ਕਾਂ ਦਾ ਪਿਆਸ ਨਾਲ ਬੁਰਾ ਹਾਲ ਸੀ । ਉਹ ਪਾਣੀ ਵਾਲੇ ਘੜੇ ਕੋਲ ਬੈਠਾ ਸੀ । ਘੜੇ ਵਿੱਚ ਪਾਣੀ ਵੀ ਸੀ , ਕੋਲ ਗੀਟੇ ਵੀ ਪਏ ਸਨ ਪਰ ਕਾਂ ਜੱਕੋ ਤੱਕੀ ਵਿੱਚ ਬੈਠਾ ਸੀ । ਉਹਦੀ ਹਾਲਤ ਵੇਖ ਕੇ ਕੋਲੋਂ ਲੰਘਦੇ ਬਜੁਰਗ ਕਾਂ ਨੇ ਇਸ਼ਾਰਾ ਕੀਤਾ ਕਿ ਆਪਣਾ ਖਾਨਦਾਨੀ ਤਰੀਕਾ ਵਰਤ ਕੇ ਪਾਣੀ ਪੀ ਲੈ ।
ਪਿਆਸਾ ਕਾਂ ਬੋਲਿਆ, “ ਆਏਂ ਕਿਵੇਂ ਪੀ ਲਵਾਂ ? ਜਨਤਕ ਪਾਣੀ ਹੈ । ਜਦੋਂ ਤੱਕ ਲਿਖਤੀ ਲੈਟਰ ਜਾਰੀ ਨਹੀਂ ਹੁੰਦਾ , ਮੈ ਪਾਣੀ ਨਹੀਂ ਪੀ ਸਕਦਾ । ਪਾਣੀ ਦਾ ਮੁੱਦਾ ਇਸ ਵੇਲੇ ਬੜਾ ਗੰਭੀਰ ਮੁੱਦਾ ਹੈ । ਕਹਿੰਦੇ ਤੀਜੀ ਜੰਗ ਵੀ ਜੇ ਲੱਗੀ ਤਾਂ ਪਾਣੀ ਪਿੱਛੇ ਲੱਗੂਗੀ । ਹੱਦ ਹੋ ਗਈ ਤੇਰੇ ਵਾਲੀ ,ਤੈਨੂੰ ਇੰਨਾ ਵੀ ਨਹੀਂ ਪਤਾ”
ਬਜੁਰਗ ਕਾਂ ਨੇ ਤਰਸ ਖਾ ਕੇ ਉਦੋਂ ਹੀ ਜੰਗਲ ਦੇ ਰਾਜੇ ਤੋਂ ਪਾਣੀ ਪੀਣ ਲਈ ਲੈਟਰ ਜਾਰੀ ਕਰਵਾ ਦਿੱਤਾ ।
“ਥੱਲੇ ਕਿਸੇ ਦੇ ਸਾਈਨ ਤਾਂ ਹੈ ਹੀ ਨਹੀਂ” ਜਵਾਨ ਪਿਆਸਾ ਕਾਂ ਬੋਲਿਆ।
ਬਜੁਰਗ ਕਾਂ ਨੇ ਸਾਈਨ ਵੀ ਕਰਵਾ ਦਿੱਤੇ ।
“ਤਰੀਕ ਕਿੱਥੇ ਐ ?” ਪਿਆਸੇ ਕਾਂ ਦੀ ਜੀਭ ਬਾਹਰ ਨਿਕਲੀ ਪਈ ਸੀ।
ਬਜੁਰਗ ਕਾਂ ਨੇ ਤਰੀਕ ਵੀ ਪਵਾ ਦਿੱਤੀ ।
“ਇਹਦੇ ‘ਚ ਸਪਸ਼ਟ ਕਰੋ ਕਿ ਇਸ ਤਰਾਂ ਸਿਰਫ ਮੈ ਹੀ ਪਾਣੀ ਪੀ ਸਕਦਾ ਹਾਂ ਜਾਂ ਬਾਕੀ ਜਾਨਵਰ ਵੀ ਪੀ ਸਕਦੇ ਹਨ ? ਘੁੱਗੀਆਂ , ਗਟਾਰਾਂ , ਚਿੜੀਆਂ ਆਦਿ ਲਈ ਵੀ ਇਹ ਲੈਟਰ ਲਾਗੂ ਹੁੰਦਾ ਹੈ ਜਾਂ ਨਹੀਂ ?”
“ਯਾਰ ਤੂੰ ਪੀ ਲੈ , ਬਾਕੀ ਆਪੇ ਆਵਦੇ ਬਾਰੇ ਸੋਣ ਲੈਣਗੇ” ਬਜੁਰਗ ਦਾ ਸਬਰ ਜਵਾਬ ਦੇ ਰਿਹਾ ਸੀ ।
“ਲੈ ਆਏਂ ਕਿਵੇਂ ਪੀ ਲਵਾਂ ? ਇਸ ਪੱਤਰ ਵਿੱਚ ਗਲਤੀਆਂ ਹੀ ਬਹੁਤ ਨੇ ।ਜੂਨੀਅਰ ਤੇ ਸੀਨੀਅਰ ਕਾਵਾਂ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਨਾ ਹੀ…” ਪਿਆਸਾ ਕਾਂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਕਿ ਬਜੁਰਗ ਕਾਂ ਨੇ ਵਿੱਚੋਂ ਹੀ ਟੋਕਿਆ , “ਤੂੰ ਰੋਟੀ ਪਾਣੀ ਕਿੱਥੋਂ ਛਕਦੈਂ ਅੱਜਕੱਲ ?”
“ ਪਿੰਡ ਦੇ ਸਕੂਲ ‘ਚੋਂ ।ਮਾਸਟਰਾਂ ਨਾਲ ਬੁਰਕੀ ਸਾਂਝੀ ਹੈ ਮੇਰੀ ।” ਕਾਂ ਨੇ ਮਾਣ ਨਾਲ ਦੱਸਿਆ ।ਉਂਝ ਉਹ ਪਿਆਸ ਨਾਲ ਮਰਨ ਵਾਲਾ ਹੋਇਆ ਪਿਆ ਸੀ ।
“ਤਾਹੀਓਂ….” ਕਹਿੰਦਾ ਹੋਇਆ ਬਜੁਰਗ ਕਾਂ ਉਡਾਰੀ ਮਾਰ ਗਿਆ ।
ਪਿਆਸਾ ਕਾਂ: ਸੰਗਤ ਦਾ ਅਸਰ { ਵਿਅੰਗ }
Leave a comment