ਬੁਢਲਾਡਾ 15 ਜੁਲਾਈ , (ਨਾਨਕ ਸਿੰਘ ਖੁਰਮੀ ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਦੀ ਪ੍ਰੇਰਨਾ ਨਾਲ ਮਰਨ ਉਪਰੰਤ ਮ੍ਰਿਤਿਕ ਦੀਆਂ ਅੱਖਾਂ ਦਾਨ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਸ਼ਹਿਰ ਦੇ ਵਸਨੀਕ ਮਾਤਾ ਹਰਬਿੰਦਰ ਕੌਰ (65 ਸਾਲ) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦਾ ਪਤਾ ਲੱਗਿਆ ਤਾਂ ਸੰਸਥਾ ਨੇ ਪਰਿਵਾਰ ਦਾ ਦੁੱਖ ਸਾਂਝਾ ਕਰਦੇ ਹੋਏ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸੇ ਮੌਕੇ ਸੰਸਥਾ ਵੱਲੋਂ ਏਮਜ਼ ਹਸਪਤਾਲ ਬਠਿੰਡਾ ਦੀ ਡਾਕਟਰੀ ਟੀਮ ਨੂੰ ਬੁਲਾਇਆ ਗਿਆ ਅਤੇ ਮ੍ਰਿਤਿਕ ਦੇ ਪਤੀ ਅਮਰਜੀਤ ਸਿੰਘ ਸਾਹਨੀ, ਪੁੱਤਰ ਜਸਵਿੰਦਰ ਸਿੰਘ ਰੋਮੀ ਅਤੇ ਬੇਟੀ ਮਨਪ੍ਰੀਤ ਕੌਰ ਵੱਲੋਂ ਅੱਖਾਂ ਹਸਪਤਾਲ ਦੀ ਟੀਮ ਨੂੰ ਸੌਂਪੀਆਂ ਗਈਆਂ। ਫਾਉਂਡੇਸ਼ਨ ਦੇ ਮੈਂਬਰਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਦੱਸੀ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਦੋ ਵਿਅਕਤੀਆਂ ਨੂੰ ਦੀਆਂ ਅੱਖਾਂ ਨੂੰ ਰੌਸ਼ਨੀ ਮਿਲ ਜਾਵੇਗੀ। ਸੰਸਥਾ ਨੇ ਦੱਸਿਆ ਕਿ ਇਹ ਅੱਖਾਂ ਬਿਲਕੁੱਲ ਮੁਫ਼ਤ ਏਮਜ਼ ਹਸਪਤਾਲ ਵਿਖੇ ਨੇਤਰਹੀਣ ਵਿਅਕਤੀਆਂ ਨੂੰ ਲਗਾਈਆਂ ਜਾਂਦੀਆਂ ਹਨ। ਜੇਕਰ ਕੋਈ ਮਰਨ ਤੋਂ ਬਾਅਦ ਅੱਖਾਂ ਦਾਨ ਕਰਨਾ ਚਾਹੁੰਦਾ ਹੈ ਜਾਂ ਨੇਤਰਹੀਣ ਅੱਖਾਂ ਲਗਵਾਉਣਾ ਚਾਹੁੰਦਾ ਹੈ, ਉਹ ਸੰਸਥਾ ਨਾਲ ਹੈਲਪਲਾਈਨ 8760371000 ਉੱਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਚਰਨਜੀਤ ਸਿੰਘ ਐੱਸ ਡੀ ਓ, ਪ੍ਰਭਜੋਤ ਸਿੰਘ ਸਾਹਨੀ, ਮਨਿੰਦਰਪਾਲ ਸਿੰਘ ਤੋਂ ਇਲਾਵਾ ਪਰਿਵਾਰਿਕ ਮੈਂਬਰ ਅਤੇ ਸ਼ਹਿਰ ਨਿਵਾਸੀ ਮੌਜ਼ੂਦ ਸਨ।