*ਇਕ ਮਹੀਨਾ ਦਾਖਲ ਰਹਿ ਕੇ ਛੱਡਿਆ ਜਾ ਸਕਦਾ ਹੈ ਨਸ਼ਾ-ਸਿਵਲ ਸਰਜਨ
26 ਜੂਨ (ਕਰਨ ਭੀਖੀ) ਮਾਨਸਾ: ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਠੂਠਿਆਂਵਾਲੀ ਰੋਡ ਮਾਨਸਾ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਕਿਸੇ ਵੀ ਕਾਰਨ ਕਰਕੇ ਨਸ਼ੇ ਦਾ ਆਦੀ ਹੋ ਗਿਆ ਹੈ, ਜੇਕਰ ਉਹ ਚਾਹੇ ਤਾਂ ਇਕ ਮਹੀਨਾ ਕਿਸੇ ਵੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਵਿੱਚ ਦਾਖ਼ਲ ਹੋ ਕੇ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਡਾਕਟਰਾਂ ਦੁਆਰਾ ਸਮੇਂ ਸਮੇਂ ’ਤੇ ਜਾਂਚ ਕੀਤੀ ਜਾਂਦੀ ਹੈ ਅਤੇ ਮਰੀਜ਼ ਨੂੰ ਲੋੜ ਅਨੁਸਾਰ ਦਵਾਈ ਦੀ ਮਾਤਰਾ ਦਿੱਤੀ ਜਾਂਦੀ ਹੈ। ਮਰੀਜ਼ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਕੌਂਸਲਿੰਗ ਕਰਕੇ ਤਕਨੀਕੀ ਕੰਮ, ਰੁਜ਼ਗਾਰ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ।
ਇਸ ਮੌਕੇ ਵਿਜੇ ਕੁਮਾਰ ਜੈਨ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਜੇਕਰ ਕੋਈ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਪਰਿਵਾਰਿਕ ਮੈਂਬਰ ਅਤੇ ਸਮਾਜ ਨੂੰ ਉਸ ਵਿਅਕਤੀ ਦਾ ਨਸ਼ਾ ਛਡਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਨਸ਼ਿਆਂ ਤੋਂ ਛੁਟਕਾਰੇ ਲਈ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਨਸ਼ਾ ਛੜਾਊ ਅਤੇ ਪੁਨਰਵਾਸ ਕੇਂਦਰ ਖੋਲੇ ਗਏ ਹਨ ਅਤੇ ਰੋਜ਼ਾਨਾ ਦੀ ਦਵਾਈ ਲੈਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਓਟ ਸੈਂਟਰ ਖੋਲੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਨਸ਼ੇ ਦੇ ਖ਼ਾਤਮੇ ਅਤੇ ਨਸ਼ੇ ਦੇ ਆਦੀ ਵਿਅਕਤੀ ਦਾ ਨਸ਼ਾ ਛੁਡਵਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਜਾਣਕਾਰੀ ਸਿਹਤ ਵਿਭਾਗ ਜਾ ਪੁਲਿਸ ਨੂੰ ਦਿੱਤੀ ਜਾਵੇ, ਜਾਣਕਾਰੀ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਸ੍ਰ. ਜਸਵੀਰ ਸਿੰਘ ਸੈਕਟਰੀ ਜ਼ਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ, ਸ੍ਰ. ਲਛਮਣ ਸਿੰਘ ਮਾਨ ਰੈਜੀਡੈਂਟ ਜ਼ਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ, ਸ੍ਰ ਦਰਸ਼ਨ ਸਿੰਘ ਪ੍ਰਧਾਨ ਸ਼ਹੀਦ ਉੱਧਮ ਸਿੰਘ ਯੂਥ ਕਲੱਬ ਮਾਨਸਾ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸੰਤੋਸ਼ ਭਾਰਤੀ, ਪ੍ਰਤਾਪ ਸਿੰਘ ਸੀਨੀਅਰ ਸਹਾਇਕ, ਗੀਤਾ ਰਾਣੀ ਸੀਨੀਅਰ ਸਹਾਇਕ, ਸੰਦੀਪ ਸਿੰਘ ਸੀਨੀਅਰ ਸਹਾਇਕ, ਲਲਿਤ ਕੁਮਾਰ ਕਲਰਕ, ਗਗਨਦੀਪ ਸਿੰਘ ਕਲਰਕ, ਵਰਿੰਦਰ ਮਹਿਤਾ, ਹੈਰੀ, ਦੀਪਸ਼ਿਖਾ, ਮੀਨਾਕਸ਼ੀ ਰਾਣੀ, ਰਵਿੰਦਰ ਕੁਮਾਰ, ਰੇਨੂ ਪੀ.ਐਨ.ਡੀ.ਟੀ. ਕੁਆਰਡੀਨੇਟਰ, ਮੈਡਮ ਮੋਨਿਕਾ ਰਾਣੀ ਕੌਂਸਲਰ ਨਸ਼ਾ ਛੜਾਊ ਕੇਂਦਰ ਮਾਨਸਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ, ਆਮ ਵਿਅਕਤੀ ਅਤੇ ਨਸ਼ਾ ਛੁਡਾਊ ਕੇਂਦਰ ਵਿਖੇ ਆਪਣੀ ਰੋਜ਼ਾਨਾ ਦੀ ਦਵਾਈ ਲੈਣ ਆਏ ਵਿਅਕਤੀ ਹਾਜ਼ਰ ਸਨ।