ਹਰ ਦਿਨ ਅੱਜ ਵੀ ਨਾਲ ਤੇਰੇ ਮੈਨੂੰ ਨਵਾਂ ਹੈ ਲੱਗਦਾ,
ਓਵੇਂ ਅੱਖੀਆਂ ਦੇ ਵਿੱਚ ਪਹਿਲਾਂ ਵਾਂਗੂੰ ਪਿਆਰ ਹੈ ਜਗਦਾ।
ਉਹੀ ਭੋਲਾਪਣ ਜਾਪਦਾ ਤੇਰੇ ਮਾਸੂਮ ਜੇ ਚਿਹਰੇ ’ਤੇ,
ਓਵੀਂ ਪਿਆਰ, ਰੋਹਬ ਤੇ ਹੱਕ ਜਤਾਉਣਾ ਅੱਜ ਵੀ ਮੇਰੇ ’ਤੇ।
ਜੇ ਵਕਤ ਗੁਜ਼ਰ ਰਿਹਾ ਕਿੰਨਾ ਚੰਗਾ ਆਪਣੇ ਦੋਵਾਂ ਦਾ,
ਇਹ ਤੇਰੇ ਮੇਰੇ ਕੀਤੇ ਕੌਲ ਕਰਾਰ ਦੀ ਗੱਲ ਆ।
ਬੇਸ਼ੱਕ ਵਿਆਹ ਹੋਏ ਨੂੰ ਕਿੰਨੇ ਸਾਲ ਬੀਤ ਗਏ,
ਇੰਝ ਲੱਗਦਾ ਏ ਜਿਵੇਂ ਓ ਪਰ-ਪਰਾਰ ਦੀ ਗੱਲ ਆ।
ਰੀਝ ਪੂਰੀ ਮੇਰੀ ਕਰਨ ਲਈ ਨਾ ਮੱਥੇ ਵੱਟ ਪਾਵੇ,
ਜ਼ਿੰਦਗੀ ਦਾ ਹਰ ਦੁੱਖ-ਸੁੱਖ ਮੇਰੇ ਨਾਲ ਹੰਢਾਵੇ।
ਅੱਖੋਂ ਓਹਲੇ ਕੀਤੀਆਂ ਕਿੰਨੀਆਂ ਮੇਰੀਆਂ ਕਮੀਆਂ,
ਸਾਂਝੀਆਂ ਕਰਦਾ ਨਾਲ ਮੇਰੇ ਸਭ ਖੁਸ਼ੀਆਂ-ਗ਼ਮੀਆਂ।
ਮੈਂ ਹੁਕਮ ਸਮਝ ਕੇ ਮੰਨਦੀ ਆ ਤੇਰੀ ਹਰ ਗੱਲ ਆਖੀ ਨੂੰ,
ਇਹ ਤੇਰੇ ਉੱਤੇ ਕੀਤੇ ਗਏ ਇਤਬਾਰ ਦੀ ਗੱਲ ਆ।
ਬੇਸ਼ੱਕ ਵਿਆਹ ਹੋਏ ਨੂੰ ਕਿੰਨੇ ਸਾਲ ਬੀਤ ਗਏ,
ਇੰਝ ਲੱਗਦਾ ਏ ਜਿਵੇਂ ਓ ਪਰ-ਪਰਾਰ ਦੀ ਗੱਲ ਆ।
ਤੂੰ ਮੋਰ ਪੰਖੀ ਜਿਹੀ ਚੁੰਨੀ ਪਹਿਲੀ ਵਾਰ ਦਵਾਈ ਸੀ
ਮੈਨੂੰ ਵਾਹਲੀ ਸੋਹਣੀ ਲੱਗਦੀ ਰੀਝਾਂ ਨਾਲ ਹੰਢਾਈ ਸੀ
ਤੁਰਦਾਂ ਤੂੰ ‘ਗੁਲਜ਼ਾਰ’ ਲੱਗੇ ਜਿਵੇਂ ਪਾਣੀ ਰਾਵੀ ਦਾ
ਗੁੱਸਾ ਤੇਰਾ ਇੰਝ ਲੱਗਦਾ ਏ ਜਿਵੇਂ ਸੇਕ ਵੇ ਆਵੀ ਦਾ
ਫੁੱਲੂਵਾਲੇ ਦੀ ਰੇਤ ’ਚ ਖੁਸ਼ੀਆਂ ਦੂਣੀਆਂ ਉੱਗਦੀਆਂ ਨੇ
ਨਾ ਜ਼ੁਬਾਨ ਇੱਥੋਂ ਦੀ ਕਰਦੀ ਕਦੇ ਹੰਕਾਰ ਦੀ ਗੱਲ ਆ
ਬੇਸ਼ੱਕ ਵਿਆਹ ਹੋਏ ਨੂੰ ਕਿੰਨੇ ਸਾਲ ਬੀਤ ਗਏ,
ਇੰਝ ਲੱਗਦਾ ਏ ਜਿਵੇਂ ਓ ਪਰ-ਪਰਾਰ ਦੀ ਗੱਲ ਆ।