ਯੁਵਕ ਸੇਵਾਵਾਂ ਵਿਭਾਗ ਦੀ ਪੰਜ ਰੋਜ਼ਾ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਵਿੱਚ 115 ਕੁੜੀਆਂ ਨੇ ਹਿੱਸਾ ਲਿਆ
ਚੰਡੀਗੜ੍ਹ, 23 ਦਸੰਬਰ: ਯੁਵਕ ਸੇਵਾਵਾਂ ਵਿਭਾਗ ਵੱਲੋਂ ਕੁੜੀਆਂ ਲਈ ਲਗਾਈ ਗਈ ਪੰਜ ਰੋਜ਼ਾ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਮਾਪਤ ਹੋ ਗਈ। ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੀਆਂ 115 ਲੜਕੀਆਂ ਨੂੰ ਸਰਟੀਫਿਕੇਟ ਵੰਡੇ।
ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਉੱਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਵਿਭਾਗ ਨਵੀਂ ਯੁਵਾ ਨੀਤੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨ ਮੁੰਡੇ-ਕੁੜੀਆਂ ਦੀ ਸਖਸ਼ੀਅਤ ਉਸਾਰੀ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ।
ਇਸ ਮੌਕੇ ਨੈਸ਼ਨਲ ਐਵਾਰਡ ਜੇਤੂ ਸ਼੍ਰੈਯਾ ਮੈਨੀ ਵੱਲੋਂ ਵਿਸ਼ੇਸ ਲੈਕਚਰ ਦਿੱਤਾ ਗਿਆ ਅਤੇ ਵਰਕਸ਼ਾਪ ਵਿੱਚ ਸ਼ਾਮਿਲ ਲੜਕੀਆਂ ਨੂੰ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਲਈ ਮਾਪਦੰਡਾਂ ਬਾਰੇ ਜਾਣੂ ਕਰਵਾਇਆ। ਨੈਸ਼ਨਲ ਐਵਾਰਡ ਲਈ ਲੋੜੀਂਦੀਆਂ ਗਤੀਵਿਧੀਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਹੋਰ ਉੱਘੇ ਮਾਹਿਰਾਂ ਵੱਲੋਂ 5 ਰੋਜ਼ਾ ਵਰਕਸ਼ਾਪ ਦੌਰਾਨ ਲੜਕੀਆਂ ਨੂੰ ਮੋਟੀਵੇਸ਼ਨਲ ਲੈਕਚਰ, ਸ਼ੋਸਲ ਮੀਡਿਆ ਦੇ ਲਾਭ ਅਤੇ ਹਾਨੀਆਂ, ਕਿੱਤਾ ਮੁੱਖੀ ਕੋਰਸਾਂ, ਸਾਹਿਤਕ ਗਤੀਵਿਧੀਆ ਨੈਤਿਕ ਜ਼ਿੰਮੇਵਾਰੀਆਂ ਅਤੇ ਕਦਰਾਂ ਕੀਮਤਾਂ ਸਬੰਧੀ ਲੈਕਚਰ ਦਿੱਤੇ ਗਏ। ਇਸ ਮੌਕੇ ਵਿਭਾਗ ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਸਬੰਧੀ ਵੱਡਮੁੱਲੀ ਜਾਣਕਾਰੀ ਨੌਜਵਾਨਾਂ ਨਾਲ ਸਾਂਝੀ ਕੀਤੀ ਗਈ।
ਵਰਕਸ਼ਾਪ ਦੇ ਆਖਰੀ ਦਿਨ ਵਿਭਾਗ ਵੱਲੋਂ ਚੰਡੀਗੜ੍ਹ ਸੈਰ ਸਪਾਟਾ ਵਿਭਾਗ ਦੀ ਹੌਪ ਆਨ-ਹੌਪ ਬੱਸ ਰਾਹੀਂ ਚੰਡੀਗੜ੍ਹ ਦੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਅਤੇ ਹੋਰ ਪ੍ਰਸਿੱਧ ਸਥਾਨਾਂ ਦੀ ਸੈਰ ਵੀ ਕਰਵਾਈ।
ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਰੁਪਿੰਦਰ ਕੌਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਹੋਏ।