ਹਰਜੀਤ ਨੂੰ ਯਾਦ ਕਰਦਿਆਂ ਅੱਜ ਵੀ ਓਹਦੇ ਚਹੇਤਿਆਂ ਦੇ ਹਿਰਦੇ ਵਲੂੰਧਰੇ ਜਾਂਦੇ ਨੇ । ਓਹਦੀ ਖੇਡ ਵੀ ਨਿਰਾਲੀ ਸੀ ਤੇ ਸੁਭਾਅ ਵੀ ਚੰਚਲ ਸੀ । ਓਹਦੇ ਜੁੱਸੇ ਵਿੱਚ ਕਰੋੜਾਂ ਦੀ ਖੇਡ ਛੁਪੀ ਸੀ । ਓਹਦੇ ਚਹੇਤੇ ਓਹਦੀ ਖੇਡ ਵੇਖਕੇ ਕਹਿੰਦੇ ਸੀ ਕਿ
“ ਹਰਜੀਤ ਬਰਾੜ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ” ।
ਓਹਨੂੰ “ਚੜ੍ਹਦੇ ਪੰਜਾਬ ਦੇ ਚੜ੍ਹਦੇ ਸੂਰਜ” ਦਾ ਖਿਤਾਬ ਖੇਡ ਜਗਤ ਦੇ ਮਹਾਨ ਸਿਤਾਰੇ ਪ੍ਰਿੰਸੀਪਲ ਸਰਵਣ ਸਿੰਘ ਨੇ ਦਿੱਤਾ ਸੀ ।
ਅੱਜ ਦੇ ਦਿਨ ਓਹ ਆਪਣੇ ਚਾਰ ਤਿੰਨ ਸਾਥੀਆਂ ਨਾਲ਼ ਹਾਦਸੇ ਦਾ ਸ਼ਿਕਾਰ ਹੋ ਕੇ ਖੇਡ ਜਗਤ ਨੂੰ ਸਦਮੇ ਵਿੱਚ ਧਕੇਲ ਗਿਆ ਸੀ । ਓਹਦੀ ਤੇ ਓਹਦੇ ਤਿੰਨੇ ਸਾਥੀਆਂ ਦੀ ਮੌਤ ਤੇ ਖੇਡ ਲੇਖਕ ਲਾਭ ਸਿੰਘ ਸੰਧੂ ਨੇ
“ ਗੁਆਚੇ ਹੀਰੇ “ ਨਾਮ ਦਾ ਪੈਂਫਲਿਟ ਕੱਢਿਆ ਸੀ, ਜਿਸ ਦੀ ਹਜ਼ਾਰਾਂ ਕਾਪੀ ਓਹਦੇ ਭੋਗ ਵਾਲ਼ੇ ਦਿਨ ਵੰਡੀ ਗਈ ਸੀ ।
ਮੱਖਣ ਹਕੀਮਪੁਰੀਆ ਓਹਦੀ ਖੇਡ ਤੇ ਲੱਟੂ ਹੋ ਕੇ ਕਹਿੰਦਾ ਹੁੰਦਾ ਸੀ ਕਿ
“ ਮੁੰਡਿਆ ਫਰੀਦਕੋਟੀਆ ਤੇਰੇ ਬੁੱਲ੍ਹਾਂ ਤੇ ਸ਼ਰਾਰਤ ਨਚਦੀ “ ।
ਦਰਸ਼ਣ ਬੜੀ ਕਹਿੰਦਾ ਹੁੰਦਾ ਸੀ “ ਆ ਗਿਆ ਧਰਤੀ ਧੱਕ, ਜਿਹੜਾ ਮਾਈ ਦਾ ਲਾਲ ਇਹਨੂੰ ਬਰੇਕਾਂ ਲਾ ਗਿਆ ਓਹਨੂੰ ਨੋਟਾਂ ਨਾਲ਼ ਲੱਦ ਕੇ ਭੇਜੂੰ, ਵਾਅਦਾ ਐ ਮੇਰਾ ।
ਮੈਂ ਵੀ ਓਹਦੇ ਅਨੇਕਾਂ ਮੈਚਾਂ ਦੀ ਕੁਮੈਟਰੀ ਕੀਤੀ । ਮੈਂ ਜਿੰਨੇ ਮੈਚ ਬੋਲੇ ਓਹਨੂੰ ਕੋਈ ਨਾ ਡੱਕ ਸਕਿਆ । ਕੇਵਲ ਇੱਕ ਵਾਰ ਮਾਨਸਾ ‘ਚ ਹੋਈ ਪੰਜਾਬ ਚੈਂਪੀਅਨਸ਼ਿੱਪ ਵਿੱਚ ਓਹਨੂੰ ਮਾਹਣੀ ਗਾਖਲ਼ ਪੈ ਨਿਕਲ਼ਿਆ ਪਰ ਹਰਜੀਤ ਖਿੱਚ ਕੇ ਬਾਹਰ ਲੈ ਗਿਆ ਤੇ ਨੰਬਰ ਸਾਵਾਂ ਰਹਿ ਗਿਆ, ਓਦੋਂ ਲਿੰਕ ਸਿਸਟਮ ਨਾਲ਼ ਖੇਡਦੇ ਸੀ । ਤੇ ਮੈਂ ਓਹਦੇ ਮੈਚ ਤੇ ਕੁਮੈਂਟ ਕਰਦਾ ਇਹੋ ਕਹਿੰਦਾ ਹੁੰਦਾ ਸੀ ਕਿ
“ਸਾਡੇ ਹਰਜੀਤ ਨੇ ਪਾਲ਼ੇ ਦੇ ਵਿੱਚੋਂ ਲੰਘਣਾ ਜਲੰਧਰੀਓ ਰਾਹ ਛੱਡ ਦਿਓ” ।
ਓਹਨੂੰ ਇੱਕ ਜੱਫਾ ਲਾਉਣ ਵਾਲ਼ਾ ਜਾਫੀ ਵੀ ਸੁਪਰ ਸਟਾਰ ਬਣ ਜਾਂਦਾ ਸੀ । ਓਹਨੂੰ ਜੱਫਾ ਲਾਉਣ ਵਾਲ਼ੇ ਸਟਾਪਰ ਨੂੰ ਵਿਦੇਸ਼ਾਂ ਤੋਂ ਸੱਦੇ ਆਉਣ ਲਗਦੇ ਸੀ । ਓਹਨੇ ਆਪ ਵੀ ਕਬੱਡੀ ਤੋਂ ਰੱਜਕੇ ਕਮਾਇਆ ਤੇ ਓਹਨੂੰ ਡੱਕਣ ਵਾਲ਼ੇ ਵੀ ਮਾਲਾ ਮਾਲ ਹੋ ਗਏ ।
1975 ਦੇ ਹਾਕੀ ਵਰਡ ਕੱਪ ਜੇਤੂ ਟੀਮ ਦੇ ਫੁੱਲਬੈਕ ਸੁਰਜੀਤ ਰੰਧਾਵੇ ਦੀ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਹਰਜੀਤ ਇੱਕ ਅਜਿਹਾ ਖਿਡਾਰੀ ਸੀ ਜਿਸਦੇ ਵਿਛੋੜੇ ਤੇ ਓਹਦੇ ਚਹੇਤਿਆਂ ਦੇ ਘਰ ਰੋਟੀ ਨਹੀ ਸੀ ਪੱਕੀ । ਅਜਿਹੇ ਖਿਡਾਰੀ ਸਦੀਆਂ ਵਿੱਚ ਇੱਕ ਵਾਰ ਹੀ ਜੰਮਦੇ ਨੇ । ਖੇਡ ਜਗਤ ਕਦੀ ਵੀ 16 ਅਪ੍ਰੈਲ ਦਾ ਦਿਨ ਨਹੀਂ ਭੁੱਲੇਗਾ ਤੇ ਹਰਜੀਤ ਬਰਾੜ ਸਦਾ ਆਪਣੇ ਚਹੇਤਿਆਂ ਦੇ ਮਨ ਵਿੱਚ ਵਸਦਾ ਰਹੇਗਾ ।