ਕਰਨ ਭੀਖੀ
ਭੀਖੀ,17 ਫਰਵਰੀ
“ਵਿਦਿਆਰਥੀਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਲਈ ਵਿਭਿੰਨ ਤਰ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਵਿਦਿਅਕ ਸੰਸਥਾ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਦਾ ਲੋੜੀਂਦਾ ਪ੍ਰਬੰਧ ਕਰੇ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾਦਿ ਰੌਇਲ ਗਰੁੱਪ ਆਫ਼ ਕਾਲਜਿਜ਼,ਬੋੜਾਵਾਲ,ਮਾਨਸਾ ਦੇ ਡਾਇਰੈਕਟਰ ਡਾ.ਕੁਲਦੀਪ ਸਿੰਘ ਬੱਲ ਨੇ ਕਰਦਿਆਂ ਦੱਸਿਆ ਕਿ ਅਸੀਂ ਵਿਸਥਾਰ ਭਾਸ਼ਣਾਂ ਦੀ ਲੜੀ ਤਹਿਤ ਵੱਖੋ-ਵੱਖ ਵਿਸ਼ਾ-ਮਾਹਿਰਾਂ ਨੂੰ ਦੇਸ਼ ਤੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਸੱਦਾ ਦਿੰਦੇ ਹਾਂ। ਏਸੇ ਲੜੀ ਤਹਿਤ ਲਿਵਰਪੂਲ ਯੂਨੀਵਰਸਿਟੀ,ਇੰਗਲੈਂਡ ਦੇ ਲੈਕਚਰਾਰ ਡਾ.ਸੁਖਦੀਪ ਸਿੰਘ ਬੱਲ ਦਾ ਭਾਸ਼ਣ ‘ਸਿਹਤ-ਸੰਭਾਲ ਲਈ ਆਟੋਮੈਟਿਕ ਟੂਲ: ਮੈਡੀਕਲ ਚਿੱਤਰ ਵਿਸ਼ਲੇਸ਼ਣ ਵਿੱਚ ਮਸਨੂਈ ਬੁੱਧੀ’ ਵਿਸ਼ੇ ‘ਤੇ ਕਰਵਾਇਆ ਗਿਆ। ਸਭ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ਡਾ.ਸੁਖਦੀਪ ਸਿੰਘ ਬੱਲ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸ਼ਮ੍ਹਾਂ ਰੌਸ਼ਨ ਦੀ ਰਸਮ ਨਾਲ ਮੁੱਖ ਵਕਤਾ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ। ਡਾ.ਸੁਖਦੀਪ ਸਿੰਘ ਬੱਲ ਦਾ ਰਸਮੀ ਸਵਾਗਤ ਕਰਦਿਆਂ ਡਾ.ਸਰਾਂ ਨੇ ਕਿਹਾ ਕਿ ਸਾਡੇ ਸਭ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਯੂਨੀਵਰਸਿਟੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਡਾ.ਬੱਲ ਨੇ ਸਾਡਾ ਸੱਦਾ ਕਬੂਲਦਿਆਂ ਸਾਨੂੰ ਮਾਣ ਬਖ਼ਸ਼ਿਆ ਹੈ। ਓਹਨਾਂ ਵਿਦਿਆਰਥੀਆਂ ਨਾਲ ਡਾ.ਸੁਖਦੀਪ ਸਿੰਘ ਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਇਹਨਾਂ ਨੇ ਆਪਣੀ ਡਾਕਟਰੇਟ ਯੂਨੀਵਰਸਿਟੀ ਆਫ਼ ਲਿਵਰਪੂਲ ਤੋਂ ਕੀਤੀ ਹੈ ਤੇ ਉਹ ਹੁਣ ਯੂਨੀਵਰਸਿਟੀ ਆਫ਼ ਆਕਸਫੋਰਡ ਦੇ ਪੋਸਟ ਡੋਕਟਰਲ ਰਿਸਰਚ ਫੈਲੋ ਵੀ ਹਨ।ਓਹਨਾਂ ਨੂੰ ਐਸੋਸੀਏਟ ਫੈਲੋ ਆਫ਼ ਹਾਇਰ ਐਜ਼ੂਕੇਸ਼ਨ ਅਕੈਡਮੀ,ਯੂਨਾਇਟਡ ਕਿੰਗਡਮ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਆਪਣੀ ਪੇਸ਼ਕਾਰੀ ਵਿੱਚ ਡਾ.ਸੁਖਦੀਪ ਸਿੰਘ ਬੱਲ ਨੇ ਪਾਵਰ-ਪੁਆਂਇਟ ਪੇਸ਼ਕਾਰੀ ਦੀਆਂ ਖ਼ੂਬਸੂਰਤ ਸਲਾਇਡਾਂ ਨਾਲ ਆਪਣੇ ਵਿਸ਼ੇ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਓਹਨਾਂ ਨੇ ਮੈਡੀਕਲ ਸਾਇੰਸ ਵਿੱਚ ਮਸਨੂਈ ਆਧੁਨਿਕਤਾ ‘ਤੇ ਹੋ ਰਹੀਆਂ ਖੋਜਾਂ ਤੇ ਇਸਦੇ ਲਾਭਾਂ ਨੂੰ ਵਿਦਿਆਰਥੀਆਂ ਨੂੰ ਦਰਸਾਇਆ। ਓਹਨਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਦੀ ਮਦਦ ਨਾਲ ਮਨੁੱਖੀ ਦਿਮਾਗ ਦਾ ਵਿਸਥਾਰਤ ਅਧਿਐਨ ਕਰਦਿਆਂ,ਇਸ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਜਾਂ ਬਿਮਾਰੀਆਂ ਦਾ ਬੜੀ ਬਾਰੀਕੀ ਤੇ ਸਪੱਸ਼ਟਤਾ ਨਾਲ ਪਤਾ ਲਗਾਇਆ ਜਾ ਸਕਦਾ ਹੈ। ਵਿਦਿਆਰਥੀਆਂ ਤੇ ਸਟਾਫ਼ ਨੇ ਓਹਨਾਂ ਦੇ ਭਾਸ਼ਣ ਤੇ ਪੇਸ਼ਕਾਰੀ ਨੂੰ ਬੜੇ ਗਹੁ ਨਾਲ ਸੁਣਿਆ ਤੇ ਵੇਖਿਆ। ਪ੍ਰੋਗਰਾਮ ਦੇ ਅਖ਼ੀਰ ਵਿੱਚ ਡਾ. ਸੁਖਦੀਪ ਸਿੰਘ ਬੱਲ ਨੂੰ ਕਾਲਜ ਵੱਲੋਂ ਯਾਦ ਚਿੰਨ੍ਹ ਭੇਂਟ ਕੀਤਾ ਗਿਆ। ਮੰਚ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਸਮਨਦੀਪ ਕੌਰ ਨੇ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ.ਭੁਪਿੰਦਰ ਸਿੰਘ, ਲਾਇਬ੍ਰੇਰੀ ਵਿਭਾਗ ਦੇ ਮੁਖੀ ਅ.ਪ੍ਰੋ.ਵਨੀਤਾ ਰਾਣੀ,ਅ.ਪ੍ਰੋ.ਹੈਪੀ ਸਿੰਘ,ਅ.ਪ੍ਰੋ.ਸਿਮਰਨਜੀਤ,ਅ.ਪ੍ਰੋ. ਗਗਨਦੀਪ,ਅ.ਪ੍ਰੋ. ਬੇਅੰਤ ਕੌਰ,ਅ.ਪ੍ਰੋ,ਸ਼ਿੱਪੂ ਤੇ ਅ.ਪ੍ਰੋ. ਨੈਨਾ ਆਦਿ ਹਾਜ਼ਰ ਸਨ।
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਵਿਖੇ ਕਰਵਾਇਆ ਅੰਤਰਰਾਸ਼ਟਰੀ ਭਾਸ਼ਣ

Leave a comment