ਸ਼ਹਿਰ ਵਿੱਚ ਜਨਤਕ ਥਾਵਾਂ ਬਜਾਰਾਂ ਮੁਹੱਲਿਆਂ ਵਿੱਚ ਹਜਾਰਾਂ ਪਰਚੇ ਵੰਡ ਕੇ ਸਰਕਾਰ ਦੀ ਵਾਅਦਾ ਖਿਲਾਫ਼ੀ ਦਾ ਕੀਤਾ ਜਾਵੇਗਾ ਪਰਦਾਫਾਸ਼।।
ਹੁਣ ਤੱਕ ਮੌਜੂਦਾ ਸਰਕਾਰ ਨਾਲ ਹੋਈਆਂ 26 ਮੀਟਿੰਗਾਂ ਸਿਰਫ਼ ਲਾਰੇਬਾਜੀ ਸਾਬਿਤ ਹੋਈਆਂ।।
ਮਾਨਸਾ, 13 ਨਵੰਬਰ (ਨਾਨਕ ਸਿੰਘ ਖੁਰਮੀ)
ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਸਿਹਤ ਕਾਮੇ ਠੇਕਾ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ। ਐਨ.ਐਚ.ਐਮ ਇੰ. ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਲਗਪਗ ਢਾਈ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਦੇ ਦੂਜੇ ਪੜਾਅ ਤੇ ਮਿਤੀ 16/11/2024 ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਪੋਲ ਖੋਲ ਰੈਲੀਆਂ ਕਰਕੇ ਪਰਚੇ ਵੰਡੇ ਜਾਣਗੇ। ਇਹ ਜਾਣਕਾਰੀ ਐਨ.ਐਚ.ਐਮ ਇੰਪਲਾਇਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਵਾਹਿਦ ਮਾਲੇਰਕੋਟਲਾ ਨੇ ਦਿੱਤੀ। ਇਸ ਮੌਕੇ ਅਵਤਾਰ ਸਿੰੰਘ ਸੀਨੀਅਰ ਸੂਬਾ ਆਗੂ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਬਾਏ ਲਾਅਜ਼ ਬਣਾ ਕੇ ਰੈਗੂਲਰ ਪੇਅ ਸਕੇਲ, ਪੇਅ ਕਮਿਸ਼ਨ,ਡੀ.ਏ ਅਤੇ ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਪੰਜਾਬ ਵਿੱਚ ਵੀ ਲਾਗੂ ਹੋਣੀਆਂ ਚਾਹੀਦੀਆਂ ਹਨ। ਐਨ.ਐਚ.ਐਮ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਗੂਲਰਾਈਜੇਸ਼ਨ, ਹਰਿਆਣਾ ਦੀ ਤਰਜ ਤੇ ਬਾਏ ਲਾਅਜ਼ ਬਣਾ ਕੇ ਮੌਜੂਦਾ ਤਨਖਾਹਾਂ ਵਿੱਚ ਵਾਧਾ ਕਰਨਾ,ਲਾਇਲਟੀ ਬੋਨਸ, ਹੈਲਥ ਇੰਸੋਰੈਂਸ਼, ਗ੍ਰੈਚਇਟੀ ਆਦਿ ਹਨ, ਇਸ ਮੌਕੇ ਰਵਿੰਦਰ ਕੁਮਾਰ ਜਿਲਾ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਦੀਆਂ ਜਾਇਜ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਕੇ ਬਣਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ । ਇਸ ਮੌਕੇ ਸੂਬਾਈ ਆਗੂਆਂ ਨੇ ਰੋਸ਼ ਜਾਹਰ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਥਾਂ ਯੂਨੀਅਨ ਆਗੂਆਂ ਨਾਲ ਪੈਨਲ ਮੀਟਿੰਗਾਂ ਕਰਨ ਤੋਂ ਭੱਜਦੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜਗਦੇਵ ਸਿੰਘ, ਹੈਰੀ ਗੋਇਲ, ਲਵਲੀ ਗੋਇਲ,ਹਰਜਿੰਦਰ ਸਿੰਘ,ਸੋਨੂੰ ਬਾਲਾ,ਰਾਜਵੀਰ ਕੌਰ,ਮੀਨਾਕਸ਼ੀ ਆਦਿ ਹਾਜਰ ਸਨ।