10 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਇਸ ਦੇ ਮੁਕੰਮਲ ਨਿਪਟਾਰੇ ਲਈ ਜ਼ਿਲ੍ਹੇ ਦੇ ਪਿੰਡ ਰਾਮਨਗਰ, ਭੋਖੜਾ, ਜਿਉਂਦ, ਦੌਲਤਪੁਰਾ, ਪਿੱਥੋ ਤੇ ਅਕਲੀਆ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ। ਕੈਂਪਾਂ ਦੌਰਾਨ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖੇਤੀ ਮਸ਼ੀਨਰੀ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਲਗਾਏ ਗਏ ਕੈਂਪਾਂ ਦੌਰਾਨ ਵੱਖ-ਵੱਖ ਖੇਤੀ ਮਾਹਰਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪਰਾਲੀ ਦੀ ਸਾਂਭ-ਸੰਭਾਲ ਨਾਲ ਮੌਸਮ ਤੇ ਮਾੜੇ ਪਾਣੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ 3-4 ਸਾਲ ਪਰਾਲੀ ਨੂੰ ਖੇਤ ਵਿੱਚ ਦਬਾਉਣ ਨਾਲ ਜਮੀਨ ਵਿਚਲੀ ਮੱਲੜ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ।
ਇਨ੍ਹਾਂ ਕੈਂਪਾਂ ਦੌਰਾਨ ਅਗਾਂਹਵਧੂ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਆਪੋ-ਆਪਣੇ ਤਜ਼ਰਬੇ ਵੀ ਸਾਂਝੇ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਤੇ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।