ਦੁਪਹਿਰ ਦੇ ਦੋ ਵੱਜ ਗਏ ਨੇ ।
ਸਫ਼ਰ। ਦਿੱਲੀ ਤੋਂ ਚੰਡੀਗੜ੍ਹ, ਪੰਜ ਘੰਟੇ, ਥਕਾਵਟ। ਇੱਕ ਅਕੜਾ ਜਿਸਮ ‘ਤੇ ਤਾਰੀ ਹੈ। ਨੀਰੂ ਚਾਬੀ ‘ਕੀ-ਹੋਲ’ ਵਿਚ ਪਾਉਂਦੀ ਹੈ। ਕਰੜ-ਕਰੜ! ਦੇ ਤਿੰਨ ਵਾਰ ਕੋਸ਼ਿਸ਼ ਕਰਨ ‘ਤੇ ਹੀ ਲਾਕ ਫਰੀ ਹੁੰਦਾ ਹੈ। ਮਸੀਂ ।
‘ਕਰੜ-ਕਰੜ’। ਭਾਵ ਦਰਾਂ ਦੇ ਲਾਕ ਨਾਲ ਫਿਰ ਜ਼ੋਰ ਜ਼ਬਰਦਸਤੀ ਹੋਈ ਹੈ।
ਸ਼ਾਇਦ ਇੱਕ ਹੋਰ ਡੁਪਲੀਕੇਟ ਚਾਬੀ ਬਣਾਈ ਗਈ ਹੈ।
ਪਰ ਕਿਸਦੇ ਲਈ ?
ਇੱਕ ਚਾਬੀ ਮੱਮ ਕੋਲ ਹੈ, ਇੱਕ ਉਸਦੇ ਆਪਣੇ ਕੋਲ। ਉਹ ਦਿੱਲੀ ਰਹਿੰਦੀ ਹੈ। ਹੋਰ ਤਾਂ ਇਸ ਘਰ ਵਿਚ ਕੋਈ ਨਹੀਂ ਹੈ।
ਫਿਰ ਇਕ ਹੋਰ ਡੁਪਲੀਕੇਟ ਚਾਬੀ ?
ਬੈਗ ਚੁੱਕਣ ਲੱਗੀ ਦੀ ਨਜ਼ਰ ਲਾਅਨ ਵੱਲ ਉੱਠਦੀ ਹੈ। ਨਵੇਂ ਗਮਲਿਆਂ ਦੀ ਆਮਦ ਦਾ ਨੋਟਿਸ ਲੈਂਦੀ ਹੈ। ਕਿੰਨੇ ਹੀ ਫੁੱਲ ਟਹਿਕ ਰਹੇ ਨੇ, ਕਿੰਨੀਆਂ ਹੀ ਨਵੀਆਂ ਕਿਸਮਾਂ।
ਲਾਅਨ ਦਾ ਉਜਾੜ ਕਿਥੇ ਚਲਿਆ ਗਿਆ ? ਕਦੋਂ ?
“ਤਾਂ ਮੱਮ ਹੈਲਦੀ ਨੇ। ਮੈਂਟਲੀ! ਇਨ੍ਹੀਂ ਦਿਨੀਂ । ਵ੍ਹਾਟ ਹਾਓ?
ਘਰੜ-ਘਰੜ। ਇੱਕ ਹੋਰ ਡੁਪਲੀਕੇਟ ਚਾਬੀ। ਟਹਿਕਦਾ ਬਗੀਚਾ।
ਕੌਣ ਹੋ ਸਕਦਾ ਹੈ ?
ਨੀਰੂ ਅੰਦਰ ਆ ਆਪਣੇ ਕਮਰੇ ਵਿਚ ਬੈਗ ਟਿਕਾ ਦੇਂਦੀ ਹੈ। ਬਾਥਰੂਮ ਵਿਚ ਜਾ ਕੇ ਤਾਜ਼ਾ ਦਮ ਹੋਣ ਦੀ ਹਿੰਮਤ ਨਹੀਂ, ਅਜੇ । ਚਾਹ ਦੇ ਕੱਪ ਦੀ ਤਲਬ ਜਾਗਦੀ ਹੈ। ਰਸੋਈ ਵਿਚ ਚਲੀ ਜਾਂਦੀ ਹੈ। ਚਾਹ ਦਾ ਕੱਪ ਫੜੀ ਬਾਹਰ ਆਉਂਦੀ ਹੈ। ਸੋਫੇ ਵਿਚ ਧਸ ਜਾਂਦੀ ਹੈ। ਸਿਗਰਟ ਸੁਲਘਾ ਲੈਂਦੀ ਹੈ।
ਧੂੰਏਂ ਦੇ ਛੋਟੇ-ਛੋਟੇ ਛੱਲੇ। ਚਾਹ ਦੀਆਂ ਨਿੱਕੀਆਂ-ਨਿੱਕੀਆਂ ਚੁਸਕੀਆਂ।
ਸਕੂਨ ਮਿਲਦਾ ਹੈ। ਇਕ ਆਰਾਮ। ਮਾਨਸਿਕ ਤੇ ਸਰੀਰਕ ਦੋਵੇਂ ਕਿਸਮ ਦਾ।
ਧੂੰਏਂ ਦੇ ਛੱਲੇ ਬਣਾਉਣ ਲਈ ਬੁੱਲ੍ਹ ਗੋਲਾਈ ਫੜਦੇ ਨੇ । ਪਰ ਛੱਲਾ ਬਾਹਰ ਨਹੀਂ ਆਉਂਦਾ। ਉਹ ਉਸ ਕਾਰਨਰ ਵੱਲ ਵੇਖ ਰਹੀ ਹੈ।
ਐਕਸਰਸਾਈਜ਼ ਵਾਲਾ ਕਾਰਨਰ ਭਰਿਆ-ਭਰਿਆ ਹੈ।
ਪਰ ਇਹ ਸਾਰਾ ਸਾਜ਼ੋ-ਸਮਾਨ ਤਾਂ ਸਟੋਰ ਦੇ ਪਿਛਵਾੜੇ ਸੁੱਟ ਦਿੱਤਾ ਗਿਆ ਸੀ।
ਹੁਣ ਇਥੇ ? ਕਦੋਂ ਤੋਂ?
‘ਉਹ! ਤਾਂ ਮੱਮ ਆਪਣੀ ‘ਫਿੱਗਰ’ ਬਾਰੇ ਫਿਰ ਸੁਚੇਤ ਹੋ ਗਏ ਨੇ’।
ਕੌਣ ਹੋ ਸਕਦਾ ਹੈ ? ਉਹ ਧੂੰਏਂ ਦਾ ਛੱਲਾ ਅੰਦਰ ਹੀ ਜਜ਼ਬ ਕਰ ਲੈਂਦੀ ਹੈ।
ਉਸਨੇ ਇਹ ਕੀ ਜਜ਼ਬ ਕੀਤਾ ਹੈ ? ਅੰਦਰ।
ਉਸਦੇ ਹੋਠਾਂ ਉੱਤੇ ਮੁਸਕਰਾਹਟ ਆਉਂਦੀ ਹੈ। ਅੰਦਰ ਉਦਾਸੀ ਘਿਰਦੀ ਹੈ। ਮੁਸਕਰਾਹਟ ਕਿੰਨੀ ਕਮਜ਼ੋਰ ਹੁੰਦੀ ਹੈ। ਹੈ ਹਾਂ ?
ਹਨੀ ਨੇ ਕਿਹਾ ਸੀ, “ਤੇਰੀ ਮੱਮ ਵਿਚ ਅਜੇ ਵੀ ਬਹੁਤ ਚਾਰਮ ਹੈ ਤੇ ਮੱਮ ਦੀ ਫਿਜ਼ੀਕ ? ਜਸਟ ਲਾਈਕ ਏ ਯੰਗ ਵੁਮੈਨ…”
“ਉਹ ਸ਼ੈਟ ਅਪ…”
ਉਹ ਚੀਕ ਪਈ ਸੀ, “ਵਿਲ ਯੂ…?”
*****
“ਉਹ ਸਾਵੀਂ ਦੀ ਸਾਵੀਂ ਇਕ ਗਿਲਾ ਬਣ ਬੈਠੀ ਸੀ, “ਤੁਸੀਂ ਇਹ ਸਭ ਕੀ ਕਰ ਰਹੇ ਹੋ, ਮੱਮ ?
” ਕੀ?”
“ਤੁਸੀਂ ਜਾਣਦੇ ਹੋ ਮੱਮ-ਕਿ ਕੀ।”
“ਕੀ ਜਾਣਦੀ ਹਾਂ ਮੈਂ ?”
“ਤੁਹਾਨੂੰ ਪਤਾ ਹੈ ਸਭ ।”
“ਕੀ ਪਤਾ ਹੈ ?”
ਉਸਦੇ ਅੰਦਰ ਇਕ ਛਟਪਟਾਹਟ। ਅਚਵੀ। ਬੇਵਸੀ । ਕਮਰੇ ਦਾ ਇਕ ਚੱਕਰ। ਜਿਵੇਂ ਹਥੋੜੇ ਦੀ ਥਾਪ ਫਰਸ਼ ਉੱਤੇ ਪੈ ਰਹੀ ਹੋਵੇ।
“ਫਿਰ ਹਨੀ ਨੇ ਤੁਹਾਡੇ ਸੰਬੰਧ ਵਿਚ ਇੰਝ ਕਿਉਂ ਕਿਹਾ ?”
“ਕਿੰਝ ਕਿਉਂ ਕਿਹਾ ?”
“ਕਿ ਤੇਰੀ ਮੱਮ ਵਿਚ ਅਜੇ ਵੀ…”
ਮੱਮ ਚੁੱਪ
“ਉਹ ਮੇਰਾ ਦੋਸਤ ਹੈ। ਅਸੀਂ ਮੈਰਿਜ ਬਾਰੇ ਡਸੀਜ਼ਨ ਦੇ ਕਿਨਾਰੇ ਖੜ੍ਹੇ ਹਾਂ।”
ਮੱਮ ਫਿਰ ਵੀ ਚੁੱਪ।
“ਉਸਦੀ ਨਜ਼ਰ ਨੇ ਤੁਹਾਡੇ ਵਿਚੋਂ ਮਮਤਾ ਦੀ ਥਾਂ ਗਲੈਮਰ ਕਿਉਂ ਭਾਲਿਆ।
ਤੁਹਾਡੀ ਫ਼ਿਜ਼ੀਕ’ ‘ਤੇ ਇੰਝ ਨੰਗੀ ਨਜ਼ਰ…।”
ਮੰਮ ਦੀਆਂ ਭਿੱਫਣਾਂ ਸੁਕੜੀਆਂ, “ਫੁਲੀਸ਼।”
“ਮੈਨੂੰ ਪਤੈ ਉਹ ਮੇਰੀ ਗ਼ੈਰ ਹਾਜ਼ਰੀ ਵਿਚ ਵੀ ਘਰ ਆਉਂਦਾ ਹੈ।
“ਫੇਰ ?” ਭਿਫਣਾਂ ਹੋਰ ਸੁਕੜੀਆਂ।
“ਕਿੰਨਾ ਕਿੰਨਾ ਚਿਰ ਤੁਹਾਡੇ ਸਾਥ ਵਿਚ ਰਹਿੰਦਾ ਹੈ।”
“ਫੇਰ ?” ਸਿਕੁੜਨ ਹੋਰ ਵਧੀ।
“ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਮੰਮ?” ਸਿਲੀਆਂ ਹੋ ਆਈਆਂ ਸੀ, ਉਸਦੀਆਂ ਅੱਖਾਂ ? ਸਿਲ-ਪੰਘਰਨ ਦੀ ਸੀ ਜਾਂ ਗੁੱਸੇ ਦੀ ? ਪਤਾ ਨਹੀਂ।
ਮੱਮ ਨੇ ਉਸਦੀਆਂ ਅੱਖਾਂ ਦੀ ਸਿਲ੍ਹ ਦਾ ਨੋਟਿਸ ਲਿਆ। ਨੋਟਿਸ ਲਿਆ ? ਹਾਂ ਸ਼ਾਇਦ…, “ਤੇਰੇ ਗੈਸਟ ਨੂੰ ਅਟੈਂਡ ਕੀਤਾ। ਘਰ ਵਾਲਾ ਮਾਹੌਲ ਦੇਣ ਦੀ ਕਸ਼ਿਸ਼ ਕੀਤੀ। ਗੁਨਾਹ ਸੀ ਇਹ… ?”
“ਇਹ ਕਿੰਝ ਦਾ ਅਟੈਂਡ ਕਰਨਾ ਸੀ ਮੱਮ? ਕਿ…”
“ਉਹ ਜਦ ਘਰ ਆਉਂਦਾ ਤਾਂ ਘਰ ਦੇ ਪੂਰਨ ਹੋਣ ਦਾ ਇਕ ਅਹਿਸਾਸ ਜਾਗਦਾ।”
“ਫਿਰ ਉਸਦੀ ਨਜ਼ਰ, ਤੁਹਾਡੀ ਫਿਜ਼ੀਕ ਉਤੇ.. ? ਕਿਉਂ ਮੱਮ ?”
“ਮੈਂ ਇਕ ਨੁਕਤੇ ਬਾਰੇ ਚੰਗੀ ਤਰ੍ਹਾਂ ਸੁਚੇਤ ਨਹੀਂ ਸੀ ਰਹਿ ਸਕੀ ਸ਼ਾਇਦ ।”
“ਕਿਹੜੇ ? ਮੱਮ।”
“ਕਿ ਉਹ ਵੀ ਇਕ ਮਰਦ ਹੈ।”
“ਕਹਿਣਾ ਕੀ ਚਾਹੁੰਦੇ ਹੋ ?”
“ਮਰਦ ਕੇਵਲ ਮਰਦ ਹੀ ਹੁੰਦਾ ਹੈ, ਨੀਰੂ । ਆਖਰੀ ਸੱਚ। ਉਹ ਕੇਵਲ ਮਰਦ ਹੁੰਦਾ ਹੈ। ਜਿੰਨਾ ਕੁ ਮੌਕਾ ਮਿਲਦਾ ਹੈ ਓਨਾ ਕੁ ਨੰਗਾ ਚਿੱਟਾ ਹੁੰਦਾ ਚਲਾ ਜਾਂਦਾ ਹੈ। ਜ਼ਾਹਰਾ ਤੌਰ ‘ਤੇ ਨਾ ਵੀ ਸਹੀ, ਪਰ ਅੰਦਰੋਂ ਤਾਂ ਜ਼ਰੂਰ ਹੀ।”
“ਬੱਸ ਮੱਮ, ਬੱਸ। ਲੱਫਾਜੀ, ਦਾਅ ਪੇਚ, ਫਿਲਾਸਫੀ। ਤੁਹਾਡੀ ਪੀੜ੍ਹੀ ਵੀ ਬੱਸ। ਦਮ ਘੁੱਟ ਕੇ ਰੱਖ ਦੇਂਦੇ ਹੋ ਸਾਡਾ।”
“ਉਤੇਜਨਾ ਨਹੀਂ। ਸਮਝਣ ਦੀ ਕੋਸ਼ਿਸ਼ ਕਰ…।”
“ਬੱਸ ਮੱਮ…।”
“ਜੇ ਤੇਰੇ ਡੈਡੀ ਨਾਲ ਹੁੰਦੇ ਤਾਂ । ਉਸਦੇ ਅੰਦਰ ਦੀ ਗਿਰਝ ਇੰਝ ਸਿਰ ਨਾ ਚੁੱਕਦੀ। ਜਿੱਥੇ ਔਰਤਾਂ ਇੱਕਲੀਆਂ ਹੋਣ ਉਥੇ ਮਰਦ ਅੰਦਰਲੀ ਗਿਰਝ ਨਿਡਰ ਹੋ ਜਾਂਦੀ ਹੈ—ਖੂੰਖਾਰ ।”
ਮੱਮ ਦਾ ਡੈਡ ਤੋਂ ਟੁੱਟਣਾ! ਜਾਂ ਡੈਡ ਦਾ ਇਸ ਘਰ ਤੋਂ ਸਦਾ ਲਈ ਟੁੱਟ ਜਾਣਾ। ਚੰਗੀ ਭਲੀ ਕਾਲਜ ਦੀ ਲੈਕਚਰਰਸ਼ਿਪ ਦੀ ਨੌਕਰੀ ਨੂੰ ਲੱਤ ਮਾਰ ਬਾਹਰਲੇ ਮੁਲਕ ਤੁਰ ਜਾਣਾ। ਬਹੁਤ ਕੁਝ ਘਰ ਵਿਚੋਂ ਮਾਈਨਸ ਹੋ ਗਿਆ। ਨਾਲ ਨਾਲ ਹੀ ਚਲਾ ਗਿਆ ਡੈਡ ਦੇ। ਬਹੁਤ ਕੁਝ, ਕਿੰਨਾ ਹੀ ਕੁਝ। ਹਰ ਸਮੇਂ ਤਣਿਆ ਮਹੌਲ- ਰਾਤੀਂ ਬੈਡਰੂਮ ਵਿਚੋਂ ਭੰਨ ਤੋੜ ਦੀਆਂ ਆਵਾਜ਼ਾਂ-ਨੀਰੂ ਦੇ ਅੰਦਰ ਉਸਰਦਾ, ਗੂੜਾ ਹੁੰਦਾ ਸਹਿਮ-ਦਿਨ ਦੇ ਚਾਨਣ ਵਿਚ ਵੀ ਉਹੀ ਕੁਝ-ਡੈਡ ਦੇ ਮੱਮ ਵੱਲ ਅੱਗ ਵਰ੍ਹਾਉਂਦੇ ਲਫ਼ਜ਼ਾਂ ਦੇ ਅਗਨ ਬਾਣ-ਮੱਮ ਦਾ ਗੁੱਸੇ ਵਿਚ ਆਪਿਉਂ ਬਾਹਰ ਹੋਣਾ। ਉਸ ਦਿਨ ਤਾਂ ਮੱਮ ਦਿਆਂ ਨੌਹਾਂ ਦੇ ਨਿਸ਼ਾਨ ਡੰਡ ਦੇ ਚਿਹਰੇ ਉੱਤੇ ਉੱਕਰੇ ਗਏ ਸੀ। ਡੂੰਘੇ। ਖੂਨ ਸਿੱਮ ਆਇਆ ਸੀ।
“ਯੂ ਬਿੱਚ…।”
ਫਿਰ ਇਕ ਭੁਚਾਲ-ਭੰਨ ਤੋੜ-ਕੀਮਤੀ ਕਰਾਕਰੀ-ਸ਼ੋਅ ਪੀਸ। ਸਭ ਕੁੱਝ।
ਕਮਰੇ ਦੇ ਫਰਸ਼ ਉੱਪਰ ਖਿੱਲਰਿਆ। ਸਭ ਕੁਝ।
ਮੱਮ-ਡੈਡ ਦਾ ਰਿਸ਼ਤਾ ਵੀ। ਕੀਚਰਾਂ ਕੀਚਰਾਂ।
ਘਰ ਵਿੱਚ ਉਹ ਭੁਚਾਲ, ਆਖਰੀ ਭੁਚਾਲ ਸੀ।
ਫਿਰ ਡੈਡ ਦਾ ਚਲੇ ਜਾਣਾ-ਦੂਰ-ਸਦਾ ਲਈ।
ਇੱਕ ਸੰਨਾਪਣ। ਪਹਿਲਾਂ ਘਰ ਵਿੱਚ। ਫਿਰ ਰਾਤਾਂ ਵਿੱਚ। ਫਿਰ ਮਨਾਂ ਵਿੱਚ “ਮੱਮ ਤੁਸੀਂ ਤਾਂ ਦੋਵੇਂ ਐਜੂਕੇਟਡ ਸੀ-ਸਿਵਲਾਈਜ਼ਡ। ਫਿਰ…।”
“ਕਾਗਜ਼ਾਂ ‘ਚੋਂ ਅੱਖਰਾਂ ਨੂੰ ਪੜ੍ਹਨਾ। ਕਾਗ਼ਜ਼ੀ ਫਲਸਫੇ ਨੂੰ ਪੜ੍ਹ ਲੈਣਾ ਹੀ ਤਾਂ ਐਜੂਕੇਸ਼ਨ ਨਹੀਂ ਹੁੰਦੀ ਨੀਰੂ ।”
“ਤਾਂ ਹੋਰ ਕੀ ? ਮੱਮ ।”
“ਅਹਿਸਾਸਾਂ ਦੀ ਵੀ ਇਕ ਇਬਾਰਤ ਹੁੰਦੀ ਹੈ। ਪਰ ਤੇਰੇ ਡੰਡ ਕੋਲ ਇਸ ਇਬਾਰਤ ਨੂੰ ਪੜ੍ਹਨ ਯੋਗ ਅੱਖ ਹੀ ਨਹੀਂ ਸੀ…। ਨੀਰੂ ।”
ਮੱਮ ਚੁੱਪ ਕਰ ਗਏ। ਚੁੱਪ ਹੀ ਰਹੇ। ਕਿੰਨੇ ਹੀ ਪਲ।
ਸੁੰਨਾਪਣ ਜਿਵੇਂ ਹੋਰ ਸੁੰਨਾ ਹੋ ਗਿਆ।
ਨੀਰੂ ਨੇ ਮੱਮ ਨੂੰ ਬੁੱਕਲ ਵਿਚ ਲੈ ਲਿਆ।
“ਖ਼ਾਲੀ ਜ਼ਿੰਦਗੀ ਨੂੰ ਢੋਣਾ ਬਹੁਤ ਔਖਾ ਹੁੰਦਾ ਹੈ। ਮਾਨਸਿਕ ਪੱਧਰ ‘ਤੇ ਮੈਨੂੰ ਤੇਰੇ ਡੈਡ ਕੋਲੋਂ ਕੁਝ ਨਹੀਂ ਮਿਲਿਆ-ਇਹ ਤਾਂ ਵਿਖਾਈ ਦੇਂਦਾ ਰਿਹਾ ਹੋਵੇਗਾ ਤੈਨੂੰ। ਪਰ ਕੁਝ ਐਸਾ ਵੀ ਹੈ ਜੋ ਤੈਨੂੰ ਵਿਖਾਈ ਨਹੀਂ ਦੇ ਸਕਿਆ ਹੋਣਾ।”
ਮੱਮ ਰੁਕੇ ਨੇ। ਨੀਰੂ ਕੇਵਲ ਹੱਥ ਬਣ ਗਈ ਹੈ। ਮੱਮ ਦੇ ਵੱਲ ਸਹਿਲਾਉਂਦਾ ਹੋਇਆ ਹੱਥ, “ਉਹ ਕੀ ਹੈ ਮੱਮ ?”
“ਜਿਸਮਾਨੀ ਤੌਰ ‘ਤੇ ਵੀ ਮੈਨੂੰ ਉਸ ਮਰਦ ਕੋਲੋਂ ਕਦੀ ਕੁਝ ਵੀ ਪ੍ਰਾਪਤ ਨਹੀਂ…।”
ਨੀਰੂ ਦਾ ਹੱਥ ਅਹਿਲ ਹੋ ਜਾਂਦਾ ਹੈ।
“…ਤੇ ਆਪਣੀ ਇਸ ਕਮਜ਼ੋਰੀ ਦੇ ਨੰਗੇ ਹੋਣ ਤੋਂ ਡਰਦੇ ਤੇਰੇ ਡੰਡ ਇੰਝ ਜਾਣ ਬੁੱਝ ਕੇ ਵਾਇਲੈਂਟ ਹੁੰਦੇ ਸੀ। ਵਾਰ ਵਾਰ। ਪਹਿਲੀ ਉਮਰੇ ਆਪਣੇ ਹੀ ਹੱਥੀਂ ਕੀਤੇ ਆਪਣੇ ਸਰੀਰ ਦੀ ਤਬਾਹੀ…।”
ਨੀਰੂ ਦੇ ਮੱਥੇ ਵਿਚ ਇਕ ਸੋਚ ਦੀ ਉਧੇੜ ਬੁਣ
“ਤੇ ਮੇਰੀ ਆਮਦ…,ਮੱਮ ?”
ਮੱਮ ਬੈਠੇ ਹੋ ਜਾਂਦੇ ਨੇ, “ਬੱਸ ਹੁਣ। ਹੋਰ ਸਵਾਲ ਨਹੀਂ। ਕੋਈ ਵੀ ਸਵਾਲ ਨਹੀਂ।”
ਪਰ ਨੀਰੂ ਕੋਲੋਂ ਚੁੱਪ ਨਹੀਂ ਰਹਿ ਹੁੰਦਾ, “…ਤਾਂ ਇਸੇ ਗੁੰਝਲ ਦੇ ਕਾਰਣ ਤੁਹਾਡੇ ਵਿਚ ਇਕ ਤਣਾਓ ਉਭਰਦਾ ਸੀ ?”
“ਕਿਹਾ ਨਾ ਨੀਰੂ । ਹੋਰ ਸਵਾਲ ਨਹੀਂ।”
“ਫਿਰ ਤਾਂ ਸਾਡੇ ਤਣਾਓ, ਸਾਰੀ ਵਾਇਲੈਂਸ ਦਾ ਕਾਰਣ ਮੈਂ ਹੀ ਹੋਈ। ਮੇਰੀ ਹੋਂਦ ਹੀ। ਹੈ ਨਾ ਮੱਮ ?’
ਰਾਖ ਬਣ ਰਹੀ ਸਿਗਰਟ । ਉਂਗਲਾਂ ‘ਚ ਫੜੇ ਸੁਲਘਦੇ ਟੋਟੇ ਦਾ ਸੇਕ। ਨੀਰੂ ਸਿਰ ਝਟਕ ਦੇਂਦੀ ਹੈ। ਉੱਠ ਕੇ ਆਪਣੇ ਬੈੱਡਰੂਮ ਵਿਚ ਆ ਜਾਂਦੀ ਹੈ।
ਅਚਾਨਕ ਮਰਦਾਵੀਂ ਗੰਧ ਦਾ ਅਹਿਸਾਸ ਜਾਗਦਾ ਹੈ। ਕਮਰੇ ਦੀ ਹਵਾ ਵਿਚ ਸਮਾਈ ਪਈ ਹੈ ਇਹ ਗੰਧ। ਉਹ ਹਵਾ ਵਿਚੋਂ ਡੂੰਘਾ ਸਾਹ ਭਰਦੀ ਹੈ। ਗੰਧ ਤਾਂ ਹੈ। ਪਰ ਕਿਸਦੀ ? ਉਸਦੇ ਸੱਟਡੀ ਟੇਬਲ ਲਾਗੇ ਮਰਦਾਵੀਆਂ ਹਵਾਈ ਚੱਪਲਾਂ ਦਾ ਜੋੜਾ ਖੂੰਜੇ ਵਿਚ ਪਿਆ ਹੈ। ਗੰਧ, ਜਿਵੇਂ ਗਹਿਰਾ ਉੱਠਦੀ ਹੈ। ਅਚਾਨਕ ਲਗਦਾ ਹੈ, ਚੱਪਲਾਂ ਦੀ ਤਾਂ ਉਸਨੂੰ ਪਹਿਚਾਣ ਹੈ। ਪਾਪਾ ਦੀਆਂ ਇਹ ਚੱਪਲਾਂ। ਪਰ ਇਥੇ ਕਿਵੇਂ ? ਕੌਣ ਅਧਿਕਾਰੀ ਹੋਇਆ ਹੈ ਇਹ ਚੱਪਲਾਂ ਪਾਉਣ ਦਾ ? ਕਿਉਂ ਹੋਇਆ ਹੈ ?
ਬੁਕ ਸੈਲਫ ਵਿੱਚ ਪਈਆਂ ਉੱਗੜ ਦੁੱਗੜ ਹੋ ਚੁੱਕੀਆਂ ਕਿਤਾਬਾਂ ਠੀਕ ਕਰਨ ਲਗਦੀ ਹੈ। ਇਕ ਪਲਾਸਟਿਕ ਦਾ ਲਿਫਾਫਾ। ਖੋਲ੍ਹਦੀ ਹੈ। ਅੰਦਰ ਪੇਪਰ ਨੇ। ਹੀਰੋ ਹਾਂਡਾ ਮੋਟਰ ਸਾਈਕਲ ਦੀ ਰਜਿਸਟਰੇਸ਼ਨ, ਇੰਸ਼ੋਰੈਂਸ ਦੀਆਂ ਫੋਟੋ ਕਾਪੀਆਂ ਨੇ। ਹੀਰੋ ਹਾਂਡਾ। ਇਹ ਕੀ? ਮੱਮ ਕੋਲ ਤਾਂ ਕਨੈਟਕ ਹਾਂਡਾ ਹੈ। ਛੇ ਕੁ ਮਹੀਨੇ ਪਹਿਲਾਂ ਹੀ ਤਾਂ ਪੁਰਾਣੇ ਦੀ ਥਾਂ ਨਵਾਂ ਬਦਲੀ ਕੀਤਾ ਸੀ ਤਾਂ ਫਿਰ ਇਹ ਹੀਰੋ ਹਾਂਡਾ ? ਕਾਗ਼ਜ਼ ਪੱਤਰ ਵੀ ਮੱਮ ਦੇ ਹੀ ਨਾਂ ਨੇ । ਕਢਾਏ ਨੂੰ ਮਹੀਨਾ ਮਸੀਂ ਹੀ ਹੋਇਆ ਹੈ।
ਕੌਣ ਹੈ ?
ਕਾਗ਼ਜ਼ ਪੱਤਰ ਆਪਣੇ ਨਾਂ ਕਰਾਉਣ ਦਾ ਕਾਰਣ ?
ਜਾਣਦੀ ਹੈ, ਮੱਮ ਦਾ ਬੈਂਕ ਬੈਲੈਂਸ ਕਾਫੀ ਭਾਰੀ ਹੈ।
ਮੱਮ ਨੇ ਕਿਸ ਨੂੰ ਲੈ ਕੇ ਦਿੱਤਾ ਹੈ ਹੀਰੋ ਹਾਂਡਾ? ਕਿਸ ਉੱਤੇ ਦਿਆਲ ਨੇ ਏਨੇ ? ਜੇ ਦਿਆਲ ਹੋਏ ਹੀ ਨੇ, ਤਾਂ ਕਾਗ਼ਜ਼ ਪੱਤਰ ਆਪਣੇ ਹੀ ਨਾਂ ਕਿਉਂ ?
“ਇਨਸਿਕਿਉਰਡ।” ਨੀਰੂ ਬੁੜਬੁੜਾਂਦੀ ਹੈ।
ਅਚਾਨਕ ਇਕ ਆਵਾਜ਼ ਜ਼ਿਹਨ ਵਿਚ ਉੱਭਰ ਆਉਂਦੀ ਹੈ।
ਇਕ ਜੁਆਨ ਮਰਦ ਦੀ ਭਰਵੀਂ ਆਵਾਜ਼।
ਰਾਤ ਦੇ ਬਾਰਾਂ ਵਜੇ ਨੀਰੂ ਨੇ ਦਿੱਲੀ ਤੋਂ ਮੱਮ ਨੂੰ ਫੋਨ ਕੀਤਾ ਸੀ । ਜ਼ਰੂਰੀ ਫੋਨ ਸੀ। ਮਿਲ ਨਹੀਂ ਸੀ ਰਿਹਾ। ਇੰਝ ਹੀ ਰਾਤ ਦੇ ਬਾਰਾਂ ਵੱਜ ਗਏ ਸੀ।
ਨੰਬਰ ਲੱਗਿਆ। ਰਿੰਗ ਕਿੰਨਾ ਹੀ ਚਿਰ ਹੁੰਦੀ ਰਹੀ ਸੀ।
“ਹੈਲੋ।” ਨੀਂਦ ਨਾਲ ਅਲਸਾਈ ਇਕ ਮਰਦਾਵੀਂ ਆਵਾਜ਼ ਸੀ। ਭਰਵੀਂ ਜਿਹੀ।
ਉਹ ਪਲ ਭਰ ਲਈ ਰੁਕੀ ਰਹਿ ਗਈ ਸੀ। ਸ਼ਾਇਦ ਰਾਂਗ ਨੰਬਰ ਲੱਗ ਗਿਆ ਸੀ।
“ਹੈਲੋ।” ਉਧਰੋਂ ਫਿਰ ਅਲਸਾਈ ਆਵਾਜ਼।
“ਆਈ ਐਮ ਨੀਰੂ ਸਹਿਗਲ ਫਰਾਮ ਡੇਹਲੀ। ਇਜ਼ ਇਟ ਮੈਡਮ ਸਹਿਗਲਜ਼ ਨੰਬਰ ?”
ਦੂਜੇ ਪਾਸੇ ਕੁਝ ਪਲਾਂ ਦੀ ਚੁੱਪ ਵਰਤ ਗਈ।
“ਹੈਲੋ । ਕੌਣ ਨੀਰੂ ? ਮੈਂ ਤੇਰੀ ਮੱਮ ਬੋਲ ਰਹੀ ਹਾਂ ਬੇਟੇ। ਕੀ ਗੱਲ ਠੀਕ ਤਾਂ ਹੈਂ ? ਏਨੀ ਰਾਤ ਗਏ ਫੋਨ ? ਮੈਨੂੰ ਕਾਫ਼ੀ ਘਬਰਾਹਟ ਹੋ ਰਹੀ ਹੈ। ਕੀ ਗੱਲ ਹੈ? ਦੱਸ ਤਾਂ ਸਹੀ ਕੁਝ। ਠੀਕ ਠਾਕ ਤਾਂ ਹੈ ਨਾ ਸਭ..?”
ਨੀਰੂ ਨੂੰ ਮੱਮ ਦੇ ਬੱਸ ਬੋਲ ਸੁਣ ਰਹੇ ਨੇ। ਗੱਲਾਂ ਦੇ ਅਰਥ ਨਹੀਂ ਸਮਝ ਪੈ ਰਹੇ। ਤੇ ਮੱਮ ਦਾ ਏਨੀ ਦੇਰ ਤਕ ਲਗਾਤਾਰ ਬੋਲਦੇ ਚਲੇ ਜਾਣਾ ? ਬੋਲਦੇ ਹੀ ਚਲੇ ਜਾਣਾ…। ਕੀ ਸਿੱਧ ਕਰ ਰਿਹਾ ਹੈ ?
“ਮੱਮ! ਫੋਨ ਪਹਿਲਾਂ ਕਿਸ ਨੇ ਚੁੱਕਿਆ ਸੀ ?”
ਉੱਧਰ ਫੇਰ ਦੋ ਪਲ ਦੀ ਚੁੱਪੀ।
“ਤੇਰੇ ਚੱਢਾ ਅੰਕਲ ਨੇ। ਤਿੰਨ ਸੌ ਤਿਰਵੇਜਾ ਵਾਲੇ। ਇਹਨਾਂ ਦਾ ਅਮਰੀਕਾ ਤੋਂ ਫੋਨ ਆਇਆ ਸੀ। ਦੁਬਾਰਾ ਫੇਰ ਆਣਾ ਹੈ। ਉਡੀਕ ਵਿਚ ਬੈਠੇ ਨੇ। ਤੂੰ ਦਸ। ਏਨੀ ਲੇਟ ਫੋਨ ਕਿਉਂ ਕੀਤਾ ? ਐਨੀ ਥਿੰਗ ਸੀਰੀਅਸ ?”
“ਨੌ ਮੱਮ! ਨਥਿੰਗ ਇਜ਼ ਸੀਰੀਅਸ ਹਿਅਰ…।”
ਫੋਨ ਰੱਖ ਨੀਰੂ ਕਿੰਨਾ ਹੀ ਚਿਰ ਬੈਠੀ ਸੋਚਦੀ ਰਹੀ ਸੀ। ਕਿੰਨਾ ਹੀ ਕੁਝ ਸੋਚਦੀ ਰਹੀ ਸੀ। ਉਸ ਖਾਹਮਖਾਹ ਮੱਮ ਬਾਰੇ ਉਲਟ ਫੁਲਟ ਸੋਚਿਆ। ਮੱਮ ਤਾਂ ਹਮੇਸ਼ਾ ਆਂਢ ਗੁਆਂਢ ਦੇ ਕੰਮ ਆਉਣ ਲਈ ਤਿਆਰ ਰਹਿੰਦੇ ਨੇ।
ਤਾਂ ਫਿਰ ਨੀਰੂ ਨੇ ਆਪਣੀ ਪ੍ਰਾਬਲਮ ਦੱਸੇ ਬਿਨਾਂ ਹੀ ਫੋਨ ਕਿਉਂ ਰੱਖ ਦਿੱਤਾ ਸੀ?
ਕੀ ਉਹ ਸੱਚੀ ਉਧਰਲੀ ਆਵਾਜ਼ ਬਾਰੇ ਏਨਾ ਹੀ ਨੌਰਮਲੀ ਲੈ ਰਹੀ ਸੀ। ਜਾਂ ਆਪਣੇ ਆਪ ਨੂੰ ਯਕੀਨ ਦਿਵਾ ਰਹੀ ਸੀ ਕਿ ਉੱਧਰ ਸੱਚੀਂ ਸਭ ਇੰਝ ਹੀ ਸੀ। ਨੌਰਮਲ।
ਪਰ ਨੀਰੂ ਦੇ ਅੰਦਰ ਨੇ ਨਹੀਂ ਸੀ ਸਵੀਕਾਰਿਆ ਉਸ ਆਵਾਜ਼ ਨੂੰ ।
ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਬਾਵਜੂਦ ਨਹੀਂ ਸੀ। ਸਵੀਕਾਰਿਆ।
ਤਾਈਓਂ ਸ਼ਾਇਦ ਕੁੱਝ ਦਿਨਾਂ ਪਿਛੋਂ ਉਸ ਫਿਰ ਮੱਮ ਨੂੰ ਦੇਰ ਰਾਤੀਂ ਫੋਨ ਕੀਤਾ ਸੀ। ਕੰਮ ਕੁਝ ਵੀ ਨਹੀਂ ਸੀ, ਪਰ ਉਸ ਫੋਨ ਕੀਤਾ ਸੀ।
ਕਿਉਂ ਕੀਤਾ ਸੀ ਫੋਨ ਉਸਨੇ ?
ਉਹ ਫੋਨ ਕਰਨ ਸਮੇਂ ਆਪਣੇ ਆਪ ਨੂੰ ਇਸ ਸਵਾਲ ਤੋਂ ਜਿਵੇਂ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਸੀ।
ਇਸ ਵਾਰ ਫੋਨ ਮੱਮ ਨੇ ਹੀ ਚੁੱਕਿਆ ਸੀ “ਹੈਲੋ।”
ਨੀਰੂ ਅਚਾਨਕ ਨਿਰਾਸ਼ ਜਿਹੀ ਕਿਉਂ ਹੋ ਉੱਠੀ ਸੀ ?
“ਮੈਂ ਨੀਰੂ, ਮੱਮ…।”
“ਹਾਂ ਬੇਟੇ… ਦੱਸ?”
ਉਸਨੂੰ ਭਰਮ ਜਿਹਾ ਪਿਆ। ਜਿਵੇਂ ਕਮਰੇ ਵਿਚ ਕੋਈ ਹੋਰ ਵੀ ਹੁੰਦਾ ਹੈ।
ਜਿਵੇਂ ਰਜਾਈਆਂ ਦੀ ਸ਼ਨੀਲ ਆਪਸ ਵਿਚ ਘਿਸੜੀ ਹੋਵੇ।
ਪਰ ਸ਼ਨੀਲ ਦੀ ਤਾਂ ਏਡੀ ਕੋਈ ਆਵਾਜ਼ ਨਹੀਂ ਹੁੰਦੀ।
“ਹਾਂ, ਦੱਸ ਨੀਰੂ, ਡਿਸਟਰਬਡ ਤਾਂ ਨਹੀਂ ਕੁਝ? ਬਹੁਤ ਰਾਤ ਗਏ ਫੋਨ ਕਰਦੀ ਹੈਂ ਅੱਜ ਕਲ੍ਹ । ਹਾਓ ਇਜ਼ ਹਨੀ ?”
“ਹਨੀ ਇਜ਼ ਫਾਈਨ । ਮੱਮ, ਮੈਂ ਤਾਂ ਇਸ ਲਈ ਫੋਨ ਕੀਤਾ ਸੀ ਕਿ ਅਸੀਂ ਦੋ ਤਿੰਨ ਮਹੀਨੇ ਤੋਂ ਤੁਹਾਨੂੰ ਮਿਲਣ ਨਹੀਂ ਆ ਸਕੇ । ਸ਼ਾਇਦ ਮਹੀਨਾ ਅਜੇ ਹੋਰ ਨਾ ਆ ਸਕੀਏ। ਕੰਮ ਦਾ ਖਿਲਾਰਾ ਹੀ ਏਨਾ ਹੈ…। ਅੱਛਾ ਮੱਮ… ਓ. ਕੇ।
“ਓ ਕੇ ਪਰ ਸੁਣ । ਆਉਣ ਤੋਂ ਪਹਿਲਾਂ ਮੈਨੂੰ ਫੋਨ ਜ਼ਰੂਰ ਕਰ ਲਵੀਂ ।”
“ਇਨਸਿਕਿਉਰਡ,” ਨੀਰੂ ਬੁੜਬੜਾਉਂਦੀ ਹੈ।
ਉਹ ਨਹਾ ਕੇ ਤਾਜ਼ਾ ਦਮ ਹੋਣਾ ਚਾਹੁੰਦੀ ਹੈ। ਮੱਮ ਦੀ ਅਲਮਾਰੀ ਖੋਲ੍ਹਦੀ ਹੈ। ਮਰਦਾਵੀਂ ਗੰਧ ਫਿਰ ਨਾਸਾਂ ਨੂੰ ਸਹਿਲਾਉਂਦੀ ਹੈ।
ਇੱਕ ਖ਼ਾਨੇ ਵਿੱਚ ਕੁਝ ਮਰਦਾਵੇਂ ਧੋਤੇ, ਪਰੈਸ ਕੀਤੇ ਕੱਪੜੇ ਪਏ ਨੇ। ਕੁਝ ਚਿੱਟੇ ਕਮੀਜ਼ ਪਜਾਮੇ, ਨਿੱਕਰਾਂ ਬੁਨੈਣਾਂ । ਇਕ ਮਰਦਾਵਾਂ ਗਾਉਨ ਵੀ ਹੈਂਗਰ ਨਾਲ ਲਟਕ ਰਿਹਾ ਹੈ। ਡੰਡ ਵਾਲਾ ਗਾਉਨ ਇਥੇ ਕੀ ਕਰ ਰਿਹਾ ਹੈ ?
ਤੇ ਇਹ ਮਰਦਾਵੇਂ ਕੱਪੜੇ ?
ਨੀਰੂ ਨੂੰ ਲਗਦਾ ਹੈ ਚੱਢਾ ਅੰਕਲ ਦੀ ਆਵਾਜ਼ ਦੀ ਤਾਂ ਉਸਨੂੰ ਪਹਿਚਾਣ ਹੈ। ਫੋਨ ਚੁੱਕਣ ਵਾਲੀ ਆਵਾਜ਼ ਤਾਂ ਭਰਵੀਂ ਸੀ । ਇੱਕ ਜੁਆਨ, ਮਰਦਾਵੀਂ ਆਵਾਜ਼। ਨੀਰੂ ਨੂੰ ਇਹ ਵੀ ਲਗਦਾ ਹੈ ਕਿ ਰਜਾਈਆਂ ਦੀ ਸ਼ਨੀਲ ਦੀ ਵੀ ਇਕ ਆਵਾਜ਼ ਤਾਂ ਹੁੰਦੀ ਹੀ ਹੈ। ਆਪਣੀ ਹੀ ਕਿਸਮ ਦੀ ਆਵਾਜ਼। ਤੇ ਉਸ ਆਵਾਜ਼ ਨੂੰ, ਫੋਨ ਵਿਚ ਸਰਸਰਾਉਣ ਤੋਂ ਰੋਕਣ ਲਈ ਵੀ ਕੋਸ਼ਿਸ਼ ਤਾਂ ਕਰਨੀ ਹੀ ਪੈਂਦੀ ਹੈ।
ਪਰ ਮੱਮ ਨੇ ਹੀਰੋ ਹਾਂਡਾ ਦੇ ਕਾਗ਼ਜ਼ ਆਪਣੇ ਨਾਂ ਹੀ ਕਿਉਂ ਬਣਾਏ ਨੇ ?
“ਫੀਲਿੰਗ ਆਫ਼ ਇਨਸਿਕਿਉਰਟੀ।” ਨੀਰੂ ਫਿਰ ਬੁੜਬੁੜਾਉਂਦੀ ਹੈ।
“ਇਨਸਿਕਿਉਰ ਕੌਣ ਨਹੀਂ ਹੈ ?” ਨੀਰੂ ਸੋਚਦੀ ਹੈ-ਤਰੱਕੀ ਦੀ ਤੇਜ਼ ਰਫ਼ਤਾਰ ਦੌੜਦੀ ਹੋਈ ਇਹ ਦੁਨੀਆਂ। ਦਾਅ ਲੱਗੇ ਤਾਂ ਉੱਤੇ ਉਠ ਜਾਣਾ । ਦਾਅ ਖੁੰਝੇ, ਤਾਂ ਹੇਠਾਂ ਡਿੱਗ ਪੈਣਾ, ਮੂਧੇ ਮੂੰਹ।
“ਇਨਸਿਕਿਉਰਟੀ ਹੀ ਤਾਂ ਦਿੱਤੀ ਹੈ ਇਸ ਦੌੜ ਯੁੱਗ ਨੇ।”
ਇੱਕ ਘਟਨਾ ਜ਼ਿਹਨ ਵਿਚ ਲਹਿਰਾ ਰਹੀ ਹੈ। ਹਨੀ ਨਾਲ ਜੁੜੀ ਇਕ ਘਟਨਾ। “ਨੀਰੂ, ਮੈਂ ਬਹੁਤ ਇਨਸਿਕਿਉਰ ਮਹਿਸੂਸ ਕਰਦਾਂ ਅੱਜ ਕੱਲ੍ਹ।” ਹਨੀ ਉਸਨੂੰ ਬਿਸਤਰ ਵਿਚ ਕਹਿੰਦਾ ਹੈ।
ਨੀਰੂ ਉਦੋਂ ਮੱਛੀ ਵਾਂਗ ਛਟਪਟਾ ਰਹੀ ਹੈ। ਮੰਝਧਾਰ ਵਿਚ ਛੱਡੇ ਜਾਣ ਤੇ ਇਵੇਂ ਹੀ ਹੁੰਦਾ ਹੈ। ਉਹ ਹਨੀ ਵੱਲ ਝਾਕਦੀ ਹੈ-ਹਿਕਾਰਤ ਨਾਲ।
“ਤੂੰ ਬਹੁਤ ਉੱਚੀ ਉੱਠਦੀ ਜਾ ਰਹੀ ਹੈਂ । ਮੇਰਾ ਡਰ ਵਧ ਰਿਹਾ ਹੈ। ਕਿਤੇ ਤੂੰ ਮੈਨੂੰ ਛੱਡ ਕੇ ਮੇਰੇ ਤੋਂ ਦੂਰ । ਬਹੁਤ ਉੱਤੇ। ਤੇ ਇਹ ਡਰ ਇਨ੍ਹਾਂ ਪਲਾਂ ਵਿਚ ਮੇਰੇ ‘ਤੇ ਭਾਰੀ ਹੋ ਜਾਂਦਾ ਹੈ । ਤੇ ਮੈਨੂੰ ਇਸ ਤਰ੍ਹਾਂ ਦੀ ਸਿਥਲਤਾ ਦੀ ਹਾਲਤ ਵਿਚ…।”
“ਓ… ਸ਼ੈਟ ਅਪ…, “ਨੀਰੂ ਦੇ ਅੰਦਰੋਂ ਜਿਵੇਂ ਸੇਕ ਉਠਿਆ ਹੈ।
ਐਡਵਰਟਾਈਜ਼ਿੰਗ ਦੀ ਗਲੈਮਰਸ ਦੁਨੀਆਂ । ਨੀਰੂ ਦਾ ਸਕਿੱਲ-ਕਰੀਏ- ਟੀਵਿਟੀ, ਕੰਟੈਕਟਸ । ਉਹ ਬਹੁਤ ਅੱਗੇ ਨਿਕਲ ਰਹੀ ਹੈ, ਸੱਚੀ ਹੀਂ। ਤੇ ਹਨੀ ? ਇਕ ਵਧੀਆ ਫੋਟੋਗ੍ਰਾਫਰ । ਬੱਸ ਉਸਦਾ ਮਾਤਹਿਤ ਬਣ ਕੇ ਰਹਿ ਗਿਆ ਹੈ। ਕਈ ਹੋਰ ਫੋਟੋਗ੍ਰਾਫਰਾਂ ਵਾਂਗ ਹੀ। ਬੱਸ ਇਕ ਕੈਮਰਾਮੈਨ ਮਾਤਰ…।
“ਨੀਰੂ ਕਮ ਡਾਉਨ । ਸ਼ਾਂਤ ਹੋ ਜਾਹ ਪਲੀਜ਼ ।” ਹਨੀ ਉਸਦੀ ਬਾਂਹ ਨੂੰ ਛੋਂਹਦਾ ਹੈ।
“ਤੂੰ ਕਾਰਣ ਤਲਾਸ਼ ਰਿਹਾ ਹੈਂ, ਖਾਹਮਖਾਹ। ਇਕ ਇੰਟੈਲੀਜੈਂਟ ਸ਼ਖਸ ਹਰ ਸਥਿਤੀ ਲਈ ਦਲੀਲ ਘੜਨ ਦੇ ਸਮਰੱਥ ਹੁੰਦਾ ਹੈ । ਤੂੰ ਵੀ ਆਪਣੇ ਆਪ ਨੂੰ ਬਚਾਣ ਲਈ…।”
“ਬਿਲੀਵ ਮੀ ਨੀਰੂ। ਯਕੀਨ ਕਰ। ਬਚਪਨ ਵਿਚ ਉਸ ਫ਼ੌਜਣ ਰਾਹੀਂ ਮੇਰੀ ਜੋ ਹਾਲਤ। ਮੇਰੇ ਜ਼ਿਹਨ ਵਿਚ ਲੱਗੇ ਉਨ੍ਹਾਂ ਡੰਗਾਂ ਦੇ ਜ਼ਖ਼ਮਾਂ ਦਾ ਅਸਰ…”
“ਬੱਸ ਹਨੀ,” ਨੀਰੂ ਕੰਨਾਂ ਨੂੰ ਢਕਦੀ ਹੈ, “ਹੋਰ ਕਿੰਨੀ ਕੁ ਵਾਰ ਇਸ ਗੱਲ ਦੁਹਰਾਵੇਂਗਾ? ਤੰਗ ਆ ਚੁੱਕੀ ਆ ਇਹ ਘਿਸਿਆ ਰਿਕਾਰਡ ਸੁਣ ਸੁਣਕੇ…।
ਹਨੀ ਉੱਠ ਕੇ ਬੈਠਦਾ ਹੈ। ਮਿੰਨਤ ਵਾਲਾ ਲਹਿਜ਼ਾ ਹੈ, “ਤੂੰ ਇਕ ਵਾਰ ਮਿਲ ਤਾਂ ਲੈ ਉਸ ਮਨੋਵਿਗਿਆਨੀ ਨੂੰ । ਉਸਨੇ ਕਿੰਨੀ ਹੀ ਵਾਰ ਕਿਹਾ ਹੈ, ਪਰ ਤੂੰ ਸਮਾਂ ਹੀ ਨਹੀਂ ਦੇ ਰਹੀ। ਅੱਛਾ ਸੋਚ… ਦੇਖ… ਗੁੱਸਾ ਨਹੀਂ। ਜਦੋਂ ਵੀ ਤੂੰ ਸਵਰ ਢੰਗ ਨਾਲ ਲੈਂਦੀ ਹੈਂ ਇਨ੍ਹਾਂ ਰਿਲੇਸ਼ਨਜ਼ ਨੂੰ… ਉਦੋਂ ਤਾਂ ਬਹੁਤੀ ਪ੍ਰਾਬਲਮ ਨਹੀਂ ਨਾ। ਦੇਖ, ਮੈਨੂੰ ਸਮਝਣ ਦੀ ਕੋਸ਼ਿਸ਼ ਕਰ…। ਮੇਰੀ ਇਹ ਮਾਨਸਿਕ ਗੁੰਝਲ…”
ਨੀਰੂ, ਹਨੀ ਵੱਲ ਵੇਖਦੀ ਰਹਿੰਦੀ ਹੈ। ਇਕ ਕੈਮਰਾਮੈਨ। ਜਿਵੇਂ ਸੀਨ ਨੂੰ ਫੋਕਸ ਕਰਨ ਲਈ ਐਂਗਲ ਤਲਾਸ਼ ਰਿਹਾ ਹੈ। ਪਰ ਐਂਗਲ ਮਿਲ ਨਹੀਂ ਰਿਹਾ।
ਉਹ ‘ਫੁੱਸ’ ਕਰ ਕੇ ਹੱਸ ਪੈਂਦੀ ਹੈ।
ਹਨੀ ਤਰਲਾ ਬਣ ਜਾਂਦਾ ਹੈ, “ਤੂੰ ਸਵੇਰੇ ਥੋੜ੍ਹਾ ਜਿਹਾ ਸਮਾਂ ਕੱਢ…। ਆਪਾਂ ਡਾਕਟਰ ਕੋਲ।”
ਡਾਕਟਰ, ਨੀਰ ਨੂੰ ਅੰਦਰਲੇ ਕੈਬਨ ਵਿਚ ਲੈ ਜਾਂਦਾ ਹੈ। ਇੱਕਲਿਆਂ।
ਦੋਵੇਂ ਆਹਮੋ ਸਾਮ੍ਹਣੇ ਬੈਠੇ ਨੇ।
“ਲਿਸਨ ਮੈਡਮ। ਤੁਹਾਡੇ ਪਤੀ ਦੀ ਸਮੱਸਿਆ ਸਰੀਰਕ ਨਹੀਂ ਹੈ। ਇਟ ਇਜ਼ ਪਿਉਰਲੀ ਸਾਈਕਲਾਜੀਕਲ-ਨਿਰੀ ਮਾਨਸਿਕ। ਪਹਿਲੀ ਉਮਰੇ ਇਕ ਫੌਜੀ ਦੀ ਔਰਤ ਨੇ…”
“ਆਈ ਨੋ ਡਾਕਟਰ । ਮੈਂ ਦਰਜਣਾਂ ਵਾਰ ਇਹ ਸਭ ਸੁਣ ਚੁੱਕੀ ਹਾਂ, ਹਨੀ ਦੇ ਮੂੰਹੋਂ। ਇਹ ਸਭ ਕੁਝ ਨਹੀਂ ਹੈ। ਉਹ ਸਿਰਫ਼ ਦਲੀਲਾਂ ਤਲਾਸ਼ਦਾ ਰਹਿੰਦਾ ਹੈ। ਆਪਣੇ ਆਪ ਨੂੰ…”
“ਪਲੀਜ਼ ਮੈਡਮ। ਮੈਨੂੰ ਕੋਆਪਰੇਟ ਕਰੋ । ਤੁਹਾਨੂੰ ਪਤਾ ਨਹੀਂ ਉਹ ਘਟਨਾ ਕਿੰਨੀ ਅਹਿਮ ਹੈ ? ਕਿੰਨੇ ਮਾਅਨੇ ਰੱਖਦੀ ਹੈ ? ਬਾਲਪਣ ਵਿਚ ਮਿਲੀ ਦਹਿਸ਼ਤ ਦੀਆਂ ਜੜ੍ਹਾਂ ਕਿੰਨੀ ਡੂੰਘਾਈ ਫੜੀ ਬੈਠੀਆ ਨੇ ਉਸਦੇ ਅੰਦਰ ?”
ਬੋਲਦਾ ਬੋਲਦਾ ਡਾਕਟਰ ਅਚਾਨਕ ਰੁਕਦਾ ਹੈ। ਨੀਰੂ ਦੀਆਂ ਅੱਖਾਂ ਵਿਚ ਸਿੱਧਿਆਂ ਝਾਕਦਾ ਹੈ, “ਲੈਟ ਮੀ ਸਮ ਮੋਰ ਫਰੈਂਕ। ਹੋ ਸਕਦਾ? ਕੁਝ ਪੁੱਛ ਸਕਦਾਂ?”
“ਯੈਸ ਡਾਕਟਰ।” ਨੀਰੂ ਅਚਾਨਕ ਹੀ ਗੰਭੀਰ ਹੋ ਜਾਂਦੀ ਹੈ।
“ਤੁਸੀਂ ਆਪਣੇ ਪਤੀ ਤੋਂ ਫਿਲਹਾਲ ਸੈਪਰੇਸ਼ਨ ਤਾਂ ਨਹੀਂ ਚਾਹੁੰਦੇ? ਮੇਰਾ’ ਭਾਵ ਅਲਹਿਦਗੀ… ?”
“ਵ੍ਹਾਟ ?” ਨੀਰੂ ਕੁਝ ਪਲ ਡਾਕਟਰ ਦੇ ਚਿਹਰੇ ਵੱਲ ਵੇਖਦੀ ਹੈ। ਫਿਰ ਜਿਵੇਂ ਗੱਲ ਦੀ ਤਹਿ ਤੱਕ ਪਹੁੰਚ ਜਾਂਦੀ ਹੈ…” ਉਹ ਨੋ ਡਾਕਟਰ ।”
“ਠੀਕ ਹੈ। ਫਿਰ ਤੁਹਾਨੂੰ ਪੂਰੀ ਤਰਾਂ ਸਹਿਯੋਗ ਦੇਣਾ ਹੋਏਗਾ। ਚੰਗੀ ਤਰ੍ਹਾਂ ਸਮਝਣਾ ਹੋਏਗਾ। ਮੈਂ ਉਮੀਦ ਰੱਖ ਸਕਦਾਂ ?” ਸਥਿਤੀ ਨੂੰ
“ਯੈਸ ਡਾਕਟਰ।”
“ਦੇਖ ਨੀਰੂ…। ਤੇਰਾਂ ਚੌਦਾਂ ਸਾਲ ਦੀ ਉਮਰ ਕਾਫੀ ਨਾਜ਼ੁਕ ਉਮਰ ਹੁੰਦੀ ਹੈ। ਇਸ ਉਮਰੇ ਦੇ ਮੌਕਾ ਮਿਲੇ ਤਾਂ ਔਰਤ ਦਾ ਸਾਥ ਚੰਗਾ ਲੱਗ ਸਕਦਾ ਹੈ। ਇਸ ਉਮਰ ਤੱਕ ਅੰਦਰ ਇਕ ਉਤਸੁਕਤਾ ਵੀ ਜਾਗ ਹੀ ਚੁੱਕੀ ਹੁੰਦੀ ਹੈ। ਪਰ ਸਾਮ੍ਹਣੇ ਜੇ ਭਰੀ ਪਰੀ ਔਰਤ ਹੋਵੇ, ਉਹ ਵੀ ਕਾਮ ਪੱਖੋਂ ਲਗਭਗ ਭੁੱਖੀ ਅਵਸਥਾ ਵਿਚ। ਫ਼ੌਜਣ ਇਨ੍ਹਾਂ ਦੀ ਕੋਠੀ ਵਿਚ ਕਿਰਾਏਦਾਰਨੀ ਸੀ ਤੇ ਫ਼ੌਜੀ ਦੂਰ ਕਸ਼ਮੀਰ ਵਿਚ। ਹਨੀ ਦੇ ਘਰ ਦੇ ਜਦੋਂ ਵੀ ਕਿਤੇ ਜਾਂਦੇ ਤਾਂ ਉਸ ਔਰਤ ਦੇ ਸਹਾਰੇ ਇਕੱਲਿਆਂ ਛੱਡ ਜਾਂਦੇ। ਅਕਸਰ ਰਾਤ ਭਰ ਲਈ ਵੀ । ਉਦੋਂ ਦੀ ਹੀ ਪ੍ਰਾਬਲਮ ਹੈ ਇਹ ਸਭ। ਉਸ ਔਰਤ ਦਾ ਹਾਬੜਿਆਪਨ ਏਨਾ ਮੂੰਹ ਜ਼ੋਰ ਸੀ ਕਿ… । ਤੇ ਇਹ ਆਖਰ ਇਕ ਬੱਚਾ ਹੀ ਤਾਂ ਸੀ । ਕਿਵੇਂ ਝੱਲਦਾ ? ਉਹ ਅਕਸਰ ਭੁੱਲ ਜਾਂਦੀ ਕਿ ਬੱਚਾ ਕੋਹੇ ਜਾਣ ਦੀ ਅਵਸਥਾ ਵਿਚੀਂ ਵਿਚਰ ਰਿਹਾ ਹੈ। ਉਦੋਂ ਹੀ ਇਸਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਇਲਾਜ ਹੋਰ ਹੀ ਮਰਜ਼ ਦਾ ਹੁੰਦਾ ਰਿਹਾ। ਡਰਦੇ ਨੇ ਮਨ ਦੀ ਗੁੰਝਲ ਘਰਦਿਆਂ ਸਾਮ੍ਹਣੇ ਖੋਲ੍ਹੀ ਹੀ ਨਹੀਂ…”
ਡਾਕਟਰ ਕੁਝ ਪਲਾਂ ਲਈ ਚੁੱਪ ਕਰ ਜਾਂਦਾ ਹੈ। ਨੀਰੂ ਵੀ ਚੁੱਪ ਹੈ।
“ਤੇ ਜਦੋਂ ਵੀ ਇਸਨੇ ਤੁਹਾਡੇ ਸਾਹਵੇਂ ਮਨ ਦੀ ਗੰਢ-ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ …। ਤੁਸੀਂ ਸਮਝਣ ਦੀ ਥਾਂ ਇਸਦਾ ਮੌਜੂ ਹੀ ਬਣਾਇਆ…।”
ਡਾਕਟਰ ਗੱਲ ਫਿਰ ਖੁਲ੍ਹੀ ਛੱਡ ਦੇਂਦਾ ਹੈ।
ਨੀਰੂ ਡਾਕਟਰ ਵੱਲ ਵੇਖਦੀ ਹੀ ਰਹਿ ਜਾਂਦੀ ਹੈ, “ਹੁਣ ਡਾਕਟਰ ?”
“ਦੇਖੋ ਨੀਰੂ। ਤੁਹਾਨੂੰ ਆਪਣੇ ਇਮੋਸ਼ਨਜ਼ ਨੂੰ ਕਾਫੀ ਕੰਟਰੋਲ ਵਿਚ ਰੱਖਣਾ ਪਵੇਗਾ। ਮੇਰਾ ਭਾਵ ਬਿਸਤਰ ਵਿਚ ਬੜੀ ਕੋਮਲਤਾ ਨਾਲ ਆਈ ਮੀਨ ਬੜਾ ਪਲਾਈਟਲੀ ਡੀਲ ਕਰਨਾ ਹੋਵੇਗਾ ਸਰੀਰਕ ਸੰਬੰਧਾਂ ਨੂੰ…। ਮੈਂ ਸਮਝਦਾਂ- ਬਹੁਤ ਉਤੇਜਤ ਹੋ ਉੱਠਣਾ ਬੜਾ ਕੁਦਰਤੀ ਹੁੰਦਾ ਹੈ ਇਸ ਉਮਰੇ। ਦਿਸ ਇਜ਼ ਵੈਰੀ ਨੇਚੁਰਲ ਫਿਨਾਮਿਨਾ…। ਪਰ ਜਦੋਂ ਵੀ ਤੁਸੀਂ ਹਾਬੜੇਪਨ…, ਮੇਰਾ ਭਾਵ ਵੱਧ ਉਤੇਜਿਤ ਹਾਲਤ ਵਿਚ ਆ ਜਾਂਦੇ ਹੋ…। ਤਾਂ ਹਨੀ ਸਾਹਵੇਂ ਤੁਹਾਡਾ ਮੂੰਹ… ਤੁਹਾਡੀ ਜੀਭ… ਤੁਹਾਡੀ ਤੀਬਰ ਉਤੇਜਨਾ ਉਸ ਫੌਜਣ ਦੇ ਰੂਪ ਵਿਚ ਬਦਲ ਜਾਂਦੀ ਹੈ। ਹਨੀ ਲਈ ਉਸ ਸਮੇਂ ਤੁਸੀਂ-ਤੁਸੀਂ ਨਹੀਂ ਰਹਿੰਦੇ ਸਗੋਂ ਉਹ ਫ਼ੌਜਣ ਬਣ ਜਾਂਦੇ ਹੋ …, ਜਿਸਦੀ ਦਹਿਸ਼ਤ ਇਸਦੇ ਜ਼ਿਹਨ ਵਿਚ…। ਉਨ੍ਹਾਂ ਪਲਾਂ ਵਿਚ ਮਾਨਸਿਕ ਝਟਕੇ ਅਧੀਨ ਹਨੀ…। ਤੁਸੀਂ ਸਮਝ ਰਹੇ ਹੋ ਨਾ…?”
“ਹਾਂ! ਡਾਕਟਰ ।”
“ਜੇ ਤੁਸੀਂ ਨਾ ਸੰਭਲੇ ਤਾਂ ਹੋ ਸਕਦੈ ਹਨੀ ਸਦਾ ਸਦਾ ਲਈ ਨਕਾਰਾ।”
“ਓ, ਨੋ ਡਾਕਟਰ। ਮੈਂ ਧਿਆਨ ਰੱਖਾਂਗੀ। ਪੂਰਾ।”
ਕੁਝ ਹੋਰ ਹਿਦਾਇਤਾਂ। ਕੁਝ ਹੋਰ ਗੱਲਾਂ । ਨੀਰੂ ਉਠ ਖੜ੍ਹਦੀ ਹੈ। ਡਾਕਟਰ ਵੱਲ ਹੱਥ ਵਧਾਉਂਦੀ ਹੈ, “ਥੈਂਕਸ ਡਾਕਟਰ।”
“ਇਕ ਗੱਲ ਹੋਰ।” ਡਾਕਟਰ ਨਾਲ ਤੁਰਦਾ ਹੈ, “ਜੇ ਸੰਭਵ ਹੋ ਸਕੇ ਤਾਂ ਹਨੀ ਨੂੰ ਫੀਲਡ ਵਿਚੋਂ ਕੱਢ ਕੇ ਕਿਸੇ ਅਹਿਮ ਥਾਂ ਉੱਤੇ ਬਿਠਾਓ। ਜਿਥੇ ਉਹ ਇਨਫੀਰੀਅਰ ਮਹਿਸੂਸ ਨਾ ਕਰੇ।”
ਡਾਕਟਰ ਕੋਲੋਂ ਪਰਤਦੀ ਨੀਰੂ ਸੋਚਦੀ ਹੈ। ਏਨਾ ਚਿਰ ਡਾਕਟਰ ਕੋਲ ਨਾ ਜਾ ਕੇ ਉਸਨੇ ਕਿੱਡੀ ਗ਼ਲਤੀ ਕੀਤੀ ਹੈ ? ਮਾਤਹਿਤ ਜਿਹੀ ਥਾਂ ਉੱਤੇ ਹੋਣ ਕਾਰਣ ਹਨੀ ਉਸਦੇ ਮਨ ਅੰਦਰ ਵੀ ਕਿੰਨਾ ਬੌਣਾ ਹੋ ਗਿਆ ਹੈ ?
“ਅਹਿਸਾਸਾਂ ਦੀ ਵੀ ਇਕ ਇਬਾਰਤ ਹੁੰਦੀ ਹੈ।”
ਮੱਮ ਦੇ ਕਹੇ ਬੋਲ ਉਸਨੂੰ ਉਸ ਘਟਨਾ ਵਿਚੋਂ ਬਾਹਰ ਖਿੱਚ ਲਿਆਉਂਦੇ ਨੇ।
ਨੀਰੂ ਘੜੀ ਵੇਖਦੀ ਹੈ । ਸਾਢੇ ਤਿੰਨ । ਮੱਮ ਕਾਲਜ ਤੋਂ ਆਉਂਦੇ ਹੀ ਹੋਣਗੇ ਉਹ ਤੋਲੀਆ ਆਦਿ ਚੁੱਕ ਬਾਥਰੂਮ ਵਿਚ ਵੜ ਜਾਂਦੀ ਹੈ। ਚਿਟਕਣੀ ਅੰਕਰੀ ਹੋਏ ਪਈ ਹੈ। ਮਸੀਂ ਹੀ ਸਰਕਦੀ ਹੈ। ਬਾਥਿੰਗ ਟੱਬ ਦੇ ਨਾਲ ਖੋਲ੍ਹ ਕੇ ਵਿਚ ਲਟ ਜਾਂਦੀ ਹੈ । ਪਾਣੀ ਦੀ ਠੰਢਕ, ਅੰਦਰ ਇਕ ਸਕੂਨ ਭਰਨ ਲਗਦੀ ਹੈ। ਅਚਾਨਕ ਉਸਨੂੰ ਬਾਥਰੂਮ ਦੀ ਫਿਜ਼ਾ ਵਿਚੋਂ ਵੀ ਪੁਰਸ਼ ਗੰਧ ਨੱਕ ਵਿਚ ਪ੍ਰਵੇਸ਼ ਕਰਦੀ ਲਗਦੀ ਹੈ।
ਨੀਰੂ ਮੁਸਕਰਾ ਉਠਦੀ ਹੈ। ਔਰਤ ਦੇ ਅੰਦਰ ਪੁਰਸ਼ ਗੰਧ ਨੂੰ ਸੁੰਘ ਸਕਣ ਦੀ ਇਹ ਕੈਸੀ ਸ਼ਕਤੀ ਹੁੰਦੀ ਹੈ ? ਕੱਲੀ ਪੁਰਸ਼ ਗੰਧ ਕਿਉਂ? ਆਪਣੇ ਪਤੀ ਦੁਆਲਿਓ ਪਰਾਈ ਔਰਤ ਦੀ ਗੰਧ ਸੁੰਘਣ ਨੂੰ ਵੀ ਉਹ ਕਿੰਨਾ ਕੁ ਚਿਰ ਲਗਾਉਂਦੀ ਹੈ ?
ਤੇ ਹਨੀ ਦੇ ਸਰੀਰ ਨਾਲ ਲਿਪਟੀ ਉਹ ਪਰਾਈ ਗੰਧ।
ਨੀਰੂ ਡਾਕਟਰ ਦੀਆਂ ਹਿਦਾਇਤਾਂ ਮੁਤਾਬਕ ਚੱਲੀ ਸੀ । ਅਸਰ ਵੀ ਹੋ ਰਿਹਾ ਸੀ। ਹਨੀ ਕਾਫੀ ਠੀਕ ਮਹਿਸੂਸ ਕਰਨ ਲੱਗ ਪਿਆ ਸੀ।
ਉਦੋਂ ਹੀ ਸਾਲ ਭਰ ਲਈ ਦਿੱਲੀ ਛੱਡਣ ਦਾ ਇਕ ਮੌਕਾ ਹੱਥ ਲੱਗ ਗਿਆ। ਨੀਰੂ ਵੀ ਕੁਝ ਸਮਾਂ ਦਿੱਲੀ ਦੇ ਮਾਹੌਲ ਤੋਂ ਦੂਰ ਰਹਿਣ ਦੀ ਸੋਚ ਰਹੀ ਸੀ । ਨੀਰੂ ਨੇ ਚੰਡੀਗੜ੍ਹ ਆਉਣ ਦਾ ਫੈਸਲਾ ਕਰ ਲਿਆ। ਜੀ. ਨੈਟਵਰਕ ਲਈ ਕੁਝ ਨਵੇਂ ਚਿਹਰ ਤਲਾਸ਼ ਕਰਕੇ, ਐਡਵਰਟਾਈਜ਼ਿੰਗ ਦਾ ਇਕ ਪ੍ਰੋਜੈਕਟ ਉਨ੍ਹਾਂ ਦੇ ਹੱਥ ਲੱਗਾ ਸੀ।
ਨੀਰੂ ਦਿੱਲੀ ਦੇ ਕੰਮ ਦੀ ਜ਼ਿੰਮੇਵਾਰੀ ਹੌਲੀ-ਹੌਲੀ ਆਪਣੇ ਹਿੱਸੇਦਾਰ ਨੂੰ ਸੌਂਪ ਰਹੀ ਸੀ।
ਉਦੋਂ ਹੀ ਮੱਮ ਦੇ ਘਰੋਂ ਅੱਧੀ ਰਾਤੀਂ ਟੈਲੀਫੋਨ ਉਪਰਲੀ ਮਰਦਾਵੀਂ ਆਵਾਜ਼।
ਤੇ ਨੀਰੂ ਨੂੰ ਆਪਦਾ ਫ਼ੈਸਲਾ ਡੋਲਦਾ ਜਾਪਿਆ।
ਛੇਤੀ ਹੀ ਉਹ ਫੈਸਲਾ ਨੀਰੂ ਨੇ ਫਿਰ ਪੱਕਿਆਂ ਕਰ ਲਿਆ।
ਉਸ ਦਿਨ ਹੈਦਰਾਬਾਦ ਤੋਂ ਜ਼ਰੂਰੀ ਫੋਨ ਸੀ ਹਨੀ ਲਈ। ਉਸਦੀ ਭੈਣ ਦਾ। ਰਾਤ ਦੇ ਗਿਆਰਾਂ ਦਾ ਸਮਾਂ ਤੇ ਹਨੀ ਘਰ ਨਹੀਂ ਸੀ ਪਰਤਿਆ।
ਨੀਰੂ ਨੇ ਸਟੂਡੀਓ ਫੋਨ ਕੀਤਾ। ਪਰ ਫੋਨ ਖਰਾਬ ਸੀ ਸ਼ਾਇਦ। ਲਗਾਤਾਰ ਅੰਗਜ਼ ਚਲ ਰਿਹਾ ਸੀ। ਨੀਰੂ ਦੇ ਮਨ ਵਿਚ ਪਤਾ ਨਹੀਂ ਕੀ ਆਇਆ ? ਉਸ ਟੈਕਸੀ ਫੜੀ ਅਤੇ ਸਟੂਡੀਓ ਪਹੁੰਚ ਗਈ।
ਲਿਫਟ ਬੰਦ ਸੀ। ਚੌਥੀ ਮੰਜ਼ਲ ਤਕ ਚੜ੍ਹਦਿਆਂ ਉਸਦਾ ਸਾਹ ਫੁੱਲ ਗਿਆ। ਉਸ ਕੰਬਨ ਦਾ ਦਰ ਖੋਲ੍ਹਿਆ ਤਾਂ ਹੜਬੜਾ ਗਈ। ਹੜਬੜਾ ਤਾਂ ਉਹ ਮਾਡਲ ਕੁੜੀ ਵੀ ਗਈ ਸੀ। ਇਕ ਦਮ ਉੱਠ ਕੇ ਬੈਠ ਗਈ, ਚੱਦਰ ਨਾਲ ਸਰੀਰ ਢਕਦੀ ਹੋਈ। ਮਰੀਅਲ ਜਿਹੀ ਕੁੜੀ। ਕੀ ਵੇਖਿਆ ਹੋਣਾ ਹੈ ਹਨੀ ਨੇ ਇਸ ਵਿਚ। ਯਾਦ ਆਇਆ, ਹਨੀ ਦੀ ਸਿਫ਼ਾਰਸ਼ ਉੱਤੇ ਹੀ ਤਾਂ ਨੀਰੂ ਨੇ ਇਸ ਕੁੜੀ ਨੂੰ ਕੰਮ ਦਿੱਤਾ ਸੀ ?” ਨੀਰੂ ਬਹੁਤ ਸਵਰ ਹੈ ਇਹ ਕੁੜੀ। ਲੋੜਵੰਦ ਵੀ ਹੈ ਬੇਚਾਰੀ। ਜੇ ਥੋੜਾ ਬਹੁਤ ਕੰਮ ਦੇ ਸਕੀਏ ।”
ਉਦੋਂ ਹੀ ਹਨੀ ਬਾਥਰੂਮ ਵਿਚੋਂ ਬਾਹਰ ਆਇਆ ਸੀ।
ਹੁਣ ਹੜਬੜਾਉਣ ਦੀ ਵਾਰੀ ਹਨੀ ਦੀ ਸੀ।
ਸਾਰੇ ਰਾਹ ਹਨੀ ਨੀਰੂ ਦੀਆਂ ਮਿੰਨਤਾਂ ਕਰਦਾ ਰਿਹਾ ਸੀ। ਲਿਲੜੀਆਂ ਕੱਢਦਾ, ਮੁਆਫੀਆਂ ਮੰਗਦਾ ਰਿਹਾ ਸੀ । ਪਰ ਨੀਰੂ ਨੂੰ ਜਿਵੇਂ ਬਹੁਤਾ ਕੁਝ ਸੁਣ ਨਹੀਂ ਸੀ ਰਿਹਾ। ਬੱਸ ਉਹ ਆਪਣੇ ਮਨ ਕੋਲੋਂ ਪੁੱਛਦੀ ਰਹੀ ਸੀ ਕਿ ਉਹ ਇੰਝ ਅਚਾਨਕ ਹੀ ਘਰੋਂ ਕਿਉਂ ਤੁਰ ਪਈ ਸੀ । ਕਿਹੜੀ ਗੱਲ ਉਸਨੂੰ ਅੱਧੀ ਰਾਤੀਂ ਇਥੇ ਖਿੱਚ ਲਿਆਈ ਸੀ ?
ਕਿਤੇ ਕਈ ਦਿਨਾਂ ਤੋਂ ਹਨੀ ਦੁਆਲਿਓਂ ਆਉਂਦੀ ਪਰਾਈ ਗੰਧ ਤਾਂ ਨਹੀਂ ਸੀ ਖਿੱਚ ਲਿਆਈ ?
ਅਗਲੇ ਦਿਨ ਉਸ ਡਾਕਟਰ ਨਾਲ ਗੱਲ ਕੀਤੀ ਤਾਂ ਉਸਨੇ ਗੱਲ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ, “ਮੈਂ ਤੁਹਾਨੂੰ ਇਸ਼ਾਰਾ ਤਾਂ ਦਿੱਤਾ ਸੀ। ਅਸਲ ‘ਚ ਹਨੀ ਉਸ ਮਰੀਅਲ ਜਿਹੀ ਕੁੜੀ ਕੋਲ ਆਪਣੇ ਆਪ ਨੂੰ ਅੰਦਰਲੀ ਹੀਣ ਭਾਵਨਾ ਤੋਂ ਸੁਰਖਰੂ ਹੋਇਆ ਮਹਿਸੂਸ ਕਰਦਾ ਹੈ।”
ਡਾਕਟਰ ਪਲ ਭਰ ਲਈ ਰੁਕਿਆ ਸੀ, “ਲਿਸਨ ਨੀਰੂ । ਤੁਸੀਂ ਇਸ ਗੱਲ ਨੂੰ ਬਹੁਤਾ ਨਹੀਂ ਖਿੱਚਣਾ। ਤੁਹਾਡੇ ਲਾਗੇ ਵੀ ਹੁਣ ਉਹ ਬਹੁਤ ਠੀਕ ਮਹਿਸੂਸ ਕਰ ਰਿਹਾ ਹੈ। ਸੋ…। ਚੰਡੀਗੜ੍ਹ ਤਾਂ ਜਾ ਹੀ ਰਹੇ ਹੋ । ਸਭ ਠੀਕ ਹੋ ਜਾਵੇਗਾ। ਇਹ ਸਭ ਵਕਤੀ ਜਿਹੇ ਵੇਗ ਹੁੰਦੇ ਨੇ। ਮੈਨੂੰ ਯਕੀਨ ਹੈ… ਸਭ ਠੀਕ ਹੋ ਜਾਏਗਾ… ।”
ਸੱਚ ਹੀ ਨੀਰੂ ਨੇ ਇਸ ਘਟਨਾ ਨੂੰ ਬਹੁਤਾ ਨਹੀਂ ਸੀ ਖਿੱਚਿਆ।
ਹਾਂ, ਸਤਰਕ ਜ਼ਰੂਰ ਹੋ ਗਈ ਸੀ।
ਸ਼ਾਇਦ ਇਸੇ ਲਈ ਚੰਡੀਗੜ੍ਹ ਉਦੋਂ ਆਈ ਸੀ । ਜਦੋਂ ਹਨੀ ਹਫਤੇ ਭਰ ਲਈ ਹੈਦਰਾਬਾਦ ਲਈ ਆਪਣੀ ਭੈਣ ਕੋਲ ਚਲਾ ਗਿਆ ਸੀ।
ਮੱਮ ਨੇ ਕਿਹਾ ਸੀ। ਚੰਡੀਗੜ੍ਹ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰ ਲਵੀਂ। ਕਿਤੇ ਨੀਰ ਮੱਮ ਨਾਲ ਜੈਲਸ ਤਾਂ ਨਹੀਂ ਹੋ ਰਹੀ ?
ਨੀਰੂ ਟੱਬ ਚੋਂ ਬਾਹਰ ਨਿਕਲ ਆਈ ਹੈ। ਸਾਬਣ ਨੇ ਪਿੰਡਾ ਵੀ ਮਹਿਕਾਇਆ ਹੈ ਅਤੇ ਹਵਾ ਵੀ। ਅਚਾਨਕ ਉਸਦੀ ਨਜ਼ਰ ਬਾਥਰੂਮ ਦੀ ਕੰਧ ਉੱਤੇ ਲੱਗੇ ਆਦਮ ਕੱਦ ਸ਼ੀਸ਼ੇ ਵੱਲ ਉਠਦੀ ਹੈ। ਇਹ ਮੱਮ ਨੇ ਕਦੋਂ ਫਿੱਟ ਕਰਵਾਇਆ ? ਮੱਮ ਵਿਚ ਇਹ ਕੈਸੀਆਂ ਤਬਦੀਲੀਆਂ ਉੱਭਰ ਰਹੀਆਂ ਨੇ ?
ਨੀਰੂ ਤੋਂ ਸ਼ੀਸ਼ੇ ਵਿਚ ਆਪਣੇ ਆਪ ਨੂੰ ਨਿਹਾਰਨ ਦਾ ਲਾਲਚ ਤਿਆਗ ਨਹੀਂ ਹੁੰਦਾ। ਉਸਨੂੰ ਨੁਮਾਇਸ਼ ਵਿਚਲਾ ਇਕ ਨਗਨ ਚਿੱਤਰ ਯਾਦ ਆਉਂਦਾ ਹੈ, “ਡੁੱਲ੍ਹ ਡੁੱਲ੍ਹ ਪੈਂਦੀ ਔਰਤ।”
ਨਹੀਂ। ਉਸ ਚਿੱਤਰ ਵਿਚਲੀ ਔਰਤ ਨੀਰੂ ਨਾਲੋਂ ਵੱਧ ਨਹੀਂ ਸੀ ‘ਡੁੱਲ੍ਹ’ ਰਹੀ।
ਉਹ ਸੋਚਦੀ ਹੈ ਕਿਥੇ ਸ਼ੀਸ਼ੇ ਵਿਚਲੀ ਜੁਆਨ ਔਰਤ ਦਾ ਮੂੰਹ ਜ਼ੋਰ ਵੇਗ। ਕਿੱਥੇ ਡਾਕਟਰ ਦੀ ਹਿਦਾਇਤ ਤੇ ਸੋਵਰ ਜਿਹੇ-ਭਾਵ ਬੰਨ੍ਹੇ… ਬੰਨ੍ਹੇ ਜਿਹੇ… ਸੰਕੋਚ- ਸੰਕੋਚ ਜਿਹੇ ਜਿਸਮਾਨੀ ਸੰਬੰਧ…।
ਨੀਰੂ ਨੂੰ ਲਗਦਾ ਹੈ ਉਸਦੇ ਅੰਦਰ ਕੋਈ ਔਰਤ ਉਸ ਫੌਜਣ ਨੂੰ ਬਹੁਤ ਨਫ਼ਰਤ ਕਰਨ ਲੱਗ ਪਈ ਹੈ।
ਤੇ ਉਹ ਮਾਡਲ ਕੁੜੀ?
ਨੀਰੂ ਫੁੱਸ ਕਰਕੇ ਹੱਸ ਪੈਂਦੀ ਹੈ।
ਉਦੋਂ ਹੀ ਬਾਥਰੂਮ ਦੇ ਦਰਵਾਜ਼ੇ ‘ਤੇ ਪੋਲੀ ਜਿਹੀ ਦਸਤਕ ਹੁੰਦੀ ਹੈ। ਸ਼ਾਇਦ ਮੱਮ ਆ ਗਏ ਨੇ।
“ਬਸ ਦੋ ਮਿੰਟ…”
ਉਹ ਸਾਬਣ ਨਾਲ ਮਹਿਕੇ ਪਿੰਡ ਨੂੰ ਫੁਹਾਰੇ ਹੇਠਾਂ ਕਰ ਦੇਂਦੀ ਹੈ। ਮਹਿਕੀ ਸਾਬਣ ਝੰਗ ਦੀਆਂ ਲਹਿਰਾਂ ਹੇਠਾਂ ਵੱਲ ਵਗ ਰਹੀਆਂ ਨੇ ਹੌਲੇ ਹੌਲੇ।
ਉਦੋਂ ਹੀ ਚੀਂਅ… ਦੀ ਆਵਾਜ਼ ਹੁੰਦੀ ਹੈ। ਦਰਵਾਜ਼ਾ ਖੁਲ੍ਹ ਜਾਂਦਾ ਹੈ। ਚਿਟਕਣੀ ਚੰਗੀ ਤਰ੍ਹਾਂ ਲੱਗੀ ਨਹੀਂ ਸੀ ਸ਼ਾਇਦ।
ਨੀਰੂ ਨੂੰ ਮੁੜਨ ਦਾ ਮੌਕਾ ਵੀ ਨਹੀਂ ਮਿਲਦਾ।
ਮਰਦਾਵੇਂ ਬੋਲ ਉਸਦੇ ਕੰਨਾਂ ਨਾਲ ਟਕਰਾਉਂਦੇ ਨੇ, “ਮੈਂ ਵੀ ਆ ਗਿਆ… ਬਾਦਿੰਗ ਬਿਊਟੀ। ਦੇਖ ਲਓ, ਮੈਂ ਹਮੇਸ਼ਾ ਵਾਂਗ ਅੱਖਾਂ ਬੰਦ ਹੀ ਰੱਖੀਆਂ ਹੋਈਆਂ ਨੇ।”
ਇਹ ਭਰਵੀਂ ਆਵਾਜ਼ ਤਾਂ ਨੀਰੂ ਨੇ ਕਿਤੇ ਸੁਣੀ ਹੈ, ਹਾਂ, ਟੈਲੀਫੋਨ ‘ਤੇ…
ਨੀਰੂ ਸੰਭਲਦੀ । ਪਰ ਉਦੋਂ ਤਕ ਉਹ ਬੜੀਆਂ ਮਜ਼ਬੂਤ ਬਾਹਵਾਂ ਦੀ ਗਰਿਫਤ ਵਿਚ ਹੈ।
“ਮੈਡਮ, ਤੁਸੀਂ ਅੱਜ ਕਾਲਜ ਤੋਂ ਜਲਦੀ…।”
ਪਰ ਉਸਦੀ ਆਵਾਜ਼ ਅਚਾਨਕ ਲਰਜ਼ ਕੇ ਟੁੱਟ ਜਾਂਦੀ ਹੈ—ਸ਼ਾਇਦ ਜਿਸਮਾਨੀ ਅੰਤਰ ਨੂੰ ਮਹਿਸੂਸ ਕੇ। ਨੀਰੂ ਇਕ ਝਟਕੇ ਨਾਲ ਆਜ਼ਾਦ ਕਰ ਦਿੱਤੀ ਗਈ ਹੈ। ਉਹ ਇਕ ਦਮ ਘਬਰਾ ਕੇ ਪਿੱਛੇ ਹਟ ਚੁੱਕਾ ਹੈ। ਉਹ ਇਕ ਜੁਆਨ ਨਰੋਆ ਮਰਦ, ਕੇਵਲ ਅੰਡਰ ਵੀਅਰ ਵਿਚ।
ਘਬਰਾਹਟ ਨਾਲ ਉਹ ਬੌਂਦਲ ਜਿਹਾ ਜਾਂਦਾ ਹੈ। ਘਬਰਾਹਟ ਨਾਲ ਨੀਰੂ ਬੌਂਦਲ ਜਾਂਦੀ ਹੈ। ਘਬਰਾਹਟ ਨਾਲ ਹਵਾ ਵੀ ਬੌਂਦਲ ਜਾਂਦੀ ਹੈ।
ਉਹ ਬੁਰੀ ਤਰ੍ਹਾਂ ਹਕਲਾ ਉਠਿਆ ਹੈ, “ਤੁਸੀਂ ਆਈ… ਐਮ… ਸਾਰੀ…। ਤੁਸੀਂ… ਮੈਂ… ਅਸਲ ‘ਚ… ਮੈਂ…।
ਨੀਰੂ ਦੇ ਮੂੰਹ ਵਿਚ ਤਾਂ ਬੋਲ ਹੀ ਨਹੀਂ ਹਨ। ਸਕਤੇ ਜਿਹੇ ਦੀ ਅਵਸਥਾ ਹੈ। ਉਹ ਆਪਣੀਆਂ ਬਾਹਵਾਂ ਨਾਲ ਆਪਣੇ ਜਿਸਮ ਦੇ ਨੰਗੇਜ਼ ਨੂੰ ਢਕਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰ ਰਹੀ ਹੈ। ਨੰਗੀਆਂ ਬਾਹਵਾਂ ਨਾਲ..।
“ਤੁਸੀਂ… ? ਨੀਰੂ ਹੋ…?” ਸਾਮ੍ਹਣੇ ਵਾਲੇ ਦੇ ਬੋਲ ਘਬਰਾਹਟ ਕਾਰਨ ਲੜਖੜਾ ਰਹੇ ਨੇ।
ਪਰ ਨੀਰੂ ਦੀ ਆਵਾਜ਼ ਨੂੰ ਤਾਂ ਲਕਵਾ ਮਾਰ ਗਿਆ ਹੈ ਜਿਵੇਂ।
ਸਮਾਂ ਕਿਵੇਂ ਰੁਕਿਆ ਪਿਆ ਹੈ।
ਸਾਮ੍ਹਣੇ ਵਾਲਾ ਇਕ ਕਦਮ ਹੋਰ ਪਿੱਛੇ ਹਟਿਆ ਹੈ। ਨੀਰੂ ਨੂੰ ਨਿਹਾਰਿਆ ਹੈ ਸ਼ਾਇਦ। ਉਹ ਗਾਡ… ਸੋ ਚਾਰਮਿੰਗ… ।”
ਨੀਰੂ ਤਭਕਦੀ ਹੈ। ਸਾਮ੍ਹਣੇ ਵਾਲੇ ਦੀ ਆਵਾਜ਼ ਵਿਚੋਂ ਘਬਰਾਹਟ ਤੱਕ ਗਾਇਬ ਹੋ ਚੁੱਕੀ ਹੈ। ਉਸਦੀਆਂ ਨਜ਼ਰਾਂ ਨੂੰ ਉਹ ਆਪਣੇ ਜਿਸਮ ਵਿਚ ਸਨੱਕ ਵਾਂਗ ਖੁਭਦਿਆਂ ਮਹਿਸੂਸਦੀ ਹੈ।
ਉਹ ਇਕਦਮ ਹੀ ਸੁਚੇਤ ਹੋ ਉੱਠਦੀ ਹੈ।
ਚੀਕ ਪੈਂਦੀ ਹੈ। “ਹਾਓ ਡੇਅਰ ਯੂ…? ਗੈਟ ਆਉਟ…।”
ਸਾਮ੍ਹਣੇ ਵਾਲਾ ਬੁਖਲਾ ਜਾਂਦਾ ਹੈ। ਬਾਹਰ ਵੱਲ ਉਲਰਦਾ ਹੈ। ਨੀਰੂ ਫੜਾਕ ਦੇਣੀ ਦਰਵਾਜ਼ਾ ਭੇੜਦੀ ਹੈ।
ਹਾਓ ਡੇਅਰ ਯੂ… ਯੂ… ਯੂ…। ਆਵਾਜ਼ ਬਾਥਰੂਮ ਦੀਆਂ ਕੰਧਾਂ ਨਾਲ ਟਕਰਾਉਂਦੀ ਹੈ। ਲਗਾਤਾਰ ਟਕਰਾਉਂਦੀ ਰਹਿੰਦੀ ਹੈ।
ਨੀਰੂ ਨੂੰ ਲਗਦਾ ਹੈ, ਉਸਦੇ ਅੰਦਰ ਕੋਈ ਇਕ ਹੋਰ ਔਰਤ ਵੀ ਹੈ। ਉਹ ਔਰਤ ਕਂਧਾਂ ਨਾਲ ਲਗਾਤਾਰ ਟਕਰਾ ਰਹੀ ਉਸ ਆਵਾਜ਼ ਨੂੰ ਸ਼ਾਂਤ ਕਰਨਾ ਚਾਹੁੰਦੀ ਹੈ। ਨੀਰੂ ਦੇ ਡੌਲਿਆਂ ਉੱਤੇ ਪੀਢੀ ਪਕੜ ਕਾਰਨ ਲਾਲ ਉੱਭਰ ਆਏ ਉਂਗਲਾਂ ਦੇ ਨਿਸ਼ਾਨਾਂ ਨੂੰ ਉਹ ਔਰਤ ਜਿਵੇਂ ਆਪਣੀਆਂ ਪਲਕਾਂ ਨਾਲ ਸਹਿਲਾਉਂਦੀ ਹੈ। ਹੇਠਾਂ ਨਾਲ ਛੂੰਹਦੀ ਹੈ। ਮੂੰਹ ਜ਼ੋਰ ਜਿਸਮਾਨੀ ਵੇਗ ਵਿਚ ਡੁਲ੍ਹ ਡੁਲ੍ਹ ਪੈਂਦੀ ਉਹ ਔਰਤ…। ਡਾਕਟਰ ਨੇ ਤਾਂ ਕਿਹਾ ਸੀ ਕਿ ਉਸਨੂੰ ਕਾਫੀ ਸੋਵਰ ਰਹਿਣ ਦੀ ਲੋੜ ਹੈ… ਕਾਫੀ ਸੇਜਮੀ। ਹਾਂ ਇਹ ਹੈ ਤਾਂ ਸਹੀ ਇਕ ਸੋਵਰ ਜਿਹੀ ਔਰਤ…। ਜਿਹੜੀ ਇਕ ਇਕ ਕੱਪੜੇ ਨਾਲ ਸਰੀਰ ਨੂੰ ਢਕ-ਸੰਵਾਰ ਰਹੀ ਹੈ-ਚੁੱਪ ਚਾਪ…।
ਬਾਥਰੂਮ ਦਾ ਦਰਵਾਜ਼ਾ ਖੋਲ੍ਹਦੀ ਹੈ ਤਾਂ ਬਾਹਰ ਹੀਰੋ ਹਾਂਡੇ ਦੇ ਇੰਜਣ ਦੀ ਆਵਾਜ਼ ਸੁਣਾਈ ਦੇਂਦੀ ਹੈ। ਉਹ ਕਾਹਲੀ ਨਾਲ ਡਰਾਇੰਗ ਰੂਮ ਦੇ ਸ਼ੀਸ਼ਿਆਂ ਵਾਲੇ ਮੁੱਖ ਦਰਵਾਜ਼ੇ ਕੋਲ ਪਹੁੰਚਦੀ ਹੈ।
ਸਾਮ੍ਹਣੇ ਖੁੱਲ੍ਹੀ ਥਾਂ ਹੈ। ਪਾਰਕ ਲਈ ਛੱਡੀ ਹੋਈ। ਹੀਰੋ ਹਾਂਡਾ ਘੁੰਮ ਕੇ ਸਾਮ੍ਹਣੇ ਮੋੜ ਨੇੜੇ ਪਹੁੰਚ ਚੁੱਕਿਆ ਹੈ। ਅਚਾਨਕ ਰੁਕ ਗਿਆ ਹੈ। ਉਲਟ ਪਾਸੇ ਤੋਂ ਕਨੈਟਕ ਹਾਂਡਾ ਉੱਤੇ ਮੱਮ ਵਿਖਾਈ ਦੇਂਦੇ ਨੇ । ਉਸ ਕੋਲ ਰੁਕ ਜਾਂਦੇ ਨੇ । ਉਹ ਕੁਝ ਦੱਸ ਰਿਹਾ ਹੈ। ਉਸਦੇ ਹਿਲ ਰਹੇ ਹੱਥ ਉਸਦੀ ਘਬਰਾਹਟ ਪ੍ਰਗਟਾ ਰਹੇ ਨੇ। ਦੋਵੇਂ ਸਿਰ ਘੁਮਾ ਕੇ ਕਈ ਵਾਰ ਕੋਠੀ ਵੱਲ ਵੇਖ ਚੁਕੇ ਨੇ ।
ਹੀਰੋ ਹਾਂਡਾ ਜਾਣ ਤੇ ਵੀ ਮੱਮ ਨਹੀਂ ਹਿੱਲਦੇ। ਕੁਝ ਪਲ ਓਵੇਂ ਹੀ ਖੜ੍ਹੇ ਰਹਿੰਦੇ।
ਨੀਰੂ ਸੋਚਦੀ ਹੈ, ਇੰਝ ਏਨੀ ਦੂਰੀ ਤੇ ਖੜ੍ਹੇ ਬੰਦੇ ਦਾ ਵਜੂਦ, ਕਿਵੇਂ ਕਿੰਨਾ ਹੀ ਕੁਝ ਬੋਲ ਰਿਹਾ ਪ੍ਰਤੀਤ ਹੁੰਦਾ ਹੈ… ਕਿੰਨਾ ਹੀ ਕੁਝ… ਅਣਕਿਹਾ ਜਿਹਾ…
ਨੀਰੂ ਪਿੱਛੇ ਹਟਦੀ ਹੋਈ ਸੋਫੇ ਉੱਤੇ ਬੈਠ ਜਾਂਦੀ ਹੈ।
ਮੱਮ ਕਮਰੇ ਵਿਚ ਪਹੁੰਚਣ ਤੱਕ ਵੀ ਪੂਰੀ ਤਰ੍ਹਾਂ ਸੰਭਲੇ ਨਹੀਂ ਲਗਦੇ—“ਕਦੋਂ ਕੁ ਆਈ ਹੈ ਨੀਰੂ ?”
ਨੀਰੂ ਦਾ ਉੱਤਰ ਉਡੀਕੇ ਬਿਨਾਂ ਹੀ ਉਹ ਬਾਥਰੂਮ ਵਿਚ ਚਲੇ ਜਾਂਦੇ ਨੇ। ਇਕ… ਦੋ… ਤਿੰਨ… ਕਈ ਮਿੰਟ ਲਗਾ ਕੇ ਆਉਂਦੇ ਨੇ । ਤੌਲੀਏ ਨਾਲ ਚਿਹਰੇ ਨੂੰ ਪੂੰਝ ਰਹੇ ਨੇ।
“ਤੈਨੂੰ ਕਿਹਾ ਸੀ ਨੀਰੂ, ਫੋਨ ਕਰ ਕੇ ਆਵੀਂ। ਪਤਾ ਹੁੰਦਾ ਤਾਂ ਮੈਂ ਕਾਲਜ ਤੋਂ ਸਵਖਤੇ ਆ ਜਾਂਦੀ।”
ਮੱਮ ਫਿਰ ਉੱਤਰ ਨਹੀਂ ਉਡੀਕਦੇ। ਝੱਟ ਰਸੋਈ ਵੱਲ ਚਲੇ ਜਾਂਦੇ ਨੇ।
ਨੀਰੂ ਨੂੰ ਮੱਮ ‘ਤੇ ਤਰਸ ਆਉਂਦਾ ਹੈ, “ਬੇਚਾਰੇ”
ਚਾਹ ਪੀਂਦਿਆਂ ਨੀਰੂ ਨੇ ਤਾਂ ਸਹਿਜ ਭਾ ਕੋਈ ਗੱਲ ਕਰਨੀ ਚਾਹੀ ਹੈ।
“ਮੱਮ…”
ਪਰ ਉਨ੍ਹਾਂ ਪਤਾ ਨਹੀਂ ਕੀ ਅਰਥ ਲਿਆ ਹੈ। ਆਪ ਮੁਹਾਰੇ ਬੋਲਣ ਲੱਗ ਪਏ ਨੇ, “ਮੈਨੂੰ ਪਤਾ ਹੈ…। ਆਈ ਐਮ ਸਾਰੀ ਨੀਰੂ। ਦਰਅਸਲ ਦੀਪਕ ਨੇ ਭੁਲੇਖੇ ਨਾਲ…। ਮੈਂ ਉਸ ਵਲੋਂ ਮੁਆਫ਼ੀ ਮੰਗਦੀ ਹਾਂ।”
ਨੀਰੂ ਹੈਰਾਨੀ ਨਾਲ ਮੱਮ ਵੱਲ ਵੇਖ ਰਹੀ ਹੈ।
ਮੱਮ ਬੋਲਦੇ ਜਾ ਰਹੇ ਹਨ, “ਦੇਖ ਨੀਰੂ… । ਤੂੰ ਇੰਟੈਲੀਜੈਂਟ ਹੈਂ । ਮੈਨੂੰ ਵਿਸ਼ਵਾਸ ਹੈ, ਮੇਰੀ ਹਾਲਤ ਨੂੰ ਸਮਝ ਸਕੇਂਗੀ। ਆਪਣੇ ਜੀਵਨ ਦੇ ਖਾਲੀਪਣ ਬਾਰੇ ਕੁਝ ਵੀ ਕਹਿਕੇ ਮੈਂ ਕਿਸੇ ਕਿਸਮ ਦੀ ਹਮਦਰਦੀ ਨਹੀਂ ਲੈਣੀ ਚਾਹੁੰਦੀ। ਬੱਸ ਏਨਾ ਹੀ ਕਹਾਂਗੀ, ਭਰਪੂਰ ਜੀਵਨ ਜੀਣ ਦਾ ਇਕ ਮੌਕਾ ਮਿਲ ਰਿਹਾ ਹੈ ਮੈਨੂੰ । ਜੇ ਤੂੰ ਸਾਡੇ. ਮੇਰਾ ਭਾਵ ਮੇਰੇ ਤੇ ਦੀਪਕ ਦੇ ਸੰਬੰਧਾਂ ਨੂੰ ਸਹਿਜੇ ਹੀ ਸਵੀਕਾਰ ਲਵੇਂ. …. ਤਾਂ ਤੂੰ ਵੀ ਬਹੁਤ ਵੱਡੀ ਮਦਦ ਕਰ ਰਹੀ ਹੋਵੇਂਗੀ। ਮੈਨੂੰ ਇਕ ਬੇਲੋੜੇ ਤਣਾਓ ਤੋਂ ਬਚਾ ਰਹੀ ਹੋਵੇਂਗੀ…।”
ਮੱਮ ਬੋਲਦੇ ਜਾ ਰਹੇ ਨੇ। ਕਿੰਨਾ ਠਰ੍ਹੰਮਾ ਹੈ ਉਨ੍ਹਾਂ ਦੀ ਆਵਾਜ਼ ਵਿਚ। ਕਿੱਡਾ ਆਤਮ ਵਿਸ਼ਵਾਸ।
ਇਹ ਸਭ ਏਨੇ ਕੁ ਮਹੀਨਿਆਂ ਵਿਚ ਕਿਵੇਂ ਪੈਦਾ ਹੋ ਗਿਆ ?
ਦੀਪਕ ਦੀ ਦੇਣ ਹੀ ਤਾਂ ਨਹੀਂ ਕਿਤੇ।
ਨੀਰੂ ਸੋਚਦੀ ਹੈ ਆਪਣੇ ਵਲੋਂ ਉਹ ਮੱਮ ਨੂੰ ਦੁਖੀ ਨਹੀਂ ਕਰੇਗੀ।
ਪਰ ਇਕ ਫਿਕਰ ਉਸ ਉੱਤੇ ਭਾਰੀ ਹੈ।
ਅਚਾਨਕ ਨੀਰੂ ਮੱਮ ਦੇ ਬੋਲਾਂ ਨਾਲ ਭਕ ਉੱਠਦੀ ਹੈ ..
“…ਤੂੰ ਸੁਣ ਵੀ ਰਹੀ ਹੈਂ ? ਸਮਝ ਵੀ ਰਹੀ ਹੈਂ ? ਨੀਰੂ… । ਬੋਲ…।”
“ਮੱਮ… “
“ਹਾਂ ਦੱਸ…।”
“ਮੱਮ… ਇਹ ਦੀਪਕ ਕਿਤੇ ਉਹੀ ਤਾਂ ਨਹੀਂ, ਜਦੋਂ ਤੁਸੀਂ ਇਕ ਪੇਂਡੂ ਕਾਲਜ ਵਿਚ ਲੈਕਚਰਰ ਹੁੰਦੇ ਇੱਕ ਪੱਤਰ ਸਟੂਡੈਂਟ ਸੀ ਤੁਹਾਡਾ। ਜਿਸਨੇ ਤੁਹਾਨੂੰ ਪਿਆਰ ਦਾ ਇਜ਼ਹਾਰ ਕਰਦਾ ਇੱਕ ਪੱਤਰ…?”
“ਹਾਂ।”
”ਤੇ ਤੁਸੀਂ ਉਹ ਖਤ ਹੱਸਦਿਆਂ ਵਾਪਸ ਕਰ ਦਿੱਤਾ ਸੀ। ਤੇ ਜਦੋਂ ਤੁਹਾਡੇ ਜਨਮ ਦਿਨ ਤੇ ਸਰ ਬੁਲਾ ਕੇ ਮੇਰੀ ਦਿੱਤਾ ਸੀ ਤੁਸੀਂ ਉਹ ਸਵੀਕਾਰਦੋਂ ਤੁਹਾਡੇ ਕੀਤਾ। ਇਸਨੂੰ ਸਮਝਾ ਬੁਝਾ ਕੇ ਮੋੜ ਦਿੱਤਾ ਸੀ…।”
“ਹਾਂ । ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਐਵੇਂ ਇਹ ਇਸ ਫਾਲਤੂ ਜਿਲ੍ਹਣ ਵਿਚ ਫਸੇ…।”
“ਤੇ ਹੁਣ ਮੱਮ ?”
“ਹੁਣ ਹਾਲਾਤ ਹੋਰ ਨੇ। ਇਸਨੂੰ ਵੀ ਇਕ ਸੁਹਿਰਦ ਸਾਥ ਦੀ ਲੋੜ ਹੈ। ਇਸਦੀ ਬੀਵੀ ਤੇ ਇਕੋ ਇਕ ਬੱਚੀ ਦੇ ਸਾਲ ਪਹਿਲਾਂ ਇਕ ਕਾਰ ਹਾਦਸੇ ਵਿਚ…। ਬਹੁਤ ਇੱਕਲਾਪਣ ਮਹਿਸੂਸ ਕਰ ਰਿਹਾ ਸੀ ਦੀਪਕ ਵੀ…।”
“ਇਸ ਦਾ ਭਾਵ… ਉਦੋਂ ਵੀ ਤੁਸੀਂ ਉਸਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸੀ ਸਕੇ ਅੰਦਰੋਂ…।”
“ਸ਼ਾਇਦ…।”
“ਹੁਣ ਵਿਸ਼ਵਾਸ ਹੈ ਉਸ ਉੱਤੇ ?”
“ਹਾਂ?”
“ਬੰਨ੍ਹ ਕੇ ਰੱਖ ਸਕੋਗੇ ਮੱਮ? ਮੇਰਾ ਮਤਲਬ ਏਜ ਗੈਪ… ਉਮਰ ਦਾ ਇਕ ਵੱਡਾ ਅੰਤਰ…।
“ਤੂੰ ਕਿਉਂ ਕਹਿ ਰਹੀ ਹੈਂ ਇਹ ਸਭ…? ਡਰਾ ਰਹੀ ਹੈਂ ਮੈਨੂੰ ? ਮੇਰੇ ਵਿਸ਼ਵਾਸ ਨੂੰ ਕਮਜ਼ੋਰ ਕਰ ਰਹੀ ਹੈਂ ?”
“ਤੁਹਾਡਾ ਵਿਸ਼ਵਾਸ ਤਾਂ ਕਮਜ਼ੋਰ ਹੈ ਹੀ ਮੱਮ।”
“ਕੀ ਭਾਵ ਹੈ ਤੇਰਾ।”
“ਦੱਸੋਗੇ। ਹੀਰੋ ਹਾਂਡਾ ਆਪਣੇ ਨਾਂ ਕਰਾਉਣ ਪਿੱਛੇ ਹੋਰ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ ?”
ਮੱਮ ਤ੍ਰਭਕ ਕੇ ਨੀਰੂ ਵੱਲ ਵੇਖਦੇ ਨੇ…।
“ਇੰਝ ਚੀਜ਼ਾਂ…। ਚੀਜ਼ਾਂ ਦੀ ਸਹੂਲਤ ਕਿਸੇ ਨੂੰ ਕਿੰਨਾ ਕੁ ਚਿਰ ਬੰਨ੍ਹ ਕੇ ਰੱਖ ਸਕਦੀ ਹੈ ਮੱਮ ?”
ਮੱਮ ਕੁਝ ਬੇਚੈਨ ਹੋ ਉੱਠਦੇ ਨੇ, ਹੈਂ ਤੂੰ ਮੈਨੂੰ ਡਰਾ ਰਹੀ ਹੈਂ ਨੀਰੂ। ਕਿਉਂ ਡਰਾ ਰਹੀ ਹੈ ?”
“ਨਹੀਂ ਮੱਮ, ਸੁਚੇਤ ਕਰ ਰਹੀ ਹਾਂ। ਇਹ ਸਹੂਲਤਾਂ ਬਹੁਤ ਦੂਰ ਤੱਕ ਬੰਨ੍ਹ ਕੇ ਨਹੀਂ ਰੱਖ ਸਕਦੀਆਂ ਬੰਦੇ ਨੂੰ। ਤੇ ਵਿਸ਼ਵਾਸ? ਜਦੋਂ ਆਪਾਂ ਇਸ ਭਾਵਨਾ ਦਾ ਜ਼ਿਕਰ ਕਰਦੇ ਹਾਂ ਨ੍ਹਾ ਤਾਂ ਮੈਨੂੰ ਲੱਗਦੈ ਮੱਮ, ਆਪਾਂ ਆਪਣੇ ਮਨ ਨੂੰ ਫਹੁੜੀਆਂ ਜਿਹੀਆਂ ਫੜਾ ਰਹੇ ਹੁੰਦੇ ਹਾਂ…। ਤੇ ਇਹ ਵਿਸ਼ਵਾਸ ਨਾਂ ਦੀ ਭਾਵਨਾ ਵੀ ਪਤਾ ਨਹੀਂ ਕਿੰਨਾ ਕੁ ਚਿਰ ਬੰਨ੍ਹਕੇ ਰੱਖ ਸਕੇਗੀ?”
ਮੱਮ ਤ੍ਰਭਕਦੇ ਨੇ। ਨੀਰੂ ਦੇ ਚਿਹਰੇ ਵੱਲ ਨੀਝ ਨਾਲ ਵੇਖਣ ਲੱਗ ਪੈਂਦੇ ਨੇ। ਉੱਠ ਕੇ ਉਸਦੇ ਕੋਲ ਆ ਬੈਠਦੇ ਨੇ, “ਇਕ ਗੱਲ ਦੱਸੇਂਗੀ ਨੀਰੂ। ਸੱਚੋ ਸੱਚ ਦੱਸੇਂਗੀ ? ਦੀਪਕ ਨੇ ਤੇਰੇ ਨਾਲ ਕਿਸੇ ਕਿਸਮ ਦੀ ਕੋਝੀ ਹਰਕਤ ਤਾਂ ਨਹੀਂ ਕੀਤੀ ?”
“ਨਹੀਂ ਮੱਮ…। ਹਾਂ ਕਰ ਵੀ ਸਕਦਾ ਸੀ ਜੇ ਮੈਂ ਸਖ਼ਤ ਨਾ ਹੋਈ ਹੁੰਦੀ…।”
“ਭਾਵ?”
“ਕੁਝ ਨਹੀਂ ਮੱਮ ?”
ਮੱਮ ਦੇ ਚਿਹਰੇ ਉੱਤੇ ਫਿਕਰ ਦੀਆਂ ਰੇਖਾਵਾਂ ਉੱਭਰ ਆਈਆਂ ਨੇ।
ਉਹ ਰੇਖਾਵਾਂ ਹੋਰ ਵੀ ਗਹਿਰਾ ਜਾਂਦੀਆਂ ਨੇ ਜਦੋਂ ਨੀਰੂ ਸਾਲ ਭਰ ਲਈ ਚੰਡੀਗੜ੍ਹ ਆ ਕੇ ਰਹਿਣ ਦੀ ਗੱਲ ਦੱਸਦੀ ਹੈ।
ਚਿੰਤਾ ਦੀਆਂ ਰੇਖਾਵਾਂ ਮੱਮ ਦੇ ਤਾਂ ਚਿਹਰੇ ‘ਤੇ ਨੇ। ਪਰ ਨੀਰੂ ਦੇ ਤਾਂ ਅੰਦਰ ਉੱਕਰੀਆਂ ਪਈਆਂ ਨੇ ਬੁਰੀ ਤਰ੍ਹਾਂ।
ਨੀਰੂ ਡਰ ਕਿਉਂ ਰਹੀ ਹੈ ?
“ਤੇਰੀ ਮੱਮ ਦੀ ਫਿਜ਼ੀਕ। ਜਸਟ ਲਾਈਕ ਏ ਯੰਗ ਵੂਮਨ…।”
“ਮਾਈ ਗਾਡ… ਸੋ ਚਾਰਮਿੰਗ।”
ਨੀਰੂ ਦੇ ਅੰਦਰ ਕੀ ਕੰਬ ਰਿਹਾ ਹੈ ?
ਉਦੋਂ ਹੀ ਮੱਮ ਦੇ ਬੋਲ ਕੰਬਦੇ ਨੇ, “ਮੇਰੀ ਇਕ ਗੱਲ ਮੰਨ ਲੈ ਨੀਰੂ। ਤੂੰ ਚੰਡੀਗੜ੍ਹ ਆ ਕੇ ਨਾ ਰਹੀਂ… ਮੇਰੀ ਇਹ ਗੱਲ ਮੰਨ ਲੈ ਬੱਸ।”
ਮੱਮ ਤਾਂ ਹੌਲੇ ਜਿਹੇ ਫੁਸਫਸਾਏ ਨੇ, ਇਕ ਤਰਲੇ ਜਿਹੇ ਵਾਂਗ ..
ਪਰ ਨੀਰੂ ਨੂੰ ਇਹ ਬੋਲ ਗੂੰਜਦੇ ਹੋਏ ਕਿਉਂ ਸੁਣਾਈ ਦੇ ਰਹੇ ਨੰ … ?
ਨੀਰੂ ਨੂੰ ਮਹਿਸੂਸ ਹੁੰਦਾ ਹੈ। ਉਸਦੇ ਅੰਦਰੋਂ ਵੀ ਤਾਂ ਇੱਕ ਡਰੀ ਹੋਈ ਔਰਤ ਇਹੋ ਜਿਹੀ ਹੀ ਇਕ ਭੀਖ ਉਸ ਕੋਲੋਂ ਮੰਗ ਰਹੀ ਹੈ।
ਉਸਨੂੰ ਲਗਦਾ ਹੈ ਉਹ ਦੋਵੇਂ ਆਪੋ ਆਪਣੇ ਦੁਰਗ ਵਿਚ ਬੈਠੀਆਂ ਆਪਣੀ ਸੁਰੱਖਿਅਤਾ ਦਾ ਐਵੇਂ ਭਰਮ ਪਾਲ ਰਹੀਆਂ ਨੇ।
ਅਚਾਨਕ ਨੀਰੂ ਨੂੰ ਲਗਦਾ ਹੈ ਕਿ ਉਸਦਾ ਅੰਦਰ ਮੱਮ ਨੂੰ ਕਹਿਣਾ ਚਾਹੁੰਦਾ ਹੈ— ਤੁਸੀਂ ਕਿਹਾ ਸੀ ਮੱਮ ਕਿ ਮਰਦ ਸਿਰਫ਼ ਮਰਦ ਹੀ ਹੁੰਦੇ ਨੇ। ਇਹ ਕਹਿਣਾ ਸ਼ਾਇਦ ਭੁੱਲ ਗਏ ਸੀ ਕਿ ਔਰਤ ਵੀ ਤਾਂ ਸਿਰਫ਼…
ਪਰ ਨੀਰੂ ਬੋਲਦੀ ਨਹੀਂ।
ਮੱਮ ਉਸ ਵੱਲ ਵੇਖੀ ਜਾ ਰਹੇ ਨੇ, ਡੌਰਿਆਂ ਵਾਂਗੂ
“ਤੂੰ ਉੱਤਰ ਨਹੀਂ ਦਿੱਤਾ ਨੀਰੂ … ?”
ਮਾਹੌਲ ‘ਤੇ ਗੰਭੀਰਤਾ ਭਾਰੀ ਹੋ ਗਈ ਹੈ।
ਮਾਹੌਲ ਦੀ ਗੰਭੀਰਤਾ ਨੂੰ ਨੀਰੂ ਦਾ ਖਿੜਖਿੜਾ ਕੇ ਹਸੱਣਾ ਤੋੜ ਦੇਂਦਾ ਹੈ।
ਇਹ ਕੈਸਾ ਹਾਸਾ ਹੈ ? ਜੋ ਨੀਰੂ ਹੱਸੀ ਹੈ।
“ਘਬਰਾਓ ਨਾ ਮੱਮ । ਡਰੋ ਨਾ…। ਮੈਂ ਫੈਸਲਾ ਕਰ ਲਿਐ। ਕਿਸੇ ਹੋਰ ਸ਼ਹਿਰ ਵਿਚ ਜਾ ਕੇ ਆਪਣੇ ਪ੍ਰਾਜੈਕਟ ਉੱਪਰ ਕੰਮ ਕਰਾਂਗੀ।”
ਨੀਰੂ ਨੇ ਮੱਮ ਨੂੰ ਕਿਹਾ ਹੈ। ਪਰ ਕੀ ਸਿਰਫ਼ ਮੱਮ ਨੂੰ ਹੀ ਕਿਹਾ ਹੈ ?
ਮੱਮ ਅਚਾਨਕ ਹੁਲਾਸ ਨਾਲ ਭਰ ਉੱਠਦੇ ਨੇ। ਨੀਰੂ ਉਹਨਾਂ ਨੂੰ ਬਾਹਵਾਂ ਵਿਚ ਭਰ ਲੈਂਦੀ ਹੈ। ਹੌਸਲਾ ਦੇਣ ਲਈ।
ਹੌਸਲਾ ?
ਸਿਰਫ਼ ਮੱਮ ਨੂੰ ?
ਜਾਂ…?