ਸਰਹੱਦੀ ਜ਼ਿਲ੍ਹੇ ਤਰਨਤਾਰਨ ਅੰਦਰ ਜਿੱਥੇ ਹਮੇਸ਼ਾਂ ਅਦਬ ਤੇ ਅਦਬੀ ਹਸਤੀਆਂ ਦੀ ਘਾਟ ਮਹਿਸੂਸ ਕੀਤੀ ਗਈ ਹੈ ਅਤੇ ਚੰਦ ਉਂਗਲਾਂ ਤੇ ਗਿਣਨਯੋਗ ਸਾਹਿਤਿਕ ਹਸਤੀਆਂ ਹੀ ਪੈਦਾ ਹੋਈਆਂ ਹਨ।ਓਥੇ ਸਰਹੱਦ ਦੇ ਨਾਲ ਲਗਦੇ ਪਿੰਡ ਬਹਿੜਵਾਲ ਵਿੱਚ ਨੌਜਵਾਨ ਕਵੀ ਜਸਪਾਲ ਆਪਣੀਆਂ ਕਵਿਤਾਵਾਂ ਰਾਹੀਂ ਇਲਾਕੇ ਦੀ ਅਦਬੀ ਘਾਟ ਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਸੇ ਤਹਿਤ ਜਸਪਾਲ ਦੀ ਪਲੇਠੀ ਕਾਵਿ ਪੁਸਤਕ ਦੋਹਰੇ ਕਿਰਦਾਰ ਦਾ ਲੋਕ ਅਰਪਣ ਸਥਾਨਕ ਸਮਾਗਮ ਵਿੱਚ ਹੋਇਆ।ਇਸ ਸਮਾਗਮ ਵਿੱਚ ਵੱਖ ਵੱਖ ਵਕਤਿਆਂ ਜਸਪਾਲ ਦੀ ਕਵਿਤਾ ਦੇ ਵਿਸ਼ਾ ਵਸਤੂ ਤੇ ਉਸਦੇ ਜੀਵਨ ਬਾਰੇ ਵਿਸਥਾਰ ਸਹਿਤ ਤੇ ਰੌਚਕ ਢੰਗ ਨਾਲ ਗੱਲਬਾਤ ਕੀਤੀ।ਇਸ ਪੁਸਤਕ ਨੂੰ ਇਲਾਕੇ ਦੀ ਅਦਬੀ ਸੁੰਨ ਨੂੰ ਦੂਰ ਕਰਨ ਲਈ ਚੰਗੀ ਸੁਰੂਆਤ ਮੰਨਿਆ ਗਿਆ।ਇਸ ਮੌਕੇ ਮੁੱਖ ਮਹਿਮਾਨ ਉੱਘੇ ਕਹਾਣੀਕਾਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸਿਮਰਨ ਧਾਲੀਵਾਲ ਵੱਲੋਂ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।ਸਮੂਹ ਹਾਜ਼ਰੀਨ ਨੇ ਜਸਪਾਲ ਨੂੰ ਮੁਬਰਕਬਾਦ ਦਿੱਤੀ।ਇਸ ਸਮਾਗਮ ਵਿੱਚ ਕਵੀ ਜਸਪਾਲ ਦੇ ਪੂਰੇ ਪਰਿਵਾਰ ਸਮੇਤ ਸਿਮਰਨ ਧਾਲੀਵਾਲ,ਮਲਕੀਤ ਰਾਸੀ, ਡੀ ਐਮ ਰਾਜ ਸਿੰਘ, ਕੋਆਰਡੀਨੇਟਰ ਅਮਨਦੀਪ ਸਿੰਘ,ਮਨਮੀਤ ਸਿੰਘ, ਕੁਲਜੀਤ ਕੌਰ ਆਦਿ ਨੇ ਕਿਤਾਬ ਬਾਰੇ ਗੱਲਬਾਤ ਕਰਦਿਆਂ ਸਰੋਤਿਆਂ ਨੂੰ ਕਿਤਾਬ ਪੜ੍ਹਨ ਲਈ ਉਤਸ਼ਾਹਿਤ ਕੀਤਾ।ਪੁਸਤਕ ਸਾਹਿਬਦੀਪ ਪਬਲੀਕੇਸ਼ਨਜ਼ ਵੱਲੋਂ ਛਾਪੀ ਗਈ ਹੈ।