਲੀ ਰਾਹੀਂ, ਲੋਕ ਤਾਕਤ ਦਾ ਸਾਂਝਾ ਮੋਰਚਾ ਉਸਾਰ ਕੇ, ਲੋਕਾਸ਼ਾਹੀ ਸਥਾਪਤ ਕਰਨ ਦਾ ਰਾਹ ਦੱਸਿਆ
*. ਜੋ ਨਾਂ ਤਸੀਹੇ ਕੇਂਦਰਾਂ ਦੇ ਅਥਾਹ ਜਬਰ ਮੂਹਰੇ ਡੋਲੀ ਅਤੇ ਨਾਂ ਹੀ ਜਿਸ ਦੀ ਇਨਕਲਾਬੀ ਨਿਹਚਾ ਅਤੇ ਲੁਟੇਰੇ ਹਾਕਮਾਂ ਪ੍ਰਤੀ ਜਮਾਤੀ ਨਫਰਤ, ਸੱਤਾ ਦੇ ਏਅਰ ਕੰਡੀਸ਼ੰਡ ਕਮਰਿਆਂ ਚ ਬੈਠ ਕੇ ਲੋਕ ਮਸਲਿਆਂ ਤੇ ਗੱਲ ਬਾਤ ਕਰਦਿਆਂ ਮੱਧਮ ਪਈ
*. ਵਿਦਿਆਰਥੀ ਲਹਿਰ ਨੂੰ ਇੱਕ ਤਾਕਤਵਰ ਸਾਮਰਾਜ ਵਿਰੋਧੀ ਲਹਿਰ ਵਜੋਂ ਉਭਾਰਿਆ, ਜਿਸ ਨੇਂ ਜਿਥੇ ਦੁਨੀਆਂ ਭਰ ਚ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਦਾ ਸਮਰਥਨ ਕੀਤਾ ਓਥੇ ਸਾਮਰਾਜੀਆਂ ਵੱਲੋਂ ਭੜਕਾਈਆਂ ਨਿਹੱਕੀਆਂ ਜੰਗਾਂ ਦਾ ਵੀ ਡੱਟ ਕੇ ਵਿਰੋਧ ਕੀਤਾ |
ਅੱਜ ਜਦੋਂ ਖੇਤੀ ਸੰਕਟ ਚ ਫਸੇ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਨੌਜਵਾਨ ਅਤੇ ਵਿਦਿਆਰਥੀ ਗੁਰਬਤ ਦੇ ਮਾਰੇ ਵਿਦਿਆ ਤੋਂ ਮਹਿਰੂਮ ਹੋ ਰਹੇ ਹਨ, ਬੇਰੁਜ਼ਗਾਰੀ ਦੀ ਜਕੜ ਚ ਫਸੀ ਜਵਾਨੀ ਨਿਰਉਦੇਸ਼ ਭਟਕ ਰਹੀ ਹੈ, ਨਸ਼ਿਆਂ, ਖਪਤਕਾਰੀ ਸਭਿਆਚਾਰ, ਆਈਲੈਟ ਸਕੂਲਾਂ, ਪਾਸਪੋਰਟ ਦਫਤਰਾਂ ਅਤੇ ਬਦੇਸ਼ਾਂ ਚ ਨੌਕਰੀਆਂ ਦਿਵਾਉਣ ਦੇ ਝਾਂਸੇ ਹੇਠ ਵੱਡੀਆਂ ਠਗੀਆਂ ਮਾਰਨ ਵਾਲੇ ਏਜੰਟਾਂ ਦੇ ਪੰਜਿਆਂ ਚ ਫਸ ਕੇ ਮੌਤ ਅਤੇ ਬਰਬਾਦੀ ਦੇ ਹਨੇਰੇ ਚ ਲਗਾਤਾਰ ਧੱਕੀ ਜਾ ਰਹੀ ਹੈ ਤਾਂ ਸਮਿਆਂ ਨੂੰ ਅਤੇ ਲੋਕ ਲਹਿਰਾਂ ਨੂੰ ਲੱਖਾਂ ਰੰਧਾਵਿਆਂ ਦੀ ਲੋੜ ਹੈ |
ਆਓ ਪਿਰਥੀ ਪਾਲ ਰੰਧਾਵੇ ਦੀ ਇਸ ਸ਼ਾਨਾਂਮੱਤੀ ਵਿਰਾਸਤ ਨੂੰ ਅੱਗੇ ਤੋਰੀਏ ! ਸਮੇਂ ਦੀਆਂ ਚੁਣੌਤੀਆਂ ਦੇ ਹਾਣੀ ਬਣੀਏ |