02 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਨਗਰ ਨਿਗਮ ਵੱਲੋਂ ਆਪਣੇ ਮੌਜੂਦਾ ਹਾਊਸ ਦਾ ਚੌਥਾ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਪਹਿਲਾ ਬਜਟ 4 ਮਾਰਚ ਦੀ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ। ਉਕਤ ਬਜਟ ਤੋਂ ਬਠਿੰਡਾ ਦੀ ਜਨਤਾ ਨੂੰ ਵੱਡੀਆਂ ਉਮੀਦਾਂ ਹਨ, ਜਦੋਂ ਕਿ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੀ ਜਨਤਾ ਦੀਆਂ ਉਮੀਦਾਂ ਤੇ ਇਸ ਬਜਟ ਵਿੱਚ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਬਜਟ ਤੋਂ ਪਹਿਲਾਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਆਮ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦੀਆਂ ਮੰਗਾਂ ਦੇ ਅਨੁਸਾਰ ਇਸ ਬਜਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਅਰ ਸ਼੍ਰੀ ਮਹਿਤਾ ਵੱਲੋਂ ਬਜਟ ਵਿੱਚ ਕਈ ਵੱਡੇ ਪ੍ਰੋਜੈਕਟ ਬਠਿੰਡਾ ਵਿੱਚ ਲਗਾਉਣ ਦੀ ਪੇਸ਼ਕਸ਼ ਰੱਖੀ ਜਾਵੇਗੀ। ਲਾਈਨੋਂ ਪਾਰ ਖੇਤਰ ਵਿੱਚ ਕਮਿਊਨਿਟੀ ਹਾਲ ਅਤੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਦੀ ਸੌਗਾਤ ਵੀ ਮੇਅਰ ਵੱਲੋਂ ਬਜਟ ਵਿੱਚ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਗਰਾਊਂਡ ਵਿੱਚ ਬੱਚਿਆਂ ਲਈ ਬੈਡਮਿੰਟਨ, ਬਾਸਕਿਟਬਾਲ, ਫੁੱਟਬਾਲ, ਹੈਂਡਬਾਲ ਸਮੇਤ ਸਾਰੀਆਂ ਖੇਡਾਂ ਦੀ ਸੁਵਿਧਾ ਹੋਵੇਗੀ, ਜਦੋਂ ਕਿ ਵੱਡੇ ਅਤੇ ਬਜ਼ੁਰਗਾਂ ਲਈ ਵੀ ਸੁਵਿਧਾਵਾਂ ਇਸ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ। ਨਗਰ ਨਿਗਮ ਦਾ ਬਿਜਲੀ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ, ਜਿਸ ਨੂੰ ਘੱਟ ਕਰਨ ਲਈ ਸੋਲਰ ਪਲਾਂਟ ਪ੍ਰੋਜੈਕਟ ਲਗਾਉਣ ਦੀ ਪੇਸ਼ਕਸ਼ ਵੀ ਬਜਟ ਵਿੱਚ ਰੱਖੀ ਜਾਵੇਗੀ, ਜਿਸ ਦੇ ਲਈ ਅੱਠ ਏਕੜ ਜਗ੍ਹਾ ਖਰੀਦਣ ਦਾ ਮਤਾ ਵੀ ਹਾਊਸ ਵਿੱਚ ਪਾਸ ਕੀਤਾ ਜਾ ਸਕਦਾ ਹੈ। ਸੀਨੀਅਰ ਸਿਟੀਜਨ ਲਈ ਲਾਇਬਰੇਰੀ ਵੀ ਬਠਿੰਡਾ ਵਿੱਚ ਖੋਲ੍ਹੀ ਜਾਵੇਗੀ, ਜਿਸ ਦੇ ਲਈ ਜਗ੍ਹਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਬਠਿੰਡਾ ਸ਼ਹਿਰ ਵਿੱਚ ਆਮ ਲੋਕਾਂ ਦੇ ਬੈਠਣ ਲਈ 1000 ਬੈਂਚ ਲਗਾਏ ਜਾਣਗੇ, ਜਦੋਂ ਕਿ ਜੋਗਰ ਪਾਰਕ ਦੀ ਟਰੈਕਿੰਗ ਵਿੱਚ ਸੁਧਾਰ ਕਰਨ ਸੰਬੰਧੀ ਪੇਸ਼ਕਸ਼ ਰੱਖੀ ਜਾਵੇਗੀ। ਬਠਿੰਡਾ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਸਿਸਟਮ ਵਿੱਚ ਸੁਧਾਰ ਲਈ ਡੀ ਸ਼ਿਲਟਿੰਗ ਲਈ ਇੱਕ ਸੁਪਰ ਸ਼ੋਕਰ ਮਸੀਨ ਵੀ ਖਰੀਦੀ ਜਾਵੇਗੀ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਬਠਿੰਡਾ ਨੂੰ ਕ੍ਰਾਈਮ ਤੇ ਨਸ਼ਾ ਮੁਕਤ ਕਰਨ ਦੇ ਮਕਸਦ ਤਹਿਤ ਬਠਿੰਡਾ ਦੇ ਹਰੇਕ ਵਾਰਡ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ ਅਤੇ ਬਜ਼ਟ ਤੋਂ ਬਾਅਦ ਇਸ ਮੁਹਿੰਮ ਨੂੰ ਪੂਰਾ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਵਾਈ ਜਾ ਸਕੇ। ਨਗਰ ਨਿਗਮ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਵੀ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਦਾ ਮਤਾ ਮੇਅਰ ਵੱਲੋਂ ਨਗਰ ਨਿਗਮ ਵਿੱਚ ਰੱਖਿਆ ਜਾਵੇਗਾ। ਇਸੇ ਤਰ੍ਹਾਂ ਬਿਊਟੀਫਕੇਸ਼ਨ ਲਈ ਰੋਜ਼ਗਾਰਡਨ ਵਿੱਚ ਚੰਗੀਆਂ ਕਿਸਮਾਂ ਦੇ ਗੁਲਾਬ ਦੇ ਪੌਦੇ ਲਗਾਏ ਜਾਣਗੇ, 1000 ਟ੍ਰੀ ਗਾਰਡ ਖਰੀਦੇ ਜਾਣਗੇ। ਸ਼ਹਿਰ ਦੇ ਸਾਰੇ ਚੌਂਕ, ਗਰੀਨ ਬੈਲਟ ਅਤੇ ਸੈਂਟਰਲ ਵਰਜ਼ ਦੀ ਬਿਊਟੀਫੀਕੇਸ਼ਨ ਤੇ ਸਾਂਭ ਸੰਭਾਲ ਲਈ ਚੰਡੀਗੜ੍ਹ ਦੀ ਤਰਜ਼ ‘ਤੇ ਚੰਗੀਆਂ ਕੰਪਨੀਆਂ ਅਤੇ ਐਨਜੀਓਜ਼ ਦੀ ਮੱਦਦ ਲਈ ਜਾਵੇਗੀ। ਸ਼ਹਿਰ ਨਿਵਾਸੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਦਿਆਂ ਇਸ ਬਜ਼ਟ ਵਿੱਚ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਪਿਛਲੇ ਤਿੰਨ ਸਾਲਾਂ ਦੇ ਕੂੜੇ ਦਾ ਅੱਧਾ ਬਿੱਲ ਮਾਫ ਕਰਨ ਸਬੰਧੀ ਚਰਚਾ ਕੀਤੀ ਜਾਵੇਗੀ, ਜਿਸ ਨਾਲ ਵਪਾਰੀਆਂ ਤੇ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ। ਇਸ ਯੋਜਨਾ ਵਿੱਚ ਖਾਲੀ ਪਏ ਪਲਾਟਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਜਿਹੜੇ ਪਲਾਟਾਂ ਦੀ ਚਾਰ ਦੀਵਾਰੀ ਪਲਾਟ ਮਾਲਕਾਂ ਵੱਲੋਂ ਕੀਤੀ ਜਾ ਚੁੱਕੀ ਹੈ, ਉਨ੍ਹਾਂ ਪਲਾਟਾਂ ਨੂੰ ਇਸ ਯੋਜਨਾ ਵਿੱਚ ਸ਼ਾਮਿਲ ਕਰਨ ਦਾ ਮਤਾ ਵੀ ਬਜਟ ਵਿੱਚ ਪਾਸ ਹੋਵੇਗਾ। ਇੰਡਸਟਰੀਅਲ ਏਰੀਆ ਆਈਟੀ ਚੌਂਕ, ਗ੍ਰੋਥ ਸੈਂਟਰ, ਫੋਕਲ ਪੁਆਇੰਟ ਸਮੇਤ ਜਰੂਰਤ ਦੇ ਅਨੁਸਾਰ ਸ਼ਹਿਰ ਵਿੱਚ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ। ਸ਼ਹਿਰ ਦੇ ਸਾਰੇ ਅੰਡਰਬ੍ਰਿਜਾਂ ਵਿੱਚ ਲਾਈਟਾਂ ਦਾ ਪ੍ਰਬੰਧ ਹੋਵੇਗਾ, ਡਾਰਕ ਸਪਾਟ ‘ਤੇ ਵੀ ਲਾਈਟਾਂ ਦੀ ਵਿਵਸਥਾ ਕੀਤੀ ਜਾਵੇਗੀ। ਪੌਦਿਆਂ ਦੀ ਕਟਿੰਗ ਅਤੇ ਰੱਖ ਰਖਾਵ ਲਈ ਮਸ਼ੀਨਾਂ ਖਰੀਦੀਆਂ ਜਾਣਗੀਆਂ। ਸ਼ਹਿਰ ਦੇ ਸਾਰੇ 50 ਵਾਰਡਾਂ ਵਿੱਚ ਪੀਣ ਲਈ ਸਾਫ ਪਾਣੀ ਸਪਲਾਈ ਕਰਨ ਲਈ ਅੰਮ੍ਰਿਤ ਯੋਜਨਾ ਦੇ ਤਹਿਤ ਉਚਿਤ ਪ੍ਰਬੰਧ ਕੀਤੇ ਜਾਣਗੇ ਅਤੇ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਤੇ ਸੜਕਾਂ ‘ਤੇ ਪ੍ਰੀਮਿਕਸ ਤੇ ਇੰਟਰਲੋਕਿੰਗ ਟਾਈਲਜ਼ ਲਗਾਉਣ ‘ਤੇ ਜੋਰ ਦਿੱਤਾ ਜਾਵੇਗਾ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਕਚਰਾ ਮੁਕਤ ਕਰਨ ਲਈ ਵੱਡੇ ਪੱਧਰ ‘ਤੇ ਪ੍ਰਬੰਧ ਸ਼ੁਰੂ ਕੀਤੇ ਗਏ ਹਨ, ਜਿਸ ਦੇ ਤਹਿਤ ਪਹਿਲਾਂ ਹੀ ਟਰੈਕਟਰ ਟਰਾਲੀਆਂ ਖਰੀਦੀਆਂ ਗਈਆਂ ਹਨ ਅਤੇ ਜਰੂਰਤ ਪੈਣ ‘ਤੇ ਹੋਰ ਟਰੈਕਟਰ ਟਰਾਲੀਆਂ ਖਰੀਦਣ ਸੰਬੰਧੀ ਹਾਊਸ ਵਿੱਚ ਮਤਾ ਰੱਖਿਆ ਜਾਵੇਗਾ, ਤਾਂ ਜੋ ਬਠਿੰਡਾ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ ਅਤੇ ਸਫਾਈ ਦੇ ਮਾਮਲੇ ਵਿੱਚ ਬਠਿੰਡਾ ਨੂੰ ਦੇਸ਼ ਦਾ ਆਦਰਸ਼ ਸ਼ਹਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟਰੈਫਿਕ ਸਮੱਸਿਆ ਦੇ ਸੁਧਾਰ ਲਈ ਸ਼ਹਿਰ ਵਿੱਚ ਲਗਾਈਆਂ ਜਾਣ ਵਾਲੀਆਂ ਰੇਹੜੀਆਂ, ਫੜ੍ਹੀਆਂ ਤੇ ਆਟੋ ਰਿਕਸ਼ਾ ਲਈ ਵੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਪਿਛਲੇ ਤਿੰਨ ਸਾਲਾਂ ਦਾ ਕੂੜੇ ਦਾ ਅੱਧਾ ਬਿਲ ਮਾਫ ਕਰਨ ਲਈ ਹੋਵੇਗੀ ਚਰਚਾ, ਚੰਡੀਗੜ੍ਹ ਦੀ ਤਰਜ਼ ‘ਤੇ ਸ਼ਹਿਰ ਦੇ ਚੌਂਕ ਤੇ ਗ੍ਰੀਨ ਬੈਲਟ ਦੀ ਹੋਵੇਗੀ ਸੰਭਾਲ

ਨਗਰ ਨਿਗਮ ਦੇ ਬਿਜਲੀ ਬਿੱਲ ਵਿੱਚ ਕਮੀ ਲਿਆਉਣ ਲਈ ਅੱਠ ਏਕੜ ਜਗ੍ਹਾ ‘ਤੇ ਸੋਲਰ ਪਲਾਂਟ ਪ੍ਰੋਜੈਕਟ ਅਤੇ ਸੀਨੀਅਰ ਸਿਟੀਜਨ ਲਈ ਲਾਇਬਰੇਰੀ ਦੀ ਪੇਸ਼ਕਸ਼
ਮੇਅਰ ਦੇਣ ਜਾ ਰਹੇ ਹਨ ਵੱਡੀ ਸੌਗਾਤ: ਲਾਈਨੋਂ ਪਾਰ ਖੇਤਰ ਵਿੱਚ ਕਮਿਊਨਿਟੀ ਹਾਲ ਤੇ ਬੱਚਿਆਂ ਲਈ ਖੇਡ ਸੈਂਟਰ: ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ
Leave a comment