*ਵਿਧਾਇਕ ਬਣਾਂਵਾਲੀ ਵੱਲੋਂ ਹਲਕੇ ਦੇ ਪੰਜ ਪਿੰਡਾਂ ‘ਚ ਨਸ਼ਾ ਮੁਕਤੀ ਯਾਤਰਾ ਆਯੋਜਿਤ*
*ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਹੋਣ ਦਾ ਦਿੱਤਾ ਸੱਦਾ*
ਸਰਦੂਲਗੜ੍ਹ/ਮਾਨਸਾ, 21 ਜੁਲਾਈ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ਚਲਾਈ ਨਸ਼ਾ ਮੁਕਤੀ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਸ਼ਾ ਮੁਕਤ ਸਮਾਜ ਲਈ ਜਨਤਕ ਭਾਗੀਦਾਰੀ ਦੀ ਅਹਿਮ ਲੋੜ ਹੁੰਦੀ ਹੈ। ਹਰ ਨਾਗਰਿਕ ਨੂੰ ਨਸ਼ੇ ਦੇ ਖਾਤਮੇ ਲਈ ਇਕਜੁੱਟ ਹੋਣ ਦੀ ਲੋੜ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕੇ ਦੇ ਪੰਜ ਪਿੰਡਾਂ ਵਿਚ ਨਸ਼ਾ ਮੁਕਤੀ ਯਾਤਰਾ ਦੌਰਾਨ ਕੀਤਾ।

ਇਸ ਦੌਰਾਨ ਵਿਧਾਇਕ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਜਗਤਗੜ੍ਹ ਬਾਂਦਰਾਂ, ਕੁਸਲਾ, ਕੋਠੇ, ਜਟਾਣਾ ਕਲਾਂ ਅਤੇ ਕੋਟੜਾ ਵਾਸੀਆਂ ਨੂੰ ਇਲਾਕੇ ਵਿਚ ਨਸ਼ਾ ਨਾ ਵਿਕਣ ਦੇਣ ਅਤੇ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਤੋਂ ਦੂਰ ਰਹਿ ਕੇ ਖੇਡਾਂ ਵਿਚ ਆਪਣੀ ਰੁਚੀ ਵਧਾਉਣ ਅਤੇ ਆਪਣੇ ਹੁਨਰ ਦਾ ਵਿਕਾਸ ਕਰਨ ਤਾਂ ਜੋ ਇਕ ਚੰਗਾ ਨਾਗਰਿਕ ਬਣ ਕੇ ਸਮਾਜ ਵਿਚ ਆਪਣਾ ਨਾਮ ਬਣਾਇਆ ਜਾ ਸਕੇ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿਚ ਨਸ਼ਾ ਨਾ ਵਿਕਣ ਦਿੱਤਾ ਜਾਵੇ ਅਤੇ ਪਿੰਡਾਂ ਦੇ ਪਹਿਰੇਦਾਰ ਬਣ ਕੇ ਨਸ਼ਿਆਂ ਖਿਲਾਫ ਡਟ ਕੇ ਖੜ੍ਹਿਆ ਜਾਵੇ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਗੁਰੂਆਂ, ਪੀਰਾਂ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਨੂੰ ਮੁੜ ਨਸ਼ਾ ਮੁਕਤ ਬਣਾਇਆ ਜਾ ਸਕੇ।
ਇਸ ਮੌਕੇ ਐਸ.ਐਚ.ਓ ਜੌੜਕੀਆਂ, ਬੀ.ਡੀ.ਪੀ.ਓ ਸਾਹਿਬਾਨ, ਪੰਚਾਇਤ ਅਤੇ ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀ, ਸਰਪੰਚ ਸਾਹਿਬਾਨ, ਸਮੂਹ ਪੰਚਾਇਤਾਂ, ਪਿੰਡਾਂ ਦੇ ਅਹੁਦੇਦਾਰ ਸਾਹਿਬਾਨ,ਕਲੱਬਾਂ ਦੇ ਨੌਜਵਾਨ, ਪਾਰਟੀ ਦੇ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ।
