30 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਅਸ਼ਵਨੀ ਕਪੂਰ ਦੀਆਂ ਹਦਾਇਤਾਂ ’ਤੇ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਸਮਾਜ ਵਿਰੋਧੀ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਤਿੰਨ ਵਿਅਕਤੀਆਂ ਨੂੰ 2 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦ ਕਿ ਇਹਨਾਂ ਦਾ ਇੱਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਭਿੱਖੀਵਿਡ ਦੇ ਡੀ.ਐੱਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁੱਖੀ ਭਿੱਖੀਵਿੰਡ ਇੰਸਪੈਕਟਰ ਮੋਹਿਤ ਕੁਮਾਰ ਅਤੇ ਏ.ਐੱਸ.ਆਈ ਸੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਲਿੰਕ ਰੋਡ ਪਿੰਡ ਪਹੂਵਿਡ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਪਿੰਡ ਦਰਾਜਕੇ ਵਾਲੀ ਸਾਈਡ ਤੋ ਇੱਕ ਐਕਟਿਵਾ ਰੰਗ ਗ੍ਰੇਅ ਉਪਰ ਸਵਾਰ ਦੋ ਮੋਨੇ ਨੋਜਵਾਨ ਵਿਅਕਤੀ ਆਉਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਯਕਦਮ ਬਰੇਕ ਮਾਰ ਕੇ ਪਿੱਛੇ ਨੂੰ ਮੁੜਨ ਲੱਗੇ, ਜਿੰਨਾ ਨੂੰ ਪੁਲਸ ਪਾਰਟੀ ਵੱਲੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਐਕਟਿਵਾ ਚਾਲਕ ਨੇ ਆਪਣਾ ਨਾਮ ਅਜੇ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 13 ਖੇਮਕਰਨ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਅਸ਼ੀਸ ਉਰਫ ਆਸ਼ੂ ਪੁੱਤਰ ਵਿਜੇ ਮਸੀਹ ਵਾਸੀ ਵਾਰਡ ਨੰਬਰ 06 ਖੇਮਕਰਨ ਦੱਸਿਆ । ਜਿਸ ਨੇ ਆਪਣੇ ਮੋਢਿਆ ਪਰ ਇੱਕ ਕਾਲਾ ਜਾਮਨੀ ਰੰਗ ਦੀ ਕਿੱਟ ਪਾਈ ਹੋਈ ਸੀ ਤਾਂ ਜਦੋਂ ਡੀ.ਐੱਸ.ਪੀ ਪ੍ਰੀਤ ਇੰਦਰ ਸਿੰਘ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਕਿੱਟ ਦੀ ਤਲਾਸ਼ੀ ਕਰਨ ‘ਤੇ ਉਸ ਵਿੱਚੋਂ 2 ਕਿੱਲੋ ਹੈਰੋਇਨ ਬ੍ਰਾਮਦ ਹੋਈ । ਉਹਨਾਂ ਦੱਸਿਆ ਕਿ ਜਦੋਂ ਉਪਰੋਕਤ ਦੋਨਾਂ ਨੌਜਵਾਨਾਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਵਿੱਚ ਉਹਨਾਂ ਦਾ ਇੱਕ ਹੋਰ ਸਾਥੀ ਜਿਸ ਦਾ ਨਾਮ ਸਾਜਨ ਉਰਫ਼ ਲੱਕੀ ਪੁੱਤਰ ਬੋਹੜ ਸਿੰਘ ਵਾਸੀ ਵਾਰਡ ਨੰ: 3 ਖੇਮਕਰਨ ਵੀ ਸ਼ਾਮਿਲ ਹੈ ਨੂੰ ਪੁਲਸ ਵੱਲੋਂ ਕੁਝ ਸਮੇਂ ਵਿੱਚ ਹੀ ਕਾਬੂ ਕਰ ਲਿਆ ਗਿਆ ਅਤੇ ਇਹਨਾਂ ਤਿੰਨਾਂ ਨੌਜਵਾਨਾਂ ਦਾ ਇੱਕ ਹੋਰ ਸਾਥੀ ਜਿਸ ਦਾ ਨਾਮ ਬਲਵੀਰ ਸਿੰਘ ਵਾਸੀ ਮਾੜੀ ਉਧੋਕੇ ਅਜੇ ਪੁਲਿਸ ਦੀ ਗ੍ਰਿਫ਼ ਚੋਂ ਬਾਹਰ ਹੈ। ਜਿਸ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ.ਐੱਸ.ਪੀ ਨੇ ਦੱਸਿਆ ਕਿ ਭਿੱਖੀਵਿੰਡ ਪੁਲਸ ਵੱਲੋਂ ਫੜੇ ਗਏ ਤਿੰਨੋ ਨੌਜਵਾਨਾਂ ਅਤੇ ਫਰਾਰ ਹੋਏ ਇਹਨਾਂ ਦੇ ਇੱਕ ਹੋਰ ਸਾਥੀ ‘ਤੇ ਮੁਕਦਮਾ ਨੰਬਰ 31, ਮਿਤੀ 30/03/2024 ਜੁਰਮ 21ਸੀ/29/61/85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਕਿਉਂਕਿ ਇਹਨਾਂ ਪਾਸੋਂ ਕਈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।