ਪਾਲੀ ਭੁਪਿੰਦਰ ਸਿੰਘ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਪ੍ਰਮੁੱਖ ਨਾਟਕ ਲੇਖਕ, ਨਿਰਦੇਸ਼ਕ ਅਤੇ ਨਾਟ-ਚਿੰਤਕ ਹੈ. ਚਾਲ੍ਹੀ ਤੋਂ ਵਧੀਕ ਉਸਦੇ ਛੋਟੇ-ਵੱਡੇ ਨਾਟਕ ਆਪਣੇ ਖਾਸ ਨਾਟਕੀ ਅੰਦਾਜ, ਨਵੀਆਂ ਨਾਟ-ਵਿਧੀਆਂ ਅਤੇ ਤਿੱਖੇ ਵਿਅੰਗ ਕਰਕੇ ਪੰਜਾਬੀ ਨਾਟਕ ਦੀ ਖਾਸ ਪਛਾਣ ਬਣੇ ਹੋਏ ਹਨ. ਆਪਣੇ ਸਿਰਜਨਾਤਮਕ ਜੀਵਨ ਦੇ ਪਿਛਲੇ ਅੱਧ ਵਿੱਚ ਉਹ ਸਿਨੇਮਾ ਵੱਲ ਰੁਚਿਤ ਹੋਇਆ ਤੇ ਬਤੌਰ ਲੇਖਕ-ਨਿਰਦੇਸ਼ਕ ਪੰਜਾਬੀ-ਹਿੰਦੀ ਸਿਨੇਮਾ ਅੰਦਰ ਕੰਮ ਕਰ ਰਿਹਾ ਹੈ. ‘ਸਟੂਪਿਡ ਸੈਵਨ’ ਉਸਦੀ ਪਲੇਠੀ ਫਿਲਮ ਸੀ. ਇਸ ਤੋਂ ਇਲਾਵਾ ਇੱਕ ਲੰਬੀ ਕਵਿਤਾ ‘ਆਮ ਆਦਮੀ ਦੀ ਵਾਰ’ ਵੀ ਉਸਦੀ ਰਚਨਾ ਹੈ.
ਨਿੱਜੀ ਜੀਵਨ
ਪਾਲੀ ਭੁਪਿੰਦਰ ਸਿੰਘ (ਦਸਤਾਵੇਜੀ ਨਾਂ ਭੁਪਿੰਦਰ ਸਿੰਘ) ਦਾ ਜਨਮ ਵੰਡ ਵੇਲੇ ਪਾਕਿਤਸਤਾਨੀ ਪੰਜਾਬ ਦੇ ਮੁਲਤਾਨ ਇਲਾਕੇ ਤੋਂ ਭਾਰਤੀ ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਛੋਟੇ ਜਿਹੇ ਕਸਬੇ ਜੈਤੋ ਵਿਖੇ ਆ ਕੇ ਵਸੇ ਇੱਕ ਮੁਲਤਾਨੀ ਪਰਿਵਾਰ ਵਿੱਚ ਹੋਇਆ. ਮੁੱਢਲੀ ਸਿੱਖਿਆ ਜੈਤੋ ਦੇ ਵਿਭਿੰਨ ਸਕੂਲਾਂ ਤੋਂ ਹਾਸਿਲ ਕਰਕੇ ਪਾਲੀ ਨੇ ਗ੍ਰੈਜੂਏਸ਼ਨ ਦੀ ਡਿਗਰੀ 1985 ਵਿੱਚ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਤੋਂ ਹਾਸਿਲ ਕੀਤੀ. ਇੱਥੇ ਹੀ ਐਮ. ਏ. ਪੰਜਾਬੀ ਦਾ ਇੱਕ ਵਰ੍ਹਾ ਲਾਉਣ ਤੋਂ ਬਾਅਦ ਉਸਨੇ ਇੱਕ ਸਾਲ ਪੈਸਟੀਸਾਈਡ ਕੰਪਨੀ ਵਿੱਚ ਨੌਕਰੀ ਕੀਤੀ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਤੌਰ ਪ੍ਰਾਈਵੇਟ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ. 1987 ਵਿੱਚ ਉਹ ਐਮ. ਫਿਲ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਇਆ. 1991 ਵਿੱਚ ਉਸਨੇ ਆਰ. ਐਸ. ਡੀ. ਕਾਲਜ ਫਿਰੋਜਪੁਰ ਵਿਖੇ ਇੱਕ ਸਾਲ ਲਈ ਬਤੌਰ ਪੰਜਾਬੀ ਅਧਿਆਪਕ ਨੌਕਰੀ ਕੀਤੀ. ਸਾਲ 1992 ਵਿੱਚ ਉਹ ਡੀ. ਐਮ. ਕਾਲਜ ਮੋਗੇ ਆ ਗਿਆ ਤੇ 2014 ਤੱਕ ਇੱਥੇ ਹੀ ਰਿਹਾ. 1992 ਵਿੱਚ ਉਸਦਾ ਵਿਆਹ ਬਰਜਿੰਦਰ ਕਾਲਜ ਦੀ ਆਪਣੀ ਸਹਿਪਾਠਣ ਸੰਦੀਪ ਕੱਕੜ ਨਾਲ ਹੋਇਆ. ਸਾਲ 2010 ਵਿੱਚ ਉਸਨੇ ‘ਪੰਜਾਬੀ ਨਾਟਕ ਦਾ ਕਾਵਿ-ਸ਼ਾਸਤਰ’ ਵਿਸ਼ੇ ਉੱਤੇ ਪੰਜਾਬ ਯੂਨੀਵਰਸਿਟੀ ਤੋਂ ਪੀ. ਐਚ. ਡੀ. ਦੀ ਡਿਗਰੀ ਹਾਸਿਲ ਕੀਤੀ. ਸਾਲ 2013 ਵਿੱਚ ਉਸਨੇ ਆਪਣੀ ਪਹਿਲੀ ਪੰਜਾਬੀ ਫਿਲਮ ‘ਸਟੂਪਿਡ ਸੈਵਨ’ ਦਾ ਨਿਰਮਾਣ ਕੀਤਾ. 2014 ਵਿੱਚ ਉਹ ਨੌਕਰੀ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਓਪਨ ਲਰਨਿੰਗ ਸਕੂਲ ਵਿੱਚ ਆ ਗਿਆ ਤੇ ਸਾਲ 2015 ਵਿੱਚ ਬਤੌਰ ਐਸੋਸਿਏਟ ਪ੍ਰੋਫੈਸਰ ਇਸੇ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਆ ਗਿਆ.
ਨਾਟਕ ਅਤੇ ਰੰਗਮੰਚ
ਪਾਲੀ ਭੁਪਿੰਦਰ ਨੇ ਬਹੁਤ ਛੋਟੀ ਉਮਰ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ. ਗ੍ਰੈਜੂਏਸ਼ਨ ਪੂਰੀ ਕਰਨ ਤੱਕ ਉਸਦੀਆਂ ਅਨੇਕ ਕਵਿਤਾਵਾਂ, ਕਹਾਣੀਆਂ ਅਤੇ ਵਿਅੰਗਾਤਮਕ ਨਿਬੰਧ ਪੰਜਾਬੀ ਦੇ ਲੱਗਭਗ ਸਾਰੇ ਪ੍ਰਮੁੱਖ ਅਖਬਾਰਾਂ-ਮੈਗਜੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਸਨ. ਸਾਲ 1994 ਵਿੱਚ ਉਸਨੇ ਬਰਜਿੰਦਰ ਕਾਲਜ ਦੇ ਆਪਣੇ ਦੋਸਤਾਂ ਦੇ ਕਹਿਣ ਉੱਤੇ ਸਾਅਦਤ ਹਸਨ ਮੰਟੋ ਦੀ ਕਹਾਣੀ ‘ਟੋਬਾ ਟੇਕ ਸਿੰਘ’ ਦਾ ਨਾਟਕੀ-ਰੂਪਾਂਤਰਨ ਕੀਤਾ ਜੋ ਉਸੇ ਸਾਲ ਕਾਲਜ ਦੇ ਮੰਚ ਉੱਤੇ ਪ੍ਰਸਤੁਤ ਹੋਇਆ. ਹੁਣ ਪਾਲੀ ਦਾ ਝੁਕਾਅ ਰੰਗਮੰਚ ਵੱਲ ਹੋ ਗਿਆ. ਅਗਲੇ ਹੀ ਸਾਲ ਉਸਨੇ ਆਪਣਾ ਪਹਿਲਾ ਲਘੂ-ਨਾਟਕ ‘ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ’ ਰਚਿਆ ਅਤੇ ਖੁਦ ਆਪਣੇ ਨਿਰਦੇਸ਼ਨ ਵਿੱਚ ਪ੍ਰਸਤੁਤ ਕੀਤਾ. ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ‘ਜਦੋਂ ਮੈਂ ਸਿਰਫ਼ ਇੱਕ ਔਰਤ ਹੁੰਦੀ ਹਾਂ’, ‘ਮਿੱਟੀ ਦਾ ਬਾਵਾ’, ‘ਇੱਕ ਕੁੜੀ ਜ਼ਿੰਦਗੀ ਉਡੀਕਦੀ ਹੈ’ ਅਤੇ ‘ਸਿਰਜਣਾ’ ਜਿਹੇ ਪ੍ਰਸਿੱਧ ਲਘੂ-ਨਾਟਕ ਰਚੇ ਜੋ ਉਸਦੇ ਨਾਲ-ਨਾਲ ਪੰਜਾਬੀ ਨਾਟਕ ਦੀ ਵੀ ਵਿਸ਼ੇਸ਼ ਪਛਾਣ ਬਣੇ.
2003 ਤੱਕ ਪਾਲੀ ਨੇ ਡੇਢ ਦਰਜਨ ਦੇ ਕਰੀਬ ਨਾਟਕ ਰਚ ਦਿੱਤੇ ਸਨ, ਜਿਨ੍ਹਾਂ ਵਿੱਚੋਂ ਬਹੁਤੇ ਇਕਾਂਗੀ ਅਤੇ ਲਘੂ-ਨਾਟਕ ਸਨ. ਉਸਦੀਆਂ ਇਹ ਰਚਨਾਵਾਂ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪੂਰੇ ਉੱਤਰੀ ਭਾਰਤ ਦੇ ਅਕਾਦਮਿਕ ਨਾਟ-ਮੇਲਿਆਂ ਦੀ ਜਾਨ ਬਣੀਆਂ ਹੋਈਆਂ ਸਨ. ਸਾਲ 2003 ਵਿੱਚ ਉਸਨੇ ਪੂਰੇ ਨਾਟਕ ‘ਘਰ-ਘਰ’ ਦੀ ਰਚਨਾ ਕੀਤੀ ਅਤੇ ਆਪਣੇ ਨਿਰਦੇਸ਼ਨ ਵਿੱਚ ਪਹਿਲੀ ਵਾਰ ਉਸਨੇ ਪੰਜਾਬ ਤੋਂ ਬਾਹਰ ਦਿੱਲੀ ਵਿੱਚ ਇਹ ਨਾਟਕ ਮੰਚਿਤ ਕੀਤਾ. ਹੁਣ ਉਸਦੀ ਰਚਨਾ ਅਤੇ ਪੇਸ਼ਕਾਰੀਆਂ ਦਾ ਦਾਇਰਾ ਵੱਡਾ ਹੋ ਗਿਆ ਤੇ ਆਉਂਦੇ ਸਾਲਾਂ ਵਿੱਚ ਉਸਨੇ ‘ਟੈਰੋਰਿਸਟ ਦੀ ਪ੍ਰੇਮਿਕਾ’, ‘ਈਡੀਪਸ’ ਅਤੇ ‘ਤੁਹਾਨੂੰ ਕਿਹੜਾ ਰੰਗ ਪਸੰਦ ਹੈ’ ਜਿਹੇ ਆਪਣੇ ਪ੍ਰਤੀਨਿਧ ਵੱਡੇ ਨਾਟਕ ਰਚੇ ਅਤੇ ਦੇਸ਼ ਭਰ ਵਿੱਚ ਆਪਣੀ ਪਛਾਣ ਬਣਾਈ. ਸਾਲ 2006 ਵਿੱਚ ਉਸਨੇ ਪ੍ਰਵਾਸੀ ਪੰਜਾਬੀ ਜੀਵਨ ਨਾਲ ਸਬੰਧਤ ਨਾਟਕ ‘ਰਾਤ ਚਾਨਣੀ’ ਦੀ ਰਚਨਾ ਕੀਤੀ ਅਤੇ ਆਪਣੇ ਨਿਰਦੇਸ਼ਨ ਵਿੱਚ ਹੀ ਕਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਇਸਦੀਆਂ ਪੇਸ਼ਕਾਰੀਆਂ ਕੀਤੀਆਂ. 2007 ਵਿੱਚ ਉਸਨੇ ‘ਟੈਰੋਰਿਸਟ ਦੀ ਪ੍ਰੇਮਿਕਾ’ ਦੀ ਲਹੌਰ ਵਿਖੇ ਪੇਸ਼ਕਾਰੀ ਦਿੱਤੀ, ਜਿਸਨੂੰ ਉੱਥੋਂ ਦੇ ਨੈਸ਼ਨਲ ਮੀਡੀਆ ਨੇ ਪ੍ਰਮੁੱਖਤਾ ਨਾਲ ਥਾਂ ਦਿੱਤੀ. 2008 ਵਿੱਚ ਉਸਨੇ ‘ਰੌਂਗ ਨੰਬਰ’ ਦੀ ਰਚਨਾ ਕੀਤੀ ਅਤੇ ਟੋਰਾਂਟੋ, ਦਿੱਲੀ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਇਸਦੀਆਂ ਅਨੇਕ ਪੇਸ਼ਕਾਰੀਆਂ ਕੀਤੀਆਂ. 2009 ਵਿੱਚ ਉਸਨੇ ਆਪਣਾ ਪ੍ਰਸਿੱਧ ਸੋਲੋ-ਨਾਟਕ ‘ਪਿਆਸਾ ਕਾਂ’ ਲਿਖਿਆ ਅਤੇ ਦੇਸ ਦੇ ਅਨੇਕ ਸ਼ਹਿਰਾਂ ਵਿੱਚ ਮੰਚਿਤ ਕੀਤਾ. ਇਸ ਤੋਂ ਬਾਅਦ ‘ਖੱਡ’ (2011) ਆਪਣੇ ਮਨੋਵਿਗਿਆਨਕ ਵਿਸ਼ੇ, ਕਨੇਡਾ ਵਿੱਚ ਮੰਚਿਤ ਹੋਇਆ ‘ਇੱਕ ਸੁਪਨੇ ਦਾ ਰਾਜਨੀਤਕ ਕਤਲ’ (2013) ਅਤੇ ‘ਦਿੱਲੀ ਰੋਡ ‘ਤੇ ਇੱਕ ਹਾਦਸਾ’ (2015) ਆਪਣੇ ਰਾਜਨੀਤਕ ਦਰਸ਼ਨ ਕਾਰਨ ਚਰਚਿਤ ਹੋਏ ਨਾਟਕ ਹਨ. 2008 ਵਿੱਚ ਰਚਿਆ ਗਿਆ ਉਸਦਾ ਕਾਮੇਡੀ ਨਾਟਕ ‘ਆਰ. ਐਸ. ਵੀ. ਪੀ.’ ਲਗਾਤਾਰ ਕਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਵਰਗੇ ਮੁਲਕਾਂ ਦੇ ਨਾਲ-ਨਾਲ ਭਾਰਤ ਵਿੱਚ ਸਟੇਜ ਹੋ ਰਿਹਾ ਹੈ.
ਪਾਲੀ ਦੇ ਮੁੱਢਲੇ ਨਾਟਕਾਂ ਨਾਲ ਹੀ ਇਹ ਨਜ਼ਰ ਆ ਗਿਆ ਸੀ ਕਿ ਮਨੁੱਖੀ ਮਨ, ਰਿਸ਼ਤਿਆਂ ਅਤੇ ਜੀਵਨ ਵਿੱਚ ਅਨੇਕ-ਪੱਧਰਾਂ ‘ਤੇ ਫੈਲੇ ਤਨਾਅ ਨੂੰ ਉਸਦੇ ਨਾਟਕਾਂ ਵਿੱਚ ਵਿਸ਼ੇਸ਼ ਸਥਾਨ ਮਿਲ ਰਿਹਾ ਹੈ. ਬਾਅਦ ਵਿੱਚ ਪਾਲੀ ਨੇ ਸੁਚੇਤ ਰੂਪ ਵਿੱਚ ‘ਤਨਾਅ’ ਨੂੰ ਰੰਗਮੰਚੀ-ਵਿਧੀ ਦੇ ਰੂਪ ਵਿੱਚ ਅਪਣਾ ਲਿਆ. ਉਹ ਇਸ ਤਨਾਅ ਨੂੰ ਆਪਣੀ ਰਚਨਾ ਦੇ ਬੁਨਿਆਦੀ ਸੂਤਰ ਵਾਂਗ ਇਸਤੇਮਾਲ ਕਰਦਾ ਹੈ ਤੇ ਕਾਵਿਕ ਅਤੇ ਵਿਅੰਗਾਤਮਕ ਸੰਵਾਦਾਂ ਰਾਹੀਂ ਇਸਨੂੰ ਕਈ ਦਿਸ਼ਾਵਾਂ ਵਿੱਚ ਫੈਲਾ ਦਿੰਦਾ ਹੈ. ਉਸਦੀ ਇਸੇ ਵਿਧੀ ਕਰਕੇ ਦਰਸ਼ਕਾਂ ਦੀ ਚੇਤਨਾ ਉੱਤੇ ਉਸਦੀ ਤਾਕਤਵਰ ਪਕੜ ਬਣੀ ਰਹਿੰਦੀ ਹੈ ਅਤੇ ਉਸਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਬਹੁਤ ਤਿੱਖਾ ਪ੍ਰਭਾਵ ਛੱਡਦੀਆਂ ਹਨ. ਵਿਅੰਗ ਅਤੇ ਡਿਬੇਟ ਉਸਦੇ ਦੋ ਪ੍ਰਮੁੱਖ ਹਥਿਆਰ ਹਨ, ਜਿਨ੍ਹਾਂ ਨਾਲ ਉਹ ਵਿਸ਼ੇ ਦੀਆਂ ਅਨੇਕ ਡੂੰਘੀਆਂ ਅਤੇ ਅਣਦਿਸਦੀਆਂ ਪਰਤਾਂ ਉਘਾੜਦਾ ਹੈ. ‘ਤੁਹਾਨੂੰ ਕਿਹੜਾ ਰੰਗ ਪਸੰਦ ਹੈ’ ਉਸਦੀ ਇੱਕ ਮਿਸਾਲੀ ਰਚਨਾ ਹੈ, ਜਿਸ ਵਿੱਚ ਉਹ ਵਿਆਹ, ਨੈਤਿਕਤਾ ਅਤੇ ਕਾਮ ਦੇ ਤੀਹਰੇ ਰਿਸ਼ਤੇ ਉੱਤੇ ਬੌਧਿਕ ਪੱਧਰ ਦਾ ਸੰਵਾਦ ਰਚਾਉਂਦਾ ਹੈ ਪਰ ਸਿਰਫ਼ ਤਨਾਅ ਅਤੇ ਵਿਅੰਗ ਕਰਕੇ ਇਹ ਨਾਟਕ ਕਿਤੇ ਵੀ ਪਕੜ ਛੱਡਦਾ ਨਜ਼ਰ ਨਹੀਂ ਆਉਂਦਾ. ਉਸਦੇ ਨਾਟਕਾਂ ਵਿੱਚ ਪਰਿਸਥਿਤੀਆਂ ਦੀ ਨਾਟਕੀਅਤਾ ਇੱਕ ਪ੍ਰਮੁੱਖ ਲੱਛਣ ਹੈ. ‘ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ’ ਵਿੱਚ ਇੱਕ ਪਾਤਰ ਆਪਣੀ ਬੋਲੀ ਲਾ ਦਿੰਦਾ ਹੈ. ‘ਜ਼ਹਿਰ’ ਵਿੱਚ ਕੁਝ ਪਾਤਰ ਜ਼ਹਿਰ ਪੀਣ ਦਾ ਪ੍ਰਯੋਗ ਕਰਦੇ ਹਨ. ‘ਕੀ ਤੁਹਾਨੂੰ ਕੋਈ ਚੀਖ ਸੁਣਾਈ ਨਹੀਂ ਦੇ ਰਹੀ’ ਵਿੱਚ ਇੱਕ ਘਰ ਵਿੱਚ ਇੱਕ ਔਰਤ ਨਾਲ ਬਲਾਤਕਾਰ ਹੋ ਰਿਹਾ ਹੈ ਪਰ ਬਾਹਰ ਉਸਦੇ ਆਂਢੀ-ਗੁਆਂਢੀ ਉਸਨੂੰ ਬਚਾਉਣ ਦੇ ਤਰੀਕਿਆਂ ਦੇ ਸਿੱਟਿਆਂ ਬਾਰੇ ਗੰਭੀਰ ਚਰਚਾ ਕਰ ਰਹੇ ਹਨ.
ਪਾਲੀ ਦੇ ਅਨੇਕ ਲਘੂ-ਨਾਟਕ ਸਧਾਰਨ ਅਤੇ ਵਕਤੀ ਨਜ਼ਰ ਆਉਂਦੀਆਂ ਸਮਕਾਲੀ ਸਮਾਜਿਕ ਸਮੱਸਿਆਵਾਂ ਨਾਲ ਸ਼ੁਰੂ ਹੁੰਦੇ ਹਨ ਪਰ ਜਲਦੀ ਹੀ ਉਹ ਮਾਨਵ-ਜੀਵਨ ਨਾਲ ਸਬੰਧਤ ਗੰਭੀਰ ਅਤੇ ਦਾਰਸ਼ਨਿਕ ਵਿਸ਼ਿਆਂ ਉੱਤੇ ਚਰਚਾ ਕਰਨ ਲੱਗਦੇ ਹਨ. ‘ਸਿਰਜਣਾ’ ਭਾਵੇਂ ਭਰੂਣ ਹੱਤਿਆ ਦੀ ਸਮਾਜਿਕ-ਸਮੱਸਿਆ ਉੱਤੇ ਲਿਖਿਆ ਗਿਆ ਨਾਟਕ ਜਾਪਦਾ ਹੈ ਪਰ ਇਸਦਾ ਸਵਾਲ ਕਿਤੇ ਗੰਭੀਰ ਹੈ; ਇੱਕ ਮਾਂ ਦੀ ਕੁੱਖ ਉੱਤੇ ਉਸਦਾ ਆਪਣਾ ਕੀ ਅਧਿਕਾਰ ਹੈ. ਇਹ ਸਵਾਲ ਉਸਦੀ ਨਾਟ-ਰਚਨਾ ‘ਲੀਰਾਂ ਦੀ ਗੁੱਡੀ’ ਵਿੱਚ ਆ ਕੇ ਹੋਰ ਵੀ ਗੰਭੀਰ ਹੋ ਜਾਂਦਾ ਹੈ; ਕੀ ਮਾਂ ਦਾ ਉਸਦੀ ਕੁੱਖ ਉੱਤੇ ਕੋਈ ਅਧਿਕਾਰ ਹੈ ਵੀ ਕਿ ਨਹੀਂ. ਰਚਨਾਵਾਂ ‘ਚੰਦਨ ਦੇ ਓਹਲੇ’ ਅਤੇ ‘ਰਾਤ ਚਾਨਣੀ’ ਦੀਆਂ ਉੱਪਰਲੀਆਂ ਪਰਤਾਂ ਵਿੱਚ ਭਾਵੇਂ ਕਨੇਡਾ-ਅਮਰੀਕਾ ਦੇ ਪ੍ਰਵਾਸ ਲਈ ਪੰਜਾਬੀਆਂ ਵੱਲੋਂ ਰਿਸ਼ਤਿਆਂ ਨੂੰ ਵਪਾਰ ਬਣਾ ਲੈਣ ਦਾ ਰੁਝਾਨ ਨਜ਼ਰ ਆਉਂਦਾ ਹੈ ਪਰ ਹੇਠਲੀਆਂ ਪਰਤਾਂ ਵਿੱਚ ਔਰਤ-ਮਰਦ ਦੇ ਰਿਸ਼ਤੇ ਨਾਲ ਜੁੜੇ ਗੰਭੀਰ ਸਵਾਲ ਪਏ ਹਨ. ‘ਰਾਤ ਚਾਨਣੀ’ ਦਾ ਨਾਇਕ ਭਾਵੇਂ ਕਨੇਡਾ ਆ ਗਿਆ ਹੈ ਪਰ ਉਸਦੀ ਭਾਰਤ ਬੈਠੀ ਮਾਂ ਦਾ ਪਰਛਾਵਾਂ ਉਸਦੀ ਸ਼ਖਸੀਅਤ ਉੱਤੇ ਇਸ ਤਰ੍ਹਾਂ ਛਾਇਆ ਹੋਇਆ ਹੈ ਕਿ ਜਿਸ ਵਿੱਚ ਉਸਦਾ ਆਪਣਾ ਪਤਨੀ ਨਾਲ ਰਿਸ਼ਤਾ ਵੀ ਨਜ਼ਰ ਨਹੀਂ ਆ ਰਿਹਾ.
ਔਰਤ ਮਰਦ ਦੇ ਰਿਸ਼ਤਿਆਂ ਬਾਰੇ ਪਾਲੀ ਭੁਪਿੰਦਰ ਦੀਆਂ ਸਿੰਘ ਦੀਆਂ ਦੋ ਰਚਨਾਵਾਂ ‘ਈਡੀਪਸ’ ਅਤੇ ‘ਤੁਹਾਨੂੰ ਕਿਹੜਾ ਰੰਗ ਪਸੰਦ ਹੈ’ ਅਹਿਮ ਹਨ. ਇੱਕ ਮਰਦ ਲਈ ਔਰਤ ਸਰੀਰਕ ਤੌਰ ‘ਤੇ ਹੋਰ ਵਜੂਦ ਹੈ, ਜਿਹਨੀ ਤੌਰ ‘ਤੇ ਹੋਰ. ਉਹ ਇੱਕੋ ਔਰਤ ਵਿੱਚੋਂ ਦੋ ਔਰਤਾਂ ਭਾਲਦਾ ਹੈ. ਗੁੰਝਲ ਇਹ ਹੈ ਕਿ ਉਸਦੇ ਤਨ ਵਾਲੀ ਅਤੇ ਮਨ ਵਿਚਲੀ ਔਰਤ ਬਾਰੇ ਉਸਦੀਆਂ ਅਕਾਂਖਿਆਵਾਂ ਬਿਲਕੁਲ ਵੱਖਰੀਆਂ ਅਤੇ ਆਪਾ-ਵਿਰੋਧੀ ਹਨ. ਹੋਰ ਵੀ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ ਉਸਦੇ ਮਨ ਵਿਚਲੀ ਔਰਤ ਦੀ ਕਿਰਦਾਰ ਸਿਰਜਨਾਤਮਕ ਪ੍ਰਕਿਰਿਆ ਅੰਤਹੀਣ ਹੈ. ਉਹ ਇੱਕ ਮਾਂ, ਭੈਣ, ਪ੍ਰੇਮਿਕਾ ਅਤੇ ਪਤਨੀ ਹਰ ਰੂਪ ਵਿੱਚ ਉਸਦੀ ਜ਼ਿੰਦਗੀ ਵਿੱਚ ਆ ਕੇ ਵੇਖ ਲੈਂਦੀ ਹੈ ਪਰ ਮਰਦ ਦੀ ਅਕਾਂਖਿਆ ਭਟਕਦੀ ਰਹਿੰਦੀ ਹੈ. ਉਹ ਔਰਤ ਦੇ ਅਨੇਕ ਰੂਪਾਂ ਨੂੰ ਰਲਗੱਡ ਕਰ ਲੈਂਦਾ ਹੈ ਤੇ ਸਿੱਟੇ ਵਜੋਂ ਇੱਕ ਨੂੰ ਵੀ ਠੀਕ-ਠੀਕ ਨਹੀਂ ਮਾਣ ਸਕਦਾ. ਪਾਲੀ ਨੂੰ ਲੱਗਦਾ ਹੈ, ਮਰਦ ਮਨ ਦੀ ਇਹ ਵਿਕ੍ਰਿਤ ਅਤੇ ਗੁੰਝਲਦਾਰ ਸਥਿਤੀ ਖਾਸ ਕਰਕੇ ਭਾਰਤੀ ਜੀਵਨ ਦੇ ਸੱਭਿਆਚਾਰਕ ਅਤੇ ਸਮਾਜਿਕ ਦਬਾਵਾਂ ਦੀ ਦੇਣ ਹੈ. ਇਉਂ ਮਰਦ ਮਨ ਦੀਆਂ ਕਾਮੁਕ ਗੁੰਝਲਾਂ ਬਾਰੇ ਇਸ ਪੱਧਰ ਦਾ ਸੰਵਾਦ ਰਚਾਉਣ ਕਰਕੇ ਪਾਲੀ ਦੇ ਨਾਟਕ ਬਹੁਤ ਵਿਸ਼ੇਸ਼ ਹਨ.
ਔਰਤ-ਮਰਦ ਰਿਸ਼ਤਿਆਂ ਤੋਂ ਬਾਅਦ ਰਾਜਨੀਤੀ ਪਾਲੀ ਦੀ ਨਾਟਕਕਾਰੀ ਦਾ ਦੂਜਾ ਮੁੱਖ ਪਾਸਾਰ ਹੈ. ਮੁੱਢਲੇ ਨਾਟਕਾਂ ਵਿੱਚੋਂ ‘ਤੁਹਾਡਾ ਕੀ ਖਿਆਲ ਹੈ’, ‘ਲੱਲੂ ਰਾਜਕੁਮਾਰ ਅਤੇ ਤਿੰਨ ਰੰਗੀ ਪਰੀ’, ‘ਪੰਦਰਾਂ ਅਗਸਤ’, ‘ਮੈਂ ਫਿਰ ਆਵਾਂਗਾ’, ‘ਮੈਂ ਭਗਤ ਸਿੰਘ’ ਅਤੇ ਪਿਛਲੇ ਨਾਟਕਾਂ ਵਿੱਚੋਂ ‘ਦਸਤਕ’, ‘ਇੱਕ ਸੁਪਨੇ ਦਾ ਰਾਜਨੀਤਕ ਕਤਲ’ ਅਤੇ ‘ਦਿੱਲੀ ਰੋਡ ‘ਤੇ ਇੱਕ ਹਾਦਸਾ’ ਕੁੱਲ ਮਿਲਾ ਕੇ ਡੇਢ-ਦਰਜਨ ਦੇ ਕਰੀਬ ਉਸਦੇ ਨਾਟਕ ਭਾਰਤੀ ਰਾਜਨੀਤੀ ਦੇ ਵਿਭਿੰਨ ਪਹਿਲੂਆਂ ਉੱਤੇ ਦਾਰਸ਼ਨਿਕ ਪੱਧਰ ਦਾ ਸੰਵਾਦ ਰਚਾਉਂਦੇ ਹਨ. ਰਾਜਨੀਤੀ ਬਾਰੇ ਨਿੱਕੀਆਂ-ਵੱਡੀਆਂ ਵਿਅੰਗਾਤਮਕ ਟਿੱਪਣੀਆਂ ਤਾਂ ਲੱਗਭਗ ਉਸਦੇ ਸਾਰੇ ਹੀ ਨਾਟਕਾਂ ਵਿੱਚ ਹੋਈਆਂ ਮਿਲਦੀਆਂ ਹਨ. ਪਾਲੀ ਲਈ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੇ ਬਹੁਤੇ ਸੰਕਟ ਵੀ ਰਾਜਨੀਤਕ ਗੁੰਝਲਾਂ ਦੀ ਉਪਜ ਹਨ. ‘ਇੱਕ ਸੁਪਨੇ ਦਾ ਰਾਜਨੀਤਕ ਕਤਲ’ ਅਤੇ ‘ਦਿੱਲੀ ਰੋਡ ‘ਤੇ ਇੱਕ ਹਾਦਸਾ’ ਉਸਦੀ ਇਸ ਸੋਚ ਦੁਆਲੇ ਉੱਸਰੇ ਦੋ ਵੱਡੇ ਨਾਟਕ ਹਨ. ਜਿਨ੍ਹਾਂ ਵਿੱਚ ਰਾਜਨੀਤੀ ਵਿੱਚ ਰਿਸ਼ਤੇ ਅਤੇ ਰਿਸ਼ਤਿਆਂ ਵਿੱਚ ਰਾਜਨੀਤੀ ਦੇ ਸਿਰਜੇ ਗੰਭੀਰ ਸੰਕਟ ਹਨ.
ਖੋਜ ਅਤੇ ਚਿੰਤਨ
ਸਿਰਜਣਾਤਮਕ ਰਚਨਾ ਤੋਂ ਇਲਾਵਾ ਪਾਲੀ ਭੁਪਿੰਦਰ ਸਿੰਘ ਦੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਖੋਜ ਅਤੇ ਚਿੰਤਨ ਦਾ ਕੰਮ ਵੀ ਅਹਿਮ ਹੈ. ਪੀ ਐਚ. ਡੀ. ਦੀ ਡਿਗਰੀ ਲਈ ਉਸਨੇ ਪੰਜਾਬੀ ਨਾਟਕ ਦੇ ਕਾਵਿ-ਸ਼ਾਸਤਰ ਦੀ ਰਚਨਾ ਕੀਤੀ ਅਤੇ ਇਸ ਲਈ ਪਿਛਲੀ ਇੱਕ ਸਦੀ ਵਿੱਚ ਰਚੇ ਗਏ ਇੱਕ ਹਜ਼ਾਰ ਤੋਂ ਵਧੀਕ ਪੰਜਾਬੀ ਨਾਟਕਾਂ ਨੂੰ ਆਪਣੇ ਅਧਿਐਨ ਦਾ ਅਧਾਰ ਬਣਾਇਆ. ਪਾਲੀ ਦਾ ਮੰਨਣਾ ਹੈ, ਭਾਰਤੀ ਅਤੇ ਪੱਛਮੀ ਨਾਟਕ ਵਾਂਗ ਪੰਜਾਬੀ ਨਾਟਕ ਦੀ ਇੱਕ ਵੱਖਰੀ ਅਤੇ ਨਿਵੇਕਲੀ ਪਛਾਣ ਹੋਂਦ ਵਿੱਚ ਆ ਚੁੱਕੀ ਹੈ. ਪੰਜਾਬੀ ਨਾਟਕ ‘ਆਮ ਆਦਮੀ ਦੇ ਨਾਇਕ ਬਣਨ’ ਦਾ ਨਾਟਕ ਹੈ. ਭਾਰਤੀ ‘ਸੁਖਾਂਤ’ ਅਤੇ ਯੂਨਾਨੀ ‘ਦੁਖਾਂਤ’ ਪਰੰਪਰਾ ਵਾਂਗ ਇਸਦੀ ਇੱਕ ਨਿਵਕੇਲੀ ਪਰੰਪਰਾ ‘ਆਸਵੰਤ’ ਸੁਰ ਦੀ ਹੈ, ਜੋ ਇਸਨੂੰ ਪੰਜਾਬ ਦੇ ਮੱਧਕਾਲੀ ਇਤਿਹਾਸਕ ਅਨੁਭਵਾਂ ਦੀ ਦੇਣ ਹੈ. ਉਸਦਾ ਵਿਚਾਰ ਹੈ, ਪੰਜਾਬੀ ਨਾਟਕ ਨੂੰ ਨਾਇਕ ਹੀ ਇਸਦੇ ਮੱਧਕਾਲੀ ਜੀਵਨ ਵਿੱਚ ਸਥਾਪਿਤ ਹੋਏ ਮੁੱਲਾਂ ਅਤੇ ਕਦਰਾਂ-ਕੀਮਤਾਂ ਨੇ ਦਿੱਤਾ ਹੈ. ਪਾਲੀ ਭੁਪਿੰਦਰ ਸਿੰਘ ਨੇ ਯੂ. ਜੀ. ਸੀ. ਦੀ ਸਹਾਇਤਾ ਨਾਲ ‘ਪੰਜਾਬੀ ਨਾਟ ਕੋਸ਼’ ਵੀ ਤਿਆਰ ਕੀਤਾ ਹੈ, ਜਿਸ ਵਿੱਚ ਗਿਆਰਾਂ ਸੌ ਤੋ ਵਧੀਕ ਨਾਟਕਾਂ ਦੇ ਵੇਰਵੇ ਆਲੋਚਨਾਤਕ ਟਿੱਪਣੀਆਂ ਸਹਿਤ ਦਰਜ ਹਨ.
ਪੰਜਾਬੀ ਨਾਟ-ਸ਼ਾਸਤਰ ਦੀ ਰਚਨਾ ਕਰਦਿਆਂ ਪਾਲੀ ਨੇ ਨਾ ਸਿਰਫ਼ ਪੰਜਾਬੀ ਨਾਟਕ ਅਤੇ ਰੰਗਮੰਚ ਬਲਕਿ ਨਾਟਕ ਦੀ ਵਿਧਾ ਭਾਰਤੀ ਅਤੇ ਪੱਛਮੀ ਨਾਟਕ ਬਾਰੇ ਗੰਭੀਰ ਨੁਕਤਿਆਂ ਉੱਤੇ ਵਿਚਾਰ ਕੀਤਾ ਹੈ. ਉਹ ਅਰਸਤੂ ਅਤੇ ਭਰਤਮੁਨੀ ਦੇ ਮਨੁੱਖੀ ਸਭਿਅਤਾ ਵਿੱਚ ਨਾਟ-ਵਿਧਾ ਦੇ ਜਨਮ ਦੇ ਸਿੱਧਾਤਾਂ ਨੂੰ ਮੂਲੋਂ ਰੱਦ ਕਰਦਾ ਹੈ ਤੇ ਮੰਨਦਾ ਹੈ, ਇਨ੍ਹਾਂ ਦੋ ਪਰੰਪਰਾਵਾਂ ਤੋਂ ਪਹਿਲਾਂ ਇੱਕ ਕਿਸਮ ਦੀ ਲੋਕ-ਨਾਟ ਪਰੰਪਰਾ ਦੋਹਾਂ ਸਭਿਆਤਾਵਾਂ ਵਿੱਚ ਮੌਜੂਦ ਸੀ. ਵਿਅੰਗ, ਧਾਰਮਕ-ਆਰਥਕ-ਰਾਜਨੀਤਕ ਸਰੋਕਾਰ ਅਤੇ ਸਥਾਪਤੀ-ਵਿਰੋਧੀ ਨਾਇਕ ਇਸ ਨਾਟ-ਪਰੰਪਰਾ ਦੇ ਉਹ ਵਿਸ਼ੇਸ਼ ਲੱਛਣ ਸਨ, ਜਿਨ੍ਹਾਂ ਨੂੰ ਸਵੀਕ੍ਰਿਤੀ ਦੇਣ ਤੋਂ ਉਕਤ ਨਾਟ-ਸਿੱਧਾਂਤਕਾਰ ਸੁਚੇਤ ਰੂਪ ਵਿੱਚ ਇਨਕਾਰੀ ਹਨ. ਇਸ ਤੋਂ ਇਲਾਵਾ ਜਿੱਥੇ ਉਸਨੇ ਨਾਟਕ ਅਤੇ ਰੰਗਮੰਚ ਦੇ ਪਰਸਪਰ ਸਬੰਧਾਂ, ਨਾਟ-ਭਾਸ਼ਾ ਅਤੇ ਨਾਟ-ਪਾਠ ਵਿੱਚ ਮੰਚੀ ਸਪੇਸ ਜਿਹੇ ਤਕਨੀਕੀ ਵਿਸ਼ਿਆਂ ਉੱਤੇ ਵਿਚਾਰ ਕੀਤਾ ਹੈ, ਉੱਥੇ ਪੰਜਾਬੀ ਨਾਟਕ ਦੇ ਜਨਮ ਅਤੇ ਵਿਕਾਸ ਬਾਰੇ ਵਿਸਤ੍ਰਿਤ ਖੋਜ ਕਰਕੇ ਪੰਜਾਬੀ ਨਾਟਕ ਨਾਲ ਸਬੰਧਤ ਅਨੇਕ ਮਿੱਥਾਂ ਨੂੰ ਤੋੜਿਆ ਹੈ. ਅਨੇਕ ਖੋਜ-ਪਰਚੇ ਅਤੇ ਰੇਡੀਓ-ਟੀਵੀ ਸ਼ੋਅ ਪਾਲੀ ਭੁਪਿੰਦਰ ਸਿੰਘ ਦੇ ਖੋਜ ਅਤੇ ਨਾਟ-ਚਿੰਤਨ ਕਾਰਜ ਦੇ ਪੱਧਰ ਨੂੰ ਪ੍ਰਗਟਾਉਂਦੇ ਹਨ.
ਸਿਨੇਮਾ ਅਤੇ ਟੀਵੀ
ਪਰਦੇ ਉੱਤੇ ਪਾਲੀ ਭੁਪਿੰਦਰ ਸਿੰਘ ਨੇ ਆਪਣਾ ਸਫ਼ਰ ਕੁਝ ਪੰਜਾਬੀ ਸ਼ਾਰਟ ਫਿਲਮਾਂ ਅਤੇ ਸੀਰੀਅਲ ਲਿਖਣ ਨਾਲ ਕੀਤਾ ਸੀ ਪਰ ਬਾਅਦ ਵਿੱਚ ਉਸਨੇ ਖੁਦ ਟੀਵੀ ਲਈ ਕੁਝ ਫਿਲਮਾਂ ਅਤੇ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ. ਸਾਲ 2011 ਵਿੱਚ ਕਨੇਡਾ ਅੰਦਰ ਚਰਚਿਤ ਹੋਏ ਉਸਦੇ ਕੰਪੋਜਿਟ ਨਾਟਕ ‘ਮੀ ਐਂਡ ਮਾਈ ਸਟੋਰੀ’ ਨੂੰ ਮਿਲੀ ਸਫ਼ਲਤਾ ਤੋਂ ਉਤਸਾਹਿਤ ਹੋ ਕੇ ਪਾਲੀ ਨੇ ਆਪਣੀ ਪਹਿਲੀ ਪੰਜਾਬੀ-ਹਿੰਦੀ ਫਿਲਮ ‘ਸਟੂਪਿਡ ਸੈਵਨ’ ਦਾ ਨਿਰਮਾਣ ਕੀਤਾ. ਇਸ ਤੋਂ ਪਹਿਲਾਂ ਸਿਨੇਮੇ ਅੰਦਰ ਉਸਦਾ ਅਨੁਭਵ ਸਿਰਫ਼ ਦੋ-ਤਿੰਨ ਫਿਲਮਾਂ ਦੇ ਸੰਵਾਦ ਲਿਖਣ ਤੱਕ ਦਾ ਸੀ. ਇਹ ਫਿਲਮ ਗੰਭੀਰ ਕਿਸਮ ਦੇ ਦਰਸ਼ਕਾਂ ਅਤੇ ਆਲੋਚਕਾਂ ਦੀ ਵੱਡੀ ਪ੍ਰਸੰਸਾ ਦੀ ਪਾਤਰ ਬਣੀ. ਪਰ ਜਿਸ ਕਿਸਮ ਦਾ ਸਿਨੇਮਾ ਪਾਲੀ ਕਰਨਾ ਚਾਹੁੰਦਾ ਸੀ/ਹੈ, ਹਾਲ ਦੀ ਘੜੀ ਉਸਦੀ ਸੰਭਾਵਨਾ ਪੰਜਾਬੀ ਵਿੱਚ ਘੱਟ ਹੋਣ ਕਾਰਨ, ਇਸ ਤੋਂ ਬਾਅਦ ਉਸਨੇ ਖੁਦ ਨੂੰ ਫਿਲਮ ਲੇਖਣ ਤੱਕ ਸੀਮਤ ਕਰ ਲਿਆ. 2014-15 ਵਿੱਚ ਉਸਨੇ ਪੰਜਾਬੀ ਦੇ ਪ੍ਰਸਿੱਧ ਫਿਲਮਕਾਰ ਸਮੀਪ ਕੰਗ ਲਈ ‘ਲੌਕ’ ਲਿਖੀ ਜਿਸਦੇ ਨਾਲ ਉਸਦਾ ਫਿਲਮੀ ਕੈਰੀਅਰ ਪ੍ਰੋਫੈਸ਼ਨਲ ਢੰਗ ਨਾਲ ਸ਼ੁਰੂ ਹੋ ਜਾਂਦਾ ਹੈ. ਜਨਵਰੀ 2019 ਵਿੱਚ ਰਿਲੀਜ਼ ਹੋਈ ਸਮੀਪ ਕੰਗ ਨਿਰਦੇਸ਼ਤ ਪੰਜਾਬੀ ਕਮੇਡੀ ‘ਲਾਵਾਂ ਫੇਰੇ’ ਪਾਲੀ ਭੁਪਿੰਦਰ ਸਿੰਘ ਦਵਾਰਾ ਲਿਖੀ ਵੱਡੀ ਬਾਕਸ-ਆਫਿਸ ਹਿੱਟ ਫਿਲਮ ਸੀ.
ਕਵਿਤਾ
ਸਾਲ 2014-15 ਵਿੱਚ ਹੀ ਪਾਲੀ ਨੇ ਆਪਣੀ ਲੰਬੀ ਕਵਿਤਾ ‘ਆਮ ਆਦਮੀ ਦੀ ਵਾਰ’ ਮੁਕੰਮਲ ਕੀਤੀ, ਜਿਸਨੂੰ ਉਸਨੇ ਆਧੁਨਿਕ ਮਹਾਂ-ਕਾਵਿ ਦਾ ਰੂਪ ਦਿੱਤਾ. ਤਿੱਖੇ ਅਤੇ ਉਦਾਸ ਕਰ ਦੇਣ ਵਾਲੇ ਵਿਅੰਗ ਨਾਲ ਰਚੀ ਇਹ ਕਵਿਤਾ ਰਾਜਨੀਤੀ ਅਤੇ ਬਜਾਰ ਦੇ ਗੱਠਜੋੜ ਨਾਲ ਬਣੇ ਚੱਕਰਵਿਊ ਵਿੱਚ ਫੱਸ ਕੇ ਮਰਦੇ ਅਜੋਕੇ ਮਨੁੱਖ ਦਾ ਦਰਦਨਾਕ ਚਿੱਤਰ ਪ੍ਰਸਤੁਤ ਕਰਦੀ ਹੈ. ਇਹ ਚੱਕਰਵਿਊ ਉਸਦੇ ਬਾਹਰੀ ਜੀਵਨ ਉੱਤੇ ਇਸ ਤਰ੍ਹਾਂ ਦਬਾਅ ਪਾ ਰਿਹਾ ਹੈ ਕਿ ਉਸਦੇ ਅੰਦਰੋਂ ਸਭ ਕੁਝ ਟੁੱਟ ਗਿਆ ਹੈ. ਉਸਦੀ ਮਾਨਸਿਕਤਾ ਖੰਡਿਤ ਹੋ ਗਈ ਹੈ. ਉਹ ਇਸ ਸਿਸਟਮ ਦੇ ਖਿਲਾਫ਼ ਲੜਨਾ ਚਾਹੁੰਦਾ ਹੈ ਪਰ ਖ਼ੁਦ ਖਿਲਾਫ਼ ਲੜਦਾ ਹੈ ਤੇ ਖੁਦ ਨੂੰ ਮਾਰ ਕੇ ਆਪ ਮਰ ਜਾਂਦਾ ਹੈ.