ਭੀਖੀ 17 ਜਨਵਰੀ
ਪੰਜਾਬ ਸਰਕਾਰ ਵੱਲੋਂ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਹਿੱਤ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵਲੋਂ ਭੀਖੀ ਦੇ ਮੋਹਤਬਰ ਦੁਕਾਨਦਾਰਾਂ , ਸਮਾਜ ਸੇਵੀ ਸੰਸਥਾਵਾਂ ਅਤੇ ਲੇਖਕਾਂ ਨਾਲ ਇਕੱਤਰਤਾ ਕੀਤੀ ਗਈ ਜਿਸ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਰਾਜ ਭਾਸ਼ਾ ਐਕਟ ਤਹਿਤ ਦੁਕਾਨਾਂ, ਨਿੱਜੀ ਅਤੇ ਸਰਕਾਰੀ ਅਦਾਰਿਆਂ ਦਾ ਨਾਮ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਵਿੱਚ ਲਿਖਿਆ ਜਾਣਾ ਯਕੀਨੀ ਬਣਾਉਣਾ ਹੈ, ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿੱਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਦੂਸਰੀ ਭਾਸ਼ਾ ਵਿੱਚ ਲਿਖਿਆ ਜਾਵੇ। ਪੰਜਾਬੀ ਭਾਸ਼ਾ ਵਿੱਚ ਲਿਖੇ ਨਾਮ ਨੂੰ ਦੁਸਰੀਆਂ ਭਾਸ਼ਾਵਾਂ ਨਾਲੋਂ ਵੱਧ ਥਾਂ ਦੇ ਕੇ ਮੁੱਖ ਤੌਰ ’ਤੇ ਲਿਖਿਆ ਜਾਣਾ ਚਾਹੀਦਾ ਹੈ। ਇਸ ਇਕੱਤਰਤਾ ਵਿੱਚ ਕਹਾਣੀਕਾਰ ਭੁਪਿੰਦਰ ਫੌਜੀ, ਡੀ ਪੀ ਜਿੰਦਲ, ਰਾਜਿੰਦਰ ਜਾਫਰੀ ਨੇ ਕਿਹਾ ਕਿ ਭਾਸ਼ਾ ਵਿਭਾਗ ਮਾਨਸਾ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਇਸ ਕਾਰਜ ਲਈ ਅਸੀਂ ਵਿਭਾਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ। ਇਸ ਮੌਕੇ ਬਾਜ਼ਾਰ ਵਿੱਚ ਗੇੜਾ ਕਢਦਿਆਂ ਉਨ੍ਹਾਂ ਦੁਕਾਨਦਾਰਾਂ ਨੂੰ ਆਪਣੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਵਾਉਣ ਦੀ ਅਪੀਲ ਕੀਤੀ।
ਆਖਿਰ ਵਿੱਚ ਵਿਭਾਗ ਦੇ ਖੋਜ ਅਫ਼ਸਰ ਸ਼ਾਇਰ ਗੁਰਪ੍ਰੀਤ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਇਹ ਖੂਬਸੂਰਤੀ ਹੈ ਕੀ ਇਸ ਕੋਲ ਆਪਣੀ ਲਿਪੀ ਹੈ ਤੇ ਸਾਨੂੰ ਸਭ ਨੂੰ ਇਹਦੀ ਵਰਤੋਂ ਕਰਦਿਆਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਦਰਸ਼ਨ ਟੇਲਰ, ਕਰਨ ਭੀਖੀ, ਬਲਦੇਵ ਸਿੱਧੂ, ਅਮਰੀਕ ਭੀਖੀ, ਗੁਰਿੰਦਰ ਔਲਖ, ਭੋਲਾ ਰਾਮ, ਸੁਖਚੈਨ ਸਿੰਘ ਅਤਲਾ, ਗੁਰਤੇਜ ਸਿੰਘ, ਅਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਭੀਖੀ ਵਿਖੇ ਮਾਤ ਭਾਸ਼ਾ ਦੇ ਹੱਕ ’ਚ ਫੇਰੀ ਮੌਕੇ ਜ਼ਿਲ੍ਹਾ ਭਾਸ਼ਾ ਸਟਾਫ਼ ਸਮੇਤ ਸਥਾਨਕ ਨਿਵਾਸੀ। ਫੋਟੋ ਕਰਨ ਭੀਖੀ