—ਦੂਜੇ ਅੰਗਰੇਜ਼ ਸਿੱਖ-ਯੁੱਧ ਦੀ ਆਖਰੀ ਜੰਗ ਗੁਜਰਾਤ ਵਿੱਚ ਹੋਈ। ਇਹ ਜੰਗ ਸਿੱਖ ਪਾਸਿਓਂ ਸਰਦਾਰ ਸ਼ੇਰ ਸਿੰਘ ਅਤੇ ਸਰਦਾਰ ਚਤਰ ਸਿੰਘ ਦੀਆਂ ਫੌਜਾਂ ਅਤੇ ਦੂਜੇ ਪਾਸੇ ਅੰਗਰੇਜ਼ੀ ਫੌਜਾਂ ਜਿਨ੍ਹਾਂ ਦੀ ਅਗਵਾਈ ਜਨਰਲ ਗਫ਼ ਕਰ ਰਿਹਾ ਸੀ ਵਿਚਕਾਰ 21 ਫਰਵਰੀ 1849 ਤੋਂ ਸ਼ੁਰੂ ਹੋ ਕੇ 14 ਮਾਰਚ 1849 ਤੱਕ ਚੱਲੀ। ਇਹ ਇੱਕ ਨਿਰਨਣਾਜਨਕ ਜੰਗ ਸੀ ਜਿਸ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਉਹਨਾਂ ਦਾ ਪੂਰੇ ਪੰਜਾਬ ਤੇ ਕਬਜ਼ਾ ਹੋ ਗਿਆ। ਇਸ ਜੰਗ ਵਿੱਚ ਸਿੱਖ ਬੜੀ ਬਹਾਦਰੀ ਨਾਲ਼ ਲੜੇ। ਉਹ ਆਖਰੀ ਉਮੀਦ ਤੱਕ ਲੜਦੇ ਰਹੇ। ਉਹਨਾਂ ਕੋਲ਼ੇ ਅੰਗਰੇਜ਼ਾਂ ਨਾਲ਼ੋਂ ਫੌਜ ਅਤੇ ਤੋਪਾਂ ਵੀ ਘੱਟ ਸੀ ਇਸੇ ਕਰਕੇ ਇੱਥੇ ਫਿਰ ਵੱਧ ਗਿਣਤੀ ਵਾਲ਼ੀ ਫੌਜ ਦੀ ਜਿੱਤ ਹੋਈ। ਜਨਰਲ ਗਫ਼ ਕੋਲ਼ 33000 ਦੀ ਫੌਜ ਸੀ ਅਤੇ 106 ਤੋਪਾਂ ਵੀ ਸਨ। ਇਸ ਫੌਜ ਵਿੱਚੋਂ ਉਸਨੇ ਕੋਈ 4000 ਦੇ ਲਗਭਗ ਸੈਨਿਕ ਪਿੱਛੇ ਹਿਫਾਜ਼ਤ ਦੇ ਲਈ ਛੱਡੇ ਹੋਏ ਸਨ। ਇਸ ਫੌਜ ਵਿੱਚ 3292 ਗੰਨਰ, 8166 ਕੈਵਲਰੀ 21146 ਇਨਫੈਂਟਰੀ ਤੇ 633 ਇੰਜਨੀਅਰ ਸ਼ਾਮਲ ਸਨ।
ਦੂਜੇ ਪਾਸੇ ਸਿੱਖ ਫੌਜ ਦੀ ਗਿਣਤੀ 30 ਕੁ ਹਜਾਰ ਸੀ ਇਸ ਤੋਂ ਇਲਾਵਾ ਚਤਰ ਸਿੰਘ ਦੇ 6000 ,ਅਫਗਾਨ ਹੌਰਸ ਦੇ 1500 ਸੈਨਿਕ ਹੋਰ ਸਨ। ਅਫਗਾਨੀਆਂ ਦੀ ਅਗਵਾਹੀ ਦੋਸਤ ਮੁਹੰਮਦ ਖ਼ਾਨ ਦਾ ਬੇਟਾ ਅਕਰਮ ਖ਼ਾਨ ਕਰ ਰਿਹਾ ਸੀ। ਸਿੱਖਾਂ ਕੋਲ਼ 69 ਤੋਪਾਂ ਹੀ ਸਨ।
ਗੁਜਰਾਤ ਚਨਾਬ ਦਰਿਆ ਦੇ ਉੱਤਰ ਵਿੱਚ ਇਸ ਸਦੁੱਲਾਪੁਰ ਤੋਂ ਛੇ ਮੀਲ ਦੂਰ ਹੈ। ਰਾਮ ਨਗਰ ਤੋਂ ਦਰਿਆ ਦੇ ਦੱਖਣੀ ਕੰਢੇ ਦੇ ਨਾਲ਼ ਨਾਲ਼ ਵਜੀਰਾਵਾਦ ਤੱਕ ਇੱਕ ਸੜਕ ਜਾਂਦੀ ਹੈ ਇਹ ਸੜਕ ਗੁਜਰਾਤ ਤੋਂ ਅੱਗੇ ਜੇਹਲਮ ਸ਼ਹਿਰ ਤੱਕ ਪਹੁੰਚਦੀ ਹੈ। ਇੱਥੇ ਕਟੇਲਾ ਨਦੀ ਇੱਕ ਵੱਡੇ ਨਾਲੇ ਵਾਂਗ ਵਜ਼ੀਰਾਬਾਦ ਵਿੱਚ ਚਨਾਬ ਵਿੱਚ ਵਗਦੀ ਹੈ। ਇਹਦੇ ਨਾਲ਼ ਇੱਕ ਹੋਰ ਸੁੱਕਾ ਨਾਲਾ ਸੀ ਜੋ ਅੱਗੇ ਦੁਆਰਾ ਤੋਂ 5 ਮੀਲ ਜਾ ਕੇ ਚਨਾਬ ਵਿੱਚ ਡਿੱਗਦਾ। ਇਹਨਾਂ ਦੋਵਾਂ ਨਾਲਿਆਂ ਦੇ ਵਿਚਕਾਰ ਛੇ ਮੀਲ ਤੇ ਗੁਜਰਾਤ ਸ਼ਹਿਰ ਹੈ। ਗੁਜਰਾਤ ਤੋਂ ਡੇਢ ਮੀਲ ਦੱਖਣ ਵਿੱਚ ਕਾਲੜਾ ਪਿੰਡ ਜੋ ਪੂਰਬੀ ਕੰਢੇ ਤੇ ਹੈ। ਛੋਟਾ ਕਾਲੜਾ ਪੱਛਮੀ ਕੰਢੇ ਤੇ ਹੈ ਇਹਨਾਂ ਤੋਂ ਇੱਕ ਮੀਲ ਦੀ ਵਿੱਥ ਤੇ ਹਰੀਆਂਵਾਲਾ ਵੀ ਹੈ। ਪੱਛਮੀ ਕੰਢੇ ਤੇ ਤਿੰਨ ਪਿੰਡ ਲੂਣਪੁਰ, ਜਮਨਾ ਤੇ ਨਾਰੋਵਾਲ ਹਨ। ਦੱਖਣ ਵਿੱਚ ਸ਼ਾਦੀਵਾਲ ਚਨਾਬ ਤੋਂ ਚਾਰ ਮੀਲ ਦੂਰ ਕੂੰਜਾ, ਸ਼ਾਦੀਵੱਲ ਤੋਂ ਚਾਰ ਮੀਲ ਹੀ ਤਰੀਕਾ, ਸ਼ਾਦੀਵਾਲ ਤੋਂ ਡੇਢ ਮੀਲ ਦੂਰ ਪੂਰਬੀ ਕੰਢੇ ਤੇ ਹੈ। ਸਿੱਖਾਂ ਦੀ ਮੋਰਚਾਬੰਦੀ ਕਾਲੜਾ ਤੋਂ ਉਰੇ ਸਵਾ ਮੀਲ ਦੱਖਣ ਵਿੱਚ ਤਿੰਨ ਮੀਲ ਲੰਬੀ ਸੀ ਜੋ ਦੁਆਰਾ ਤੋਂ ਪਟੇਲਾ ਤੱਕ ਸੀ।
ਗਫ਼ ਨੇ ਸਿੱਖਾਂ ਦੇ ਸੱਜੇ ਪਾਸੇ ਤੇ ਵਿਚਾਲਿਓ ਹਮਲਾ ਕਰਨ ਦੀ ਵਿਉਂਤ ਬਣਾਈ। ਉਸ ਦਾ ਇਰਾਦਾ ਕਾਲੜਾ ਦੇ ਖੱਬੇ ਪਾਸਿਓਂ ਸਿੱਖਾਂ ਤੇ ਜ਼ੋਰ ਪਾਉਣ ਦਾ ਸੀ। ਇਸ ਲਈ ਉਸਨੇ ਵਿਚਕਾਰ ਤੋਪਾਂ ਰੱਖ ਲਈਆਂ। ਗਿੱਲਬਰਟ ਤੇ ਵਿਸ਼ ਦੀਆਂ ਡਿਵੀਜ਼ਨਾਂ ਸੱਜੇ ਤੇ ਖੱਬੇ ਪਾਸੇ ਅਤੇ ਕੈਂਪਬੈਲ ਤੇ ਡੰਡਾਸ ਦੀਆਂ ਡਵੀਜਨਾਂ ਦੂਜੇ ਪਾਸੇ ਸਨ।
ਜਿਉਂ ਹੀ 21 ਫ਼ਰਵਰੀ ਦਾ ਦਿਨ ਚੜ੍ਹਿਆ ਲਾਂਗਰੀਆਂ ਨੂੰ ਸਿਪਾਹੀਆਂ ਦਾ ਖਾਣਾ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ ।ਅਜੇ ਖਾਣਾ ਤਿਆਰ ਹੋਣ ਹੀ ਲੱਗਾ ਸੀ ਕਿ 7:30 ਵਜੇ ਸਵੇਰੇ ਹੀ ਜੰਗ ਦਾ ਬਿਗਲ ਵੱਜ ਗਿਆ। ਅੰਗਰੇਜ਼ ਸੈਨਿਕ ਹੱਥਾਂ ਵਿੱਚ ਖਾਣਾ ਫੜੀ ਬੰਦੂਕਾਂ ਚੁੱਕ ਕੇ ਭੱਜ ਤੁਰੇ। ਗਫ਼ ਦੀ ਫੌਜ ਸਿੱਖਾਂ ਤੋਂ ਤਿੰਨ ਮੀਲ ਦੂਰ ਸੀ। ਇਹ ਕਤਰ ਕੂੰਜਾਂ ਤੋਂ ਸ਼ੁਰੂ ਹੋ ਕੇ ਸ਼ਾਦੀਵਾਲ ਦੇ ਨਾਲ਼ ਨਾਲ਼ ਦੋਨਾਂ ਨਾਲਿਆਂ ਦੇ ਮੱਧ ਤੱਕ ਸੀ। ਉਥੋਂ ਗੁਜਰਾਤ ਦੇ ਸ਼ਹਿਰ ਦੇ ਕਿਲ੍ਹੇ ਦੇ ਮੀਨਾਰ ਸਾਫ਼ ਦਿਖਾਈ ਦੇ ਰਹੇ ਸੀ। ਅੰਗਰੇਜ਼ ਫੌਜਾਂ ਨੂੰ ਦੇਖ ਕੇ ਕਿਲ੍ਹੇ ਦੇ ਮੀਨਾਰ ਤੋਂ ਗੋਲਾ ਦਾਗ਼ਿਆ ਗਿਆ ਜੋ ਕਿ ਨਿਸ਼ਾਨੇ ਤੋਂ ਪਰੇ ਡਿੱਗਿਆ। ਫੌਜੀ ਨਜ਼ਰੀਏ ਤੋਂ ਇਹ ਸਿੱਖਾਂ ਦੀ ਇੱਕ ਵੱਡੀ ਭੁੱਲ ਸੀ। ਇਸ ਨਾਲ਼ ਸਿੱਖਾਂ ਦੀ ਬੈਟਰੀ ਦੀ ਪੁਜ਼ੀਸ਼ਨ ਦਾ ਪਤਾ ਲੱਗ ਗਿਆ। ਗਫ਼ ਨੇ ਆਪਣੀ ਫੌਜ ਨੂੰ 9 ਵਜੇ ਤੱਕ ਰੋਕ ਲਿਆ। ਜਦ ਅੰਗਰੇਜ਼ ਆਰਟਿਲਰੀ ਅੱਗੇ ਆਈ ਸਾਰਿਆਂ ਨੇ ਤੋਪਾਂ ਦੇ ਵਾਰ ਕੀਤੇ ਅੱਗੋਂ ਸਿੱਖਾਂ ਨੇ ਵੀ ਪੂਰੇ ਜਵਾਬੀ ਹਮਲੇ ਕੀਤੇ। ਅੰਗਰੇਜ਼ਾਂ ਦਾ ਇਸ ਜੰਗ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ। ਚਾਰ ਚੁਫ਼ੇਰੇ ਗੋਲ਼ੇ ਡਿੱਗ ਰਹੇ ਸਨ। ਗਫ਼ ਨੇ ਆਪਣੇ 24 ਪਾਉਂਡਰਾਂ ਦੇ ਨਾਲ਼ ਆਰਟਿਲਰੀ ਸਿੱਖਾਂ ਉਤੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਕੀਤੀ। ਸਿੱਖਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਅਖ਼ੀਰ ਅੰਗਰੇਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹਨਾਂ ਦੀਆਂ 109 ਤੋਪਾਂ ਸਿੱਖਾਂ ਦੀਆਂ 69 ਤੋਪਾਂ ਉੱਤੇ ਹਾਵੀ ਹੋ ਗਈਆਂ। ਸਿੱਖਾਂ ਦੇ ਰਸਾਲੇ ਕਟੇਲਾ ਲੰਘ ਕੇ ਲੇਕ ਤੇ ਹੈਰਸੇ ਦੀ ਕੈਵਲਰੀ ਨੂੰ ਖਿੰਡਾਉਣ ਲਈ ਘੁੱਸ ਗਏ ਪਰ ਹੌਰਸ ਨੇ ਆਪਣੀ ਆਰਟਿਲਟਰੀ ਨਾਲ਼ ਇਹਨਾਂ ਨੂੰ ਨੇੜੇ ਨਾ ਆਉਣ ਦਿੱਤਾ। 11 ਵੱਜ ਚੁੱਕੇ ਸਨ ਅਜੇ ਜੰਗ ਪੂਰੀ ਤਰ੍ਹਾਂ ਜਾਰੀ ਸੀ। ਗਫ਼ ਨੇ ਆਪਣੀ ਫੌਜ ਨੂੰ ਹੋਰ ਅੱਗੇ ਵਧਣ ਦਾ ਹੁਕਮ ਦਿੱਤਾ। ਕਾਲੜਾ ਪਿੰਡ ਵਿੱਚੋਂ ਕੱਚੀਆਂ ਕੰਧਾਂ ਪਿੱਛੇ ਸਿੱਖ ਫੌਜ ਦੇ ਮੋਰਚਿਆਂ ਤੋਂ ਉਹਨਾਂ ਤੇ ਭਾਰੀ ਗੋਲਾਬਾਰੀ ਹੋਈ। ਅੰਗਰੇਜ਼ ਬ੍ਰਿਗੇਡ ਟੁੱਟ ਕੇ ਪੈ ਗਈ ਤੇ ਸਿੱਖ ਪੈਦਲ ਫੌਜ ਵੀ ਅਖੀਰ ਤੱਕ ਡਟੀ ਰਹੀ। ਗਫ਼ ਦੇ 321 ਬੰਦੇ ਇੱਥੇ ਮਰ ਗਏ ਜਿਨਾਂ ਵਿੱਚ 6 ਅਫ਼ਸਰ,143 ਜਵਾਨ ਸਨ। 128 ਬੰਦੇ ਜ਼ਖ਼ਮੀ ਹੋਏ। ਬ੍ਰਿਗੇਡੀਅਰ ਹਾਰਵੇ ਨੇ ਹੋਰਸ ਦੀ ਆਰਟਿਲਟਰੀ ਦੀ ਮਦਦ ਨਾਲ਼ 10ਵੀਂ ਫੁੱਟ ਤੇ 8ਵੀਂ ਫੁੱਟ ਨੇਟਿਵ ਇਨਫੈਂਟਰੀ ਨਾਲ਼ ਹਮਲਾ ਕੀਤਾ। ਇੱਕ ਵਾਰ ਫਿਰ ਬਹੁਤ ਪ੍ਰਚੰਡ ਲੜਾਈ ਹੋਈ। ਅੰਗਰੇਜ਼ ਫੌਜਾਂ ਦੀ ਗਿਣਤੀ ਜ਼ਿਆਦਾ ਸੀ। ਸਿੱਖ ਪਿੱਛੇ ਹਟਣ ਲੱਗੇ। ਅੰਗਰੇਜ਼ ਕੈਪਟਨ ਐਂਡਰਸਨ ਮਾਰਿਆ ਗਿਆ ਤੇ ਉਸ ਦੇ 14 ਬੰਦੇ ਮਰੇ ਅਤੇ ਜ਼ਖ਼ਮੀ ਹੋਏ। ਇੱਥੇ ਉਹਨਾਂ ਨੇ ਸਿੱਖ ਤੋਪਾਂ ਨੂੰ ਖੋਹ ਲਿਆ। ਅਫ਼ਗ਼ਾਨ ਰਸਾਲੇ ਦੀ ਮਦਦ ਨਾਲ਼ ਸਿੱਖ ਰਸਾਲਿਆ ਨੇ ਅੰਗਰੇਜ਼ਾਂ ਤੇ ਸੱਜੇ ਪਾਸਿਓਂ ਫਿਰ ਹਮਲਾ ਕੀਤਾ। 9ਵੀਂ ਲਾਂਸਰ ਅਫ਼ਗਾਨਾ ਉੱਤੇ ਹਾਵੀ ਹੋ ਗਈ ਤਾਂ ਅਫ਼ਗਾਨ ਸਿਪਾਹੀਆਂ ਦਾ ਹੌਸਲਾ ਟੁੱਟ ਗਿਆ। ਅੰਗਰੇਜ਼ ਕੈਵਲਰੀ ਸਿੱਖਾਂ ਦੇ ਕੈਂਪ ਚੋਂ ਲੰਘਦੀ ਹੋਈ ਅਫ਼ਗ਼ਾਨਾਂ ਦਾ ਪਿੱਛਾ ਕਰਨ ਲੱਗੀ। ਇਹ ਸਮੇਂ ਅਫਗਾਨਾ ਦੇ ਰਸਾਲੇ ਦੀ ਛੋਟੀ ਟੁਕੜੀ ਦੇ ਘੋੜ ਸਵਾਰ ਗਫ਼ ਤੇ ਹਮਲਾ ਕਰਨ ਲਈ ਸਿੱਧਾ ਉਸ ਵੱਲ ਵਧੇ ਪਰ ਲੈਫਟੀਨੈਂਟ ਸਟੈਨਸ ਨੇ ਉਹਨਾਂ ਨੂੰ ਖਿੰਡਾ ਦਿੱਤਾ। ਕਾਲੜਾ ਦਾ ਮੋਰਚਾ ਢਹਿ ਢੇਰੀ ਹੋ ਗਿਆ। ਅੰਗਰੇਜ਼ਾਂ ਦੀ 24 ਪਲਟਣ ਦਾ ਸਿੱਖਾਂ ਦੀ ਪੈਦਲ ਫੌਜ ਨਾਲ਼ ਮੁਕਾਬਲਾ ਹੋਇਆ। ਸਿੱਖਾਂ ਨੇ ਮਰਨ ਮਾਰਨ ਦੇ ਜਨੂੰਨ ਨਾਲ਼ ਜਿੱਤ ਦੀ ਆਖ਼ਰੀ ਕੋਸ਼ਸ਼ ਕੀਤੀ। ਕੈਪਟਨ ਲੁਡਲੋ ਨੇ 18 ਪਾਉਂਡਰ ਨਾਲ਼ ਵਾਰ ਕੀਤੇ ਤੇ ਸਿੱਖ ਫੌਜਾਂ ਨੂੰ ਰੋਕ ਲਿਆ। ਮਰਨ ਵਾਲ਼ਿਆਂ ਦੀ ਗਿਣਤੀ ਵਧਣ ਕਰਕੇ ਸਿੱਖ ਪਿੱਛੇ ਹਟ ਗਏ। ਜਦੋਂ ਸਿੱਖ ਸੱਜੇ ਪਾਸੇ ਮੁੜੇ ਤਾਂ ਵਿਸ਼ ਨੇ ਛੋਟਾ ਕਾਲੜਾ ਵੀ ਕਬਜ਼ੇ ਵਿੱਚ ਲੈ ਲਿਆ। ਜਨਰਲ ਕੈਂਪਬੈਲ ਨੇ ਸਿੱਖਾਂ ਦੇ ਸੱਜੇ ਪਾਸੇ ਨੂੰ ਭਿੰਬਰ ਤੱਕ ਪਿੱਛੇ ਧੱਕ ਦਿੱਤਾ। ਰਸਤੇ ਵਿੱਚ ਪਿੱਛੇ ਹਟਦੇ ਹੋਏ ਸਿੱਖ ਹਰ ਪਿੰਡ ਚ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਉਹਨਾਂ ਤੇ ਹਮਲਾ ਹੋ ਜਾਣਾ ਤੇ ਉਹ ਅੱਗੇ ਚੱਲ ਪੈਂਦੇ। ਦੁਪਹਿਰ ਇੱਕ ਵਜੇ ਤੱਕ ਗਫ਼ ਨੇ ਸ਼ੇਰ ਸਿੰਘ ਦੀ ਬਾਕੀ ਸਾਰੀ ਫੌਜ ਨੂੰ ਵੀ ਹਰਾ ਦਿੱਤਾ। 2 ਵਜੇ ਤੱਕ ਗਫ਼ ਨੇ ਦੂਜੀ ਬ੍ਰਿਗੇਡ ਨਾਲ਼ ਰਲ ਕੇ ਗੁਜਰਾਤ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਅੰਗਰੇਜ਼ ਕੈਵਵਰੀ ਤੇ ਇਨਫੈਂਟਰੀ ਸ਼ੇਰ ਸਿੰਘ ਦੀ ਫੌਜ ਨੂੰ ਲੱਭਣ ਲੱਗੀ। 24ਵੀਂ ਬੰਗਾਲ ਲਾਈਟ ਕੈਵਲਰੀ ਨੇ 9 ਤੋਪਾਂ ਕਬਜ਼ੇ ਵਿੱਚ ਕਰ ਲਈਆਂ ਅਤੇ 15 ਮੀਲ ਤੱਕ ਪਿੱਛਾ ਕੀਤਾ।
ਅਗਲੇ ਦਿਨ ਜਨਰਲ ਗਿਲਬਰਟ ਨੇ 14ਵੀਂ ਡ੍ਰਾਗਨਸ ਦੇ ਨਾਲ਼ ਸ਼ੇਰ ਸਿੰਘ ਦੀਆਂ ਫੌਜਾਂ ਦਾ ਪਿੱਛਾ ਕੀਤਾ। 72 ਘੰਟਿਆਂ ਚ 50 ਮੀਲ ਦਾ ਫਾਸਲਾ ਤੈਅ ਕਰਕੇ ਜੇਹਲਮ ਜਾ ਰੁਕਿਆ। ਉਸਨੇ 28 ਫਰਵਰੀ ਨੂੰ ਜੇਹਲਮ ਪਾਰ ਕੀਤਾ ਅਤੇ ਆਪਣਾ ਕੈਂਪ ਲਾ ਲਿਆ। 8 ਮਾਰਚ ਨੂੰ ਰਾਵਲਪਿੰਡੀ ਤੋਂ 31 ਮੀਲ ਉਰੇ ਜਿੱਥੇ ਸ਼ੇਰ ਸਿੰਘ ਆਪਣੇ 1600 ਸੈਨਕਾਂ ਦੇ ਨਾਲ਼ ਰਾਵਲਪਿੰਡੀ ਵਿੱਚ ਸੀ ਨੂੰ ਆਤਮ ਸਮਰਪਣ ਕਰਨ ਲਈ ਸੁਨੇਹਾ ਭੇਜਿਆ। 10 ਮਾਰਚ ਨੂੰ ਸ਼ੇਰ ਸਿੰਘ ਨੇ ਈਨ ਪ੍ਰਵਾਨ ਕਰ ਲਈ। ਗਿਲਬਰਟ ਨੇ ਰਾਵਲਪਿੰਡੀ ਵਿਖੇ 10 ਤਰੀਕ ਨੂੰ ਲਾਲ ਸਿੰਘ ,ਸਰਦਾਰ ਕਾਹਨ ਸਿੰਘ ਮਜੀਠੀਆ ਅਤੇ 1000 ਜਾਗੀਰਦਾਰੀ ਫੌਜ ਤੋਂ ਹਥਿਆਰ ਸਟਵਾ ਲਏ।12 ਮਾਰਚ ਨੂੰ ਚਤਰ ਸਿੰਘ ਤੇ ਹੋਰ ਸਰਦਾਰਾਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ 17 ਤੋਪਾਂ ਵੀ ਦੇ ਦਿੱਤੀਆਂ। 14 ਮਾਰਚ ਨੂੰ ਗਿੱਲਬਰਟ ਨੇ ਰਸਮੀ ਤੌਰ ਤੇ ਰਾਵਲਪਿੰਡੀ ਵਿੱਚ ਸ਼ੇਰ ਸਿੰਘ ਦੀ ਫੌਜ ਨੂੰ ਇਕੱਠਾ ਕੀਤਾ। ਇਸ ਸਮੇਂ ਕੁੱਲ 20000 ਬੰਦੂਕਾਂ ਤੇ 41 ਤੋਪਾਂ ਅੰਗਰੇਜ਼ਾਂ ਨੂੰ ਸੌਂਪੀਆਂ ਗਈਆਂ। ਖ਼ਾਲਸਾ ਫੌਜ ਆਪਣੇ ਹਥਿਆਰ ਛੱਡਣ ਨੂੰ ਤਿਆਰ ਨਹੀਂ ਸੀ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਤੇ ਚਿਹਰੇ ਗੁੱਸੇ ਤੇ ਨਫ਼ਰਤ ਨਾਲ਼ ਭਖ਼ ਰਹੇ ਸਨ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਸਨ। ਆਖਰੀ 6 ਘੰਟਿਆਂ ਦੀ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਘੱਟ ਨੁਕਸਾਨ ਹੋਇਆ ਕਿਉਂਕਿ ਉਹਨਾਂ ਕੋਲ਼ ਸਿੱਖਾਂ ਨਾਲ਼ੋਂ ਤੋਪਾਂ ਵੀ ਜ਼ਿਆਦਾ ਸਨ। ਇੱਥੇ ਅੰਗਰੇਜ਼ਾਂ ਦੀ ਆਰਟੀਲਰੀ ਸਿੱਖਾਂ ਦੀਆਂ ਤੋਪਾਂ ਤੋਂ ਹਰ ਤਰੀਕੇ ਨਾਲ਼ ਬਿਹਤਰ ਸੀ। ਸਾਰੇ ਸਰਦਾਰ ਅਤੇ ਅਫ਼ਸਰਾਂ ਨੂੰ ਜੰਗੀ ਕੈਦੀ ਵਜੋਂ ਲਿਆ ਗਿਆ। ਸ਼ੇਰ ਸਿੰਘ ਦੀ ਫੌਜ ਦੇ ਜਵਾਨਾਂ ਨੂੰ ਇੱਕ ਇੱਕ ਰੁਪਿਆ ਦੇ ਕੇ ਪਿੰਡ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਚਤਰ ਸਿੰਘ ਤੇ ਸ਼ੇਰ ਸਿੰਘ ਨੂੰ ਬਾਕੀਆਂ ਦੇ ਨਾਲ਼ ਫਤਿਹਗੜ੍ਹ ਭੇਜ ਕੇ ਕੈਦ ਵਿੱਚ ਰੱਖਿਆ ਤੇ ਬਾਅਦ ਵਿੱਚ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਜਿੱਥੇ ਉਹਨਾਂ ਦੀ 1858 ਵਿੱਚ ਬਨਵਾਸ ਦੌਰਾਨ ਹੀ ਮੌਤ ਹੋ ਗਈ। ਗੁਜਰਾਤ ਦੀ ਇਸ ਲੜਾਈ ਦੇ ਨਾਲ਼ ਸਿੱਖਾਂ ਤੇ ਅੰਗਰੇਜ਼ਾਂ ਦਾ ਦੂਜਾ ਯੁੱਧ ਸਮਾਪਤ ਹੋ ਗਿਆ। ਇਹ ਲੜਾਈ ਨਿਰਨਣਾਜਨਕ ਸੀ। ਅੰਗਰੇਜ਼ਾਂ ਦੀ ਪੂਰਨ ਰੂਪ ਵਿੱਚ ਜਿੱਤ ਹੋਈ ਤੇ ਉਹਨਾਂ ਦਾ ਪੰਜਾਬ ਉੱਤੇ ਪੂਰੀ ਤਰ੍ਹਾਂ ਅਧਿਕਾਰ ਹੋ ਗਿਆ। ਪੰਜਾਬ ਤੇ ਕਬਜ਼ੇ ਦੀ ਰਸਮੀ ਰਿਵਾਇਤ 30 ਮਾਰਚ ਨੂੰ 1849 ਨੂੰ ਲਾਹੌਰ ਦੇ ਭਰੇ ਦਰਬਾਰ ਵਿੱਚ ਹੋਈ ਜਿੱਥੇ ਗਵਰਨਰ ਜਨਰਲ ਨੇ ਇਹ ਐਲਾਨ ਪੜ੍ਹ ਕੇ ਸੁਣਾਇਆ। ਇਸ ਤਰ੍ਹਾਂ ਡਲਹੌਜੀ ਦੀ ਪੰਜਾਬ ਨੂੰ ਬਰਤਾਨੀਆ ਰਾਜ ਦਾ ਹਿੱਸਾ ਬਣਾਉਣ ਦੀ ਨੀਤੀ ਦਾ ਐਲਾਨ ਕੀਤਾ ਗਿਆ।
30 ਮਾਰਚ ਨੂੰ ਫ਼ਿਰੋਜ਼ਪੁਰ ਵਿਖੇ ਵਿਦੇਸ਼ ਵਿਭਾਗ ਵੱਲੋਂ ਕੀਤੀ ਗਈ ਘੋਸ਼ਣਾ –
ਘੋਸ਼ਣਾ
ਵਿਦੇਸ਼ ਵਿਭਾਗ ਕੈਂਪ ਫ਼ਿਰੋਜ਼ਪੁਰ, 30 ਮਾਰਚ
ਗਵਰਨਰ ਜਨਰਲ ਇਹ ਘੋਸ਼ਣਾ ਪੱਤਰ ਭੇਜ ਰਿਹਾ ਹੈ ਜਿਸ ਦੇ ਮੁਤਾਬਕ ਪੰਜਾਬ ਹਿੰਦੁਸਤਾਨ ਵਿੱਚ ਅੰਗਰੇਜ਼ ਸਲਤਨਤ ਦਾ ਹਿੱਸਾ ਬਣ ਗਿਆ ਹੈ। ਇਸ ਨੂੰ ਆਮ ਜਾਣਕਾਰੀ ਵਜੋਂ ਛਾਪਿਆ ਜਾਏ ਤੇ ਹਰ ਮੁੱਖ ਸ਼ਹਿਰ ਵਿੱਚ ਇਸ ਦਾ ਸਵਾਗਤ ਫੌਜੀ ਸਲਾਮੀ ਨਾਲ਼ ਕੀਤਾ ਜਾਏ। ਰਾਈਟ ਅਨਰੇਬਲ ਗਵਰਨਰ ਜਨਰਲ ਆੱਫ ਇੰਡੀਆ ਦੇ ਹੁਕਮ ਅਨੁਸਾਰ।
ਦਸਤਖ਼ਤ
ਪੀ ਮੈਲਵਿਲ
ਗਵਰਨਰ ਜਨਰਲ ਦੇ ਨਾਲ਼ ਅੰਡਰ-ਸੈਕਟਰੀ,
ਗੌਰਮੈਂਟ ਆੱਫ਼ ਇੰਡੀਆ।
—੦—
ਪੇਸ਼ਕਸ਼ — ਜਗਤਾਰ ਸਿੰਘ ਸੋਖੀ
9417166386