ਬੁਢਲਾਡਾ, 20 ਜੁਲਾਈ (ਨਾਨਕ ਸਿੰਘ ਖੁਰਮੀ)
ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਅੱਜ ਸ਼ਹੀਦ ਕੈਪਟਨ ਕੇ ਕੇ ਗੌੜ ਯਾਦਗਾਰੀ ਪੀ ਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਬੁਢਲਾਡਾ ਵਿਚ ਵਣ ਮੇਲਾ 2025 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਕਰੀਬਨ 8000 ਲੋਕਾਂ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਭਾਗ ਲਿਆ। ਮੇਲੇ ਦਾ ਮੁੱਖ ਟੀਚਾ ਇਲਾਕੇ ਵਿੱਚ 25,000 ਪੌਦੇ ਲਗਾਉਣਾ ਸੀ, ਜਿਸ ਅਧੀਨ 16,000 ਪੌਦਿਆਂ ਨੂੰ ਨਿਯਮਾਂ ਅਨੁਸਾਰ ਗੋਦ ਦਿੱਤਾ ਗਿਆ ਅਤੇ 9000 ਪੌਦੇ ਵੱਖ ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਲਗਵਾਏ ਗਏ।
ਮੇਲੇ ਵਿੱਚ 70 ਦੇ ਕਰੀਬ ਸਟਾਲਾਂ ਲਗਾਈਆਂ ਗਈਆਂ, ਜਿਨ੍ਹਾਂ ਵਿੱਚ ਖੇਤੀਬਾੜੀ, ਬਾਗਬਾਨੀ, ਆਰਗੈਨਿਕ ਉਤਪਾਦ, ਖਾਦਾਂ , ਕਿਤਾਬਾਂ, ਹਰਬਲ ਚੀਜਾਂ, ਅਤੇ ਹੋਰ ਸਬੰਧਿਤ ਸਮਾਨ ਸ਼ਾਮਿਲ ਸੀ। ਇਸ ਦੇ ਨਾਲ ਹੀ 80 ਤੋਂ ਵੱਧ ਕਿਸਮਾਂ ਦੇ ਛਾਂਦਾਰ, ਫ਼ਲਦਾਰ, ਫੁੱਲਦਾਰ ਅਤੇ ਸਜਾਵਟੀ ਪੌਦੇ ਲੋਕਾਂ ਨੂੰ ਦਿੱਤੇ ਗਏ। ਪੌਦਾ ਦੇਣ ਸਮੇਂ ਸੰਸਥਾ ਵਲੋਂ ਹਰੇਕ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਪੌਦੇ ਲਗਾਉਣ ਦੀ ਵਿਧੀ ਵੀ ਸਮਝਾਈ ਗਈ। ਖਾਦ ਵੀ ਮੁਫ਼ਤ ਵੰਡਿਆ ਗਿਆ।
ਮੁੱਖ ਮਹਿਮਾਨ ਡਾ. ਰਜਨੀਸ਼ ਵਰਮਾ, ਰਾਉਂਡਗਲਾਸ ਫਾਊਂਡੇਸ਼ਨ ਮੋਹਾਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਦੀ ਸੰਸਥਾ ਵਲੋਂ ਰਵਾਇਤੀ ਬੀਜਾਂ ਦੀ ਪ੍ਰਦਰਸ਼ਨੀ ਅਤੇ ਪੁਰਾਤਣ ਰਵਾਇਤੀ ਰੁੱਖਾਂ ਦੀ ਸਟਾਲ ਵੀ ਲਗਾਈ ਗਈ। ਇਸ ਮੌਕੇ ‘ਤੇ ਇਲਾਕੇ ਦੀਆਂ ਸਨਮਾਨਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਸਭ ਨੂੰ ਅਪੀਲ ਕੀਤੀ ਗਈ ਕਿ ਪੌਦਿਆਂ ਦੇ ਵਿਕਾਸ ਦੀਆਂ ਫੋਟੋਆਂ ਸੰਸਥਾ ਤੱਕ ਜ਼ਰੂਰ ਭੇਜਨ।
ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਇਹ ਮੇਲਾ ਉਹਨਾਂ ਵੱਲੋਂ ਤੀਸਰੀ ਵਾਰ ਲਗਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਸੰਸਥਾ ਵੱਲੋਂ ਨੇਕੀ ਨਰਸਰੀ ਬਣਾਕੇ ਹਰ ਸਾਲ 12000 ਪੌਦੇ ਖ਼ੁਦ ਤਿਆਰ ਕੀਤੇ ਜਾਂਦੇ ਹਨ ਅਤੇ ਵੱਖ ਵੱਖ ਥਾਵਾਂ ਤੇ ਲਗਵਾਏ ਜਾਂਦੇ ਹਨ। ਸੰਸਥਾ ਵੱਲੋਂ 25 ਦੇ ਕਰੀਬ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜਿਹਨਾਂ ਵਿੱਚੋਂ ਵਾਤਾਵਰਨ ਦੇ ਪ੍ਰੋਜੈਕਟ ਅਧੀਨ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਮੇਲੇ ਵਿੱਚ ਦੂਰੋਂ ਦੂਰੋਂ ਪਹੁੰਚੇ ਲੋਕਾਂ ਵੱਲੋਂ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਅਜਿਹੇ ਮੇਲੇ ਸਦਾ ਲੱਗਦੇ ਰਹਿਣ।
ਮੇਲੇ ਦੇ ਸਫਲ ਆਯੋਜਨ ਵਿੱਚ ਵਣ ਵਿਭਾਗ ਮਾਨਸਾ, ਸਕੂਲ ਪ੍ਰਿੰਸੀਪਲ ਅਤੇ ਸਟਾਫ਼, ਸਾਬਕਾ ਸੈਨਿਕਾਂ ਦੀ ਟੀਮ, ਰਹਿਮਤ ਫਾਊਂਡੇਸ਼ਨ ਦੇ ਵਲੰਟੀਅਰਾਂ, ਮੁਨੀਮ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਵਲੰਟੀਅਰਾਂ ਨੇ ਮੁੱਖ ਭੂਮਿਕਾ ਨਿਭਾਈ।