ਕਰਨ ਭੀਖੀ
ਭੀਖੀ , 16 ਦਸੰਬਰ
ਬੀਤੇ ਦਿਨੀ ਸੁਖਵੰਤ ਕੌਰ ਪਤਨੀ ਠਾਕੁਰ ਸਿੰਘ ਵਾਸੀ ਭੀਖੀ ਅਤੇ ਉਸਦੀ ਧੀ ਦੋਵੇਂ ਇੱਥੋਂ ਦੇ ਐਚਡੀਐਫਸੀ ਬੈਂਕ ਦੇ ਏਟੀਐਮ ਵਿਚੋਂ ਘਰੇਲੂ ਖਰਚੇ ਲਈ ਪੈਸੇ ਕਢਵਾਉਣ ਗਈਆਂ ਸਨ, ਏਟੀਐਮ ’ਚ ਖੜ੍ਹੇ ਅਣਪਛਾਤੇ ਵਿਅਕਤੀਆਂ ਨੇ ਜ਼ਬਰਦਸਤੀ ਉਹਨਾਂ ਏਟੀਐਮ ਕਾਰਡ ਬਦਲ ਲਿਆ, ਉਕਤ ਠੱਗਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਚਾਰ ਲੱਖ ਅੱਸੀ ਹਜ਼ਾਰ ਰੁਪਏ ਕਢਵਾ ਲਏ ਗਏ।
ਜਾਣਕਾਰੀ ਸਾਂਝੀ ਕਰਦਿਆਂ ਪੀੜਿਤ ਠਾਕੁਰ ਸਿੰਘ ਦੇ ਭਰਾ ਤਾਰਾ ਸਿੰਘ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਠਾਕੁਰ ਸਿੰਘ ਪਿਛਲੇ ਦਹਾਕੇ ਤੋਂ ਅਰਬ ਦੇਸ਼ ਵਿੱਚ ਮਿਹਤਨ ਮਜ਼ਦੂਰੀ ਕਰ ਰਿਹਾ ਹੈ, ਪਿਛਲੇ ਦਿਨੀਂ ਦੋ ਅਣਪਛਾਤੇ ਵਿਅਕਤੀਆਂ ਨੇ ਠਾਕੁਰ ਸਿੰਘ ਪਤਨੀ ਦਾ ਏਟੀਐਮ ਬਦਲ ਕੇ ਲੱਖਾਂ ਰੁਪਏ ਕਢਵਾ ਲਏ ਹਨ, ਜਿਸਦੀ ਰਿਪੋਰਟ ਥਾਣਾ ਭੀਖੀ ਵਿਖੇ ਦਰਜ ਕਰਵਾਈ ਸੀ, ਉਹਨਾਂ ਠੱਗਾਂ ਦੇ ਵੀਡੀਓ ਕਲਿੱਪ ਵੀ ਪੁਲੀਸ ਨੂੰ ਦੇ ਦਿੱਤੇ ਸਨ। ਉਹਨਾਂ ਕਿਹਾ ਕਿ ਲਗਭਗ ਹਫਤਾ ਬੀਤ ਜਾਣ ਤੱਕ ਨਾ ਤਾਂ ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅਤੇ ਬੈਂਕ ਬਰਾਂਚ ਵੱਲੋਂ ਕੋਈ ਵੀ ਕੋਈ ਪੂਰਨ ਤੌਰ ’ਤੇ ਭਰੋਸਾ ਨਹੀਂ ਦਿੱਤਾ ਗਿਆ। ਕਢਵਾਈ ਰਕਮ ਰੋਹਿਤ ਕੌਸ਼ਕ ਨਾਮ ਦੇ ਖਾਤੇ ਵਿੱਚ ਗਈ ਹੈ, ਜਿਸ ਸਬੂਤ ਉਹਨਾਂ ਕੋਲ ਮੌਜੂਦ ਹੈ। ਉਹਨਾਂ ਜ਼ਿਲ੍ਹਾ ਪ੍ਰਸਸ਼ਾਨ ਤੋਂ ਮੰਗ ਕੀਤੀ ਹੈ ਕਿ ਠੱਗਾਂ ਦੀ ਪਛਾਣ ਕਰਕੇ ਉਹਨਾਂ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਪੀੜਿਤ ਪਰਿਵਾਰ ਨੂੰ ਬਣਦੀ ਰਕਮ ਦਿਵਾਈ ਜਾਵੇ।
ਇਸ ਮਾਮਲੇ ਬਾਰੇ ਥਾਣਾ ਮੁਖੀ ਭੀਖੀ ਨੇ ਦੱਸਿਆ ਕਿ ਠੱਗਾਂ ਦੀ ਪਹਿਚਾਣ ਲਈ ਵੀਡੀਓ ਕਲਿੱਪ ਵੱਖ-ਵੱਖ ਥਾਣਿਆਂ ਨੂੰ ਭੇਜੇ ਗਏ ਹਨ, ਜਲਦ ਉਹਨਾਂ ਨੂੰ ਗਿ੍ਰਫਤਾਰ ਕੀਤਾ ਜਾਵੇਗਾ।
ਫੋਟੋ ਕੈਪਸ਼ਨ: ਧੋਖਾਧੜੀ ਮਾਮਲੇ ’ਚ ਦਰਜ ਕਰਵਾਈ ਰਿਪੋਰਟ ਦੀ ਕਾਪੀ ਦਿਖਾਉਂਦੇ ਹੋਏ ਪੀੜਿਤ ਪਰਿਵਾਰ। ਫੋਟੋ ਕਰਨ ਭੀਖੀ