ਜੇਲ ਵਿੱਚ ਵੀ ਆਪਣਾ ਸਟੈਂਡ ਬਰਕਰਾਰ ਰੱਖ ਕੇ ਕੇਜਰੀਵਾਲ ਨੇ ਸੱਚੇ ਦੇਸ਼ ਭਗਤ ਦੀ ਡਿਗਰੀ ਹਾਸਿਲ ਕੀਤੀ: ਭੱਲਾ
13 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਆਪਣੇ ਦੇਸ਼ ਨਾਲ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਜੇਲਾਂ ਦੇਸ਼ ਦੀ ਭਲਾਈ ਕਰਨ ਲਈ ਰੋਕ ਨਹੀਂ ਸਕਦੀਆਂ ਜਿਸ ਦੀ ਮਿਸਾਲ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੈਦਾ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਜੇਲ ਵਿੱਚ ਵੀ ਆਪਣਾ ਸਟੈਂਡ ਬਰਕਰਾਰ ਰੱਖ ਕੇ ਸੱਚੇ ਦੇਸ਼ ਭਗਤ ਦੀ ਡਿਗਰੀ ਹਾਸਲ ਕਰ ਲਈ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਹੋਣ ਤੋਂ ਬਾਅਦ ਜਤਿੰਦਰ ਭੱਲਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਭੱਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਲਈ ਆਈਆਰਐਸ ਦੀ ਨੌਕਰੀ ਛੱਡ ਕੇ ਲੋਕ ਭਲਾਈ ਦੀ ਰਾਜਨੀਤੀ ਸ਼ੁਰੂ ਕੀਤੀ ਸੀ, ਪਰ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ ਪਹਿਲਾਂ ਕੇਜਰੀਵਾਲ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਜਦੋਂ ਉਹ ਆਪਣੇ ਸਟੈਂਡ ਤੇ ਕਾਇਮ ਰਹੇ ਤਾਂ ਉਹਨਾਂ ਉੱਪਰ ਝੂਠੇ ਕੇਸ ਪਾ ਕੇ ਜੇਲਾਂ ਵਿੱਚ ਡੱਕ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸਲ ਵਿੱਚ ਦੇਸ਼ ਭਗਤਾਂ ਨੂੰ ਜੇਲਾਂ ਚੰਗੇ ਕੰਮ ਕਰਨ ਤੋਂ ਰੋਕ ਨਹੀਂ ਸਕਦੀਆਂ ਜਿਸ ਦੀ ਮਿਸਾਲ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮਿਲਦੀ ਹੈ। ਉਹਨਾਂ ਜੇਲ ਵਿੱਚ ਬੜਾ ਔਖਾ ਸਮਾਂ ਕੱਟਿਆ ਪਰ ਭਾਰਤੀ ਜਨਤਾ ਪਾਰਟੀ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਿਸ ਨਾਲ ਦੇਸ਼ ਨੂੰ ਕੋਈ ਆਚ ਆਉਂਦੀ ਹੋਵੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਕੇਜਰੀਵਾਲ ਨੂੰ ਜੇਲ ਵਿੱਚ ਰੱਖਣ ਲਈ ਬੜਾ ਜ਼ੋਰ ਲਾਇਆ ਪਰ ਕੇਜਰੀਵਾਲ ਦੀ ਰਿਹਾਈ ਨਾਲ ਲੋਕਾਂ ਦਾ ਜੁਡੀਸ਼ਅਲ ਸਿਸਟਮ ਵਿੱਚ ਹੋਰ ਵਿਸ਼ਵਾਸ ਵਧਿਆ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਭਾਜਪਾ ਦੀ ਹਰ ਆਫਰ ਨੂੰ ਠੋਕਰ ਮਾਰਦਿਆਂ ਜੇਲ ਦਾ ਰਾਹ ਚੁਣਨ ਨਾਲ ਦੇਸ਼ ਦੇ ਲੱਖਾਂ ਆਪ ਵਲੰਟੀਅਰਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਅਜਿਹੇ ਵਲੰਟੀਅਰਾਂ ਦਾ ਸੱਚ ਤੇ ਮਾਰਗ ਉੱਪਰ ਚੱਲਣ ਦਾ ਇਰਾਦਾ ਹੋਰ ਦ੍ਰਿੜ ਹੋਇਆ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਪ੍ਰੇਮ ਅਤੇ ਲੋਕ ਭਲਾਈ ਦੀ ਸੋਚ ਵਿਚੋਂ ਨਿਕਲੀ ਹੋਈ ਹੈ, ਜਿਸ ਕਾਰਨ ਹੀ ਇਸ ਪਾਰਟੀ ਦੇ ਵਲੰਟੀਅਰ ਤੋਂ ਲੈ ਕੇ ਸੁਪਰੀਮੋ ਦੇਸ਼ ਨੂੰ ਸਮਰਪਿਤ ਹਨ। ਉਹਨਾਂ ਕਿਹਾ ਕਿ ਸੱਚੇ ਦੇਸ਼ ਭਗਤ ਅਰਵਿੰਦ ਕੇਜਰੀਵਾਲ ਹੁਣ ਜੇਲ ਵਿੱਚੋਂ ਬਾਹਰ ਆ ਕੇ ਮੁੜ ਭਾਰਤ ਮਾਤਾ ਦੀ ਸੇਵਾ ਵਿੱਚ ਜੁੱਟ ਜਾਣਗੇ। ਉਹਨਾਂ ਅਰਵਿੰਦ ਕੇਜਰੀਵਾਲ ਦੀ ਰਿਹਾਈ ਲਈ ਜਿੱਥੇ ਜੁਡੀਸ਼ੀਅਲ ਦਾ ਧੰਨਵਾਦ ਕੀਤਾ ਉੱਥੇ ਹੀ ਆਪ ਵਲੰਟੀਅਰਾਂ ਨੂੰ ਵਧਾਈ ਦਿੱਤੀ।