ਮੈਂ ਨੇੜਲੇ ਰਿਸਤੇਦਾਰ ਦੀ ਮੌਤ ਹੋਣ ਕਾਰਨ ਸਸਕਾਰ ਮੌਕੇ ਗਿਆ ਹੋਇਆ ਸੀ। ਸ਼ਹਿਰੀ ਸਮਸ਼ਾਨਘਾਟ ਹੋਣ ਕਾਰਨ ਇੱਕੋ ਥਾਂ ਦਸ ਬਾਰਾਂ ਚਿਤਾ ਵਾਲੀਆਂ ਥਾਵਾਂ ਬਣੀਆਂ ਹੋਈਆਂ ਸਨ।ਜਦੋਂ ਅਸੀਂ ਮ੍ਰਿਤਕ ਸਰੀਰ ਲੈ ਕੇ ਜਾ ਰਹੇ ਸਾਂ ਤਾਂ ਸਾਡੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਰਹੇ ਸਨ। ਅੰਤਿਮ ਰਸਮਾਂ ਕਰਦਿਆਂ ਵੀ ਰੋਣ, ਹੌਕਿਆਂ ਤੇ ਸਿਸਕੀਆਂ ਦੀ ਅਵਾਜ ਹੀ ਆ ਰਹੀ ਸੀ। ਅੰਤ ਨੂੰ ਸਾਰੀਆਂ ਰਸਮਾਂ ਨਿੱਬੜਨ ਬਾਅਦ ਜਦੋਂ ਮ੍ਰਿਤਕ ਸਰੀਰ ਚਿਤਾ ‘ਤੇ ਰੱਖਿਆ ਗਿਆ ਤਾਂ ਰੋਣ ਦੀ ਅਵਾਜ ਦਿਲ ਚੀਰਵੀਂ ਹੁੰਦੀ ਗਈ। ਮ੍ਰਿਤਕ ਰਿਸਤੇਦਾਰ ਦੇ ਬੇਟੇ ਨੇ ਚਿਤਾ ਨੂੰ ਅੱਗ ਵਿਖਾਈ। ਮੋਟੀਆਂ ਮੋਟੀਆਂ ਲੱਕੜਾਂ ਨੂੰ ਪਈ ਅੱਗ ਸਭ ਕੁੱਝ ਸਾੜਕੇ ਰਾਖ ਕਰਨ ਦਾ ਇਰਾਦਾ ਕਰ ਚੁੱਕੀ ਸੀ। ਹੌਲੀ ਹੌਲੀ ਪਰਿਵਾਰਿਕ ਮੈਂਬਰਾਂ , ਰਿਸਤੇਦਾਰਾਂ ਤੇ ਹੋਰ ਨੇਲੜੇ ਲੋਕਾਂ ਦਾ ਵਿਰਲਾਪ ਘਟ ਗਿਆ। ਐਨੇ ਨੂੰ ਸਮਸ਼ਾਨਘਾਟ ਵਿੱਚ ਦੋ ਹੋਰ ਮ੍ਰਿਤਕ ਸਰੀਰ ਆ ਪੁੱਜੇ। ਉਨ੍ਹਾਂ ਦੇ ਰਿਸਤੇਦਾਰ ਵੀ ਅੰਤਿਮ ਰਸਮਾਂ ਆਦਿ ਕਰ ਰਹੇ ਸਨ ਪਰ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਸੀ। ਸੋਚ ਕੇ ਮੈਂ ਬੜਾ ਹੈਰਾਨ ਹੋਇਆ ਕਿ ਇਕ ਮ੍ਰਿਤਕ ਸਰੀਰ ਜਿਸਨੂੰ ਅਸੀਂ ਅਗਨ ਭੇਂਟ ਕਰ ਚੁੱਕੇ ਸੀ ਦੇ ਸਸਕਾਰ ਮੌਕੇ ਅਸੀਂ ਧਾਹਾਂ ਮਾਰ ਮਾਰ ਰੋ ਰਹੇ ਸਾਂ ਤੇ ਇੱਕ ਹੋਰ ਮ੍ਰਿਤਕ ਸਰੀਰ ਨੂੰ ਵੇਖਕੇ ਅਸੀਂ ਇੱਕ ਹੰਝੂ ਤੱਕ ਨਹੀਂ ਵਹਾਇਆ ਜਦੋਂ ਕਿ ਮੌਤ ਦੋਵੇਂ ਥਾਂ ਹੀ ਬੰਦੇ ਦੀ ਹੋਈ ਸੀ।
ਫਿਰ ਮੈਂ ਸੋਚਿਆ ਦੁੱਖ ਅਸਲ ਵਿੱਚ ਕਿਸੇ ਵਿਆਕਤੀ ਦੇ ਮਰਨ ਦਾ ਨਹੀਂ ਹੁੰਦਾ ਦੁੱਖ ਤਾਂ ਰਿਸਤੇ ਮਰਨ ਨਾਲ ਹੁੰਦਾ ਹੈ। ਮਰਨ ਵਾਲੇ ਨਾਲ ਜਿਸਦਾ ਵੀ ਜਿੰਨਾਂ ਨੇੜਲਾ ਰਿਸਤਾ ਹੁੰਦਾ ਹੈ ਦੁੱਖ ਓਨਾਂ ਹੀ ਵੱਡਾ ਹੁੰਦਾ ਹੈ। ਦੁਨੀਆ ‘ਤੇ ਸਾਰੀ ਖੇਡ ਹੀ ਰਿਸਤਿਆਂ ਦੀ ਹੈ। ਰਿਸਤੇ ਹੀ ਮਨ ਦੀ ਖੁਸ਼ੀ ਦਿੰਦੇ ਹਨ ਤੇ ਰਿਸਤਿਆਂ ਦਾ ਫਰਕ, ਤ੍ਰੇੜ, ਤੋੜ ਵਿਛੋੜਾ ਤੇ ਸਮਾਪਤੀ ਮਨ ਨੂੰ ਬੇਚੈਨ ਕਰਦੀ ਹੈ। ਜਿਸ ਕੋਲ ਚੰਗੇ ਤੇ ਸੁਖਾਵੇਂ ਰਿਸਤਿਆਂ ਦੀ ਦੌਲਤ ਹੁੰਦੀ ਹੈ ਉਹ ਉਨਾ ਹੀ ਅਮੀਰ ਹੁੰਦਾ ਹੈ, ਉਨਾ ਹੀ ਖੁਸ਼ ਤੇ ਸੰਤੁਸ਼ਟ ਹੁੰਦਾ ਹੈ। ਸੋ ਕਦੇ ਰਿਸਤਿਆਂ ਨੂੰ ਮਰਨ ਨਾ ਦੇਣਾ। ਗਲਤੀਆਂ, ਭੁੱਲਾਂ ਤੇ ਅਣਗਹਿਲੀਆਂ ਕਦੇ ਕਦੇ ਰਿਸਤਿਆਂ ਵਿੱਚ ਖਟਾਸ ਪੈਦਾ ਕਰ ਦਿੰਦੇ ਹਨ ਪਰ ਮੁਆਫੀਨਾਮਾ ਮੁੜ ਤੋਂ ਮਿਠਾਸ ਭਰ ਦਿੰਦਾ ਹੈ। ਇਸਤੋਂ ਪਹਿਲਾਂ ਕਿ ਖਟਾਸ ਕੁੜੱਤਣ ਵਿੱਚ ਬਦਲੇ ਭੁੱਲ ਮੰਨਕੇ ਮੁਆਫੀਨਾਮਾ ਲਿਖ ਦੇਣਾ ਚਾਹੀਦਾ ਹੈ। ਭੁੱਲ ਮੰਨਣਾ ਤੇ ਗਲਤੀ ਦੀ ਮੁਆਫੀ ਮੰਗ ਲੈਣਾ ਰਿਸਤਿਆਂ ਦੇ ਰੋਗਾਂ ਦਾ ਵੈਦ ਹੈ। ਲਾਲਚ ਤੇ ਉਂਗਲਾਂ ਵਰਗੇ ਦੈਂਤ ਵੀ ਰਿਸਤਿਆਂ ਨੂੰ ਖਾਂਦੇ ਹਨ ਸੋ ਇਨ੍ਹਾਂ ਤੋਂ ਦੂਰੀ ਹੀ ਚੰਗੀ।
ਹਰਦੀਪ ਸਿੰਘ ਜਟਾਣਾ
9417254517