ਤੁਰ ਗਿਆ ਦੱਦਾ ਦੇਸ ਰਾਜ ਕਾਲੀ..???
ਚਿੱਤ ਮੰਨਣ ਨੂੰ ਤਿਆਰ ਨਹੀਂ…
ਪਰ ਮੌਤ ਚਿੱਤ ਦੀ ਕਦ ਸੁਣਦੀ ਹੈ..ਉਹ ਤਾਂ ਬਸ ਆਪਣੇ ਚਿੱਤ ਦੀ ਕਰਦੀ ਹੈ…ਖੋਹ ਕੇ ਲੈ ਗਈ ਹੀਰਾ..
ਅਜੇ ਤਾਂ ਆਪਾਂ ਪਿਆਰੇ ਤਰਲੋਚਨ ਦੀ ਰਾਖ ਵੀ ਨਹੀਂ ਸਾਂ ਫਰੋਲ ਸਕੇ..ਇਕ ਜ਼ਹੀਨ ਬੰਦੇ ਦੀ ਕਬਰ ਹੋਰ ਤਿਆਰ ਹੋ ਗਈ..
ਕਿੰਨਾ ਕੁਝ ਯਾਦ ਆ ਰਿਹਾ ਹੈ ਤੇਰਾ..ਤੇਰੇ ਜਾਣ ਮਗਰੋਂ..
ਧੁਰ ਅੰਦਰੋਂ ਮੌਲਿਕ ਅਤੇ ਖਾਲਸ ਬੰਦਾ।।। ਵਰਤਾਰਿਆਂ ਨੂੰ ਐਨ ਵੱਖੀ ‘ਚੋਂ ਫੜਨ ਵਾਲਾ.. ਉਹ ਕਿਸੇ ਘਟਨਾ ਦੀ ਤੰਦ ਨੂੰ ਉਥੋਂ ਛੋਹ ਲੈਂਦਾ ਸੀ, ਜਿਥੋਂ ਕਈ ਵਾਰ ਅਸੀਂ ਸੋਚ ਵੀ ਨਹੀਂ ਸਕਦੇ ਸਾਂ।
ਮਸਲਾ ਚਾਹੇ ਅਧਿਆਤਮ ਦਾ ਹੁੰਦਾ ਜਾਂ ਰੋਮਾਂਸ ਦਾ, ਤਤਕਾਲ ਦਾ ਹੁੰਦਾ ਜਾਂ ਚਿਰਕਾਲ ਦਾ…ਮਨ ਦਾ ਹੁੰਦਾ ਜਾਂ ਤਨ
ਦਾ…ਅੰਦਰ ਦਾ ਹੁੰਦਾ ਜਾਂ ਬਾਹਰ ਦਾ..ਉਹ ਦਲੀਲ ਦਾ ਘਣ ਏਨੀ ਸ਼ਿੱਦਤ ਨਾਲ ਵਾਹੁੰਦਾ ਸੀ ਕਿ ਵਰਤਾਰਾ ਲੋਹੇ ਵਾਂਗ ਮੂਹਰੇ ਲੱਗ ਤੁਰਦਾ…
ਸਿਰ ਤੇ ਪੋਲਾ ਜਿਹਾ ਹੱਥ ਧਰ ਕੇ ਉਸ ਨੂੰ ਇਲਹਾਮ ਹੁੰਦਾ ਸੀ ਅਤੇ ਉਹ ਕਿੰਨੇ ਹੀ ਬੇਸਿਰਿਆਂ ਨੂੰ ਉਧੇੜ ਕੇ ਰੱਖ ਦਿੰਦਾ ਸੀ।
ਇਸ ਗੱਲ ਦੀ ਉਸ ਨੇ ਕਦੇ ਪਰਵਾਹ ਹੀ ਨਹੀਂ ਕੀਤੀ ਸੀ ਕਿ ਉਸਦੀ ਕਹੀ ਗੱਲ ਕਿਸੇ ਦੇ ਗੋਡੇ ਵਜਦੀ ਹੈ ਕਿ ਗਿੱਟੇ.. ਬਸ ਜੋ ਸੋਚਦਾ ਸੀ, ਓਵੇਂ ਬੋਲਦਾ ਸੀ..ਬਿਨਾ ਕਿਸੇ ਮੇਕ ਅਪ ਤੋਂ..
ਹਰ ਬੰਦਾ ਉਸ ਨੂੰ ਸੁਣਨਾ ਲੋਚਦਾ…ਤੇ ਉਹ ਸੁਣਾਉਣ ਵਾਲੇ ਦੀ ਤਸੱਲੀ ਕਰਾ ਕੇ ਤੋਰਦਾ।
ਕਮਾਲ ਦਾ ਰੀਸੋਰਸਫੁੱਲ ਬੰਦਾ… ਹਰ ਵੇਲੇ ਬੈਟਰੀ ਚਾਰਜ..ਅੰਦਰ ਕਿੰਨੇ ਹੀ ਸੈਲ ਇੱਕੋ ਵੇਲੇ ਐਕਟਿਵ..ਦੁਨੀਆ ਭਰ ਦੇ ਜ਼ਹੀਨ ਬੰਦਿਆਂ ਨਾਲ ਰਾਬਤਾ ਸੀ ਉਸ ਦਾ..ਮਿੰਟਾਂ ਸਕਿੰਟਾਂ ਵਿਚ ਫੋਨ ਘੁਮਾ ਕੇ ਵੱਡੇ ਵੱਡੇ ਸੰਗੀਤਕਾਰਾਂ, ਨ੍ਰਿਤਕਾਰਾਂ, ਚਿੰਤਕਾਂ, ਪੱਤਰਕਾਰਾਂ ਨਾਲ ਸੰਪਰਕ ਸਾਧ ਲੈਂਦਾ ਸੀ ਉਹ ਤੇ ਪਲਾਂ ਵਿਚ ਵੱਡੇ ਵੱਡੇ ਪ੍ਰੋਗਰਾਮ ਡਿਜ਼ਾਈਨ ਕਰ ਦਿੰਦਾ ਸੀ..
ਪੱਤਰਕਾਰੀ ਵਿਚ ਬੇਬਾਕੀ ਦਾ ਜਿਹੜਾ ਅਰਲਾਕੋਟ ਕਾਲੀ ਗੱਡ ਗਿਆ, ਉਸ ਤੋਂ ਪਾਰ ਜਾਣਾ ਹਾਰੀ ਸਾਰੀ ਦਾ ਕੰਮ ਨਹੀਂ। ਉਸ ਨੇ ਸਾਧਾਰਨ ਪੱਤਰਕਾਰੀ ਨੂੰ ਅੱਖਰਾਂ ਦਾ ਅਨੁਪ੍ਰਾਸ ਬਣਾ ਕੇ ਰਮਜਾਂ ਨਾਲ ਭਰਪੂਰ ਕਰ ਦਿੱਤਾ। ਉਸ ਲਈ ਸੱਸਾ ਸਾਹਿਤ ਵੀ ਸੀ ਅਤੇ ਸੱਸਾ ਸਿਆਸਤ ਵੀ ਸੀ। ਪਰ ਉਹ ਸਾਹਿਤ ਦੀ ਸਿਆਸਤ ਤੇ ਵੀ ਬੇਬਾਕੀ ਨਾਲ ਉਂਗਲ ਧਰਦਾ ਸੀ ਅਤੇ ਸਿਆਸਤ ਦੇ ਦੰਭ ਨੂੰ ਵੀ ਸਾਹਿਤਕ ਅੰਦਾਜ਼ ਵਿਚ ਡੂੰਘੀਆਂ ਟਕੋਰਾਂ ਲਾਉਂਦਾ ਸੀ।
ਕਿੰਨੀਆਂ ਹੀ ਸੰਸਥਾਵਾਂ ਦਾ ਮੈਂਬਰ..ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਦੇ ਤੌਰ ਕਿੰਨੇ ਹੀ ਵਿਲੱਖਣ ਪ੍ਰੋਗਰਾਮ ਕਰਵਾਏ..ਦੇਸ਼ ਭਗਤ ਹਾਲ ਵਿਚ ਵੱਖਰੀ ਤਰ੍ਹਾਂ ਦੇ ਪ੍ਰੋਗਰਾਮ ਕਰਾ ਕੇ ਵੱਖਰੀ ਤਰ੍ਹਾਂ ਦੇ ਦਰਸ਼ਕਾਂ ਤਕ ਰਸਾਈ ਕਰਦਾ ਰਹਿੰਦਾ…
ਮੌਲਿਕਤਾ,ਵਿਲਖਣਤਾ ਅਤੇ ਰਵਾਨੀ ਉਸ ਦੇ ਸੁਭਾਅ ਵਿਚ ਸੀ..ਉਹ ਜਿਸ ਮਿੱਟੀ ਦਾ ਬਣਿਆ ਸੀ, ਉਸੇ ਨਾਲ ਹੀ ਆਪਣੀ ਘਾੜਤ ਘੜਦਾ ਸੀ…
ਸਭ ਤੋਂ ਕਮਾਲ ਸੀ ਉਸ ਦਾ ਨਾਥ ਚੌਰੇ ਦਾ ਡੇਰਾ..ਜਿੱਥੇ ਉਹ ਲੰਬੀਆਂ ਮਹਿਫਲਾਂ ਲਗਾਉਂਦਾ..ਸ਼ਰਾਬ ਤੋਂ ਲੈਕੇ ਅਦਬ… ਮੌਸੀਕੀ…ਤਨਕੀਦ.. ਤਸ਼ਰੀਹ…ਉਨਮਾਦ..ਵਿਸਮਾਦ..ਸਭ ਕੁਝ ਮਿਲਦਾ ਇਸ ਮਹਿਫ਼ਲ ਚੋਂ..ਤੇ ਉਹ ਟਿੱਲੇ ਵਾਲੇ ਸਾਧ ਜਿਉਂ ਆਪਣੇ ਖਿਆਲਾਂ ਦੀ ਹੀਰ ਨੂੰ ਹਾਕਾਂ ਮਾਰਦਾ…
ਉਸ ਨੇ ਕਦੇ ਹਾਫ਼ਿਜ਼ ਸਿਰਾਜ਼ੀ ਇਹ ਸ਼ਿਅਰ ਕੋਟ ਕੀਤਾ ਸੀ :
ਜਦੋਂ ਬੌਣੇ ਬਾਦਸ਼ਾਹ
ਮਾਸੂਮ ਲੋਕਾਂ ਨੂੰ
ਜਿੰਦਰਿਆਂ ‘ਚ ਕੈਦ ਕਰ
ਅਰਾਮ ਦੀ ਨੀਂਦ ਸੌਂਦੇ ਹਨ
ਤਾਂ ਅਸੀਂ ਫਕੀਰ ਹਾਂ
ਜੋ ਸਾਰੀ ਰਾਤ ਚਾਬੀਆਂ ਵੰਡਦੇ ਫਿਰਦੇ ਹਾਂ!
ਵਜਦ ਵਿਚ ਆਕੇ ਉੱਚੀ ਬੋਲਣਾ, ਖਿੜ ਖਿੜਾ ਕੇ ਹੱਸਣਾ..ਗੋਲੀ ਜਿਉਂ ਦਲੀਲ ਨੂੰ ਠਾਹ ਕਰਕੇ ਮਾਰਨਾ…ਮਹਿਫਲਾਂ ਨੂੰ ਕੀਲ ਲੈਣਾ…ਉਸ ਦੇ ਕਮਾਲ ਦੇ ਅੰਦਾਜ਼ ਸੀ..
1 ਅਗਸਤ ਤੋਂ ਬਾਅਦ ਉਸ ਦਾ ਬਰਕਤਾਂ ਚੈਨਲ ਚੁੱਪ ਸੀ..ਕੁਝ ਦਿਨ ਉਸ ਦਾ ਨੋਟਿਸ ਨਾ ਲਿਆ…ਪਰ ਪਿਛਲੇ ਕਈ ਦਿਨ ਤੋਂ ਦਿਲ ਧੜਕਦਾ ਸੀ ਕਿ ਖ਼ੈਰ ਹੋਵੇ..
ਪਰ ਖ਼ੈਰ ਹੋਈ ਨਾ…
ਤੁਰ ਗਿਆ ਨਾਥ ਚੌਰਾ…ਫੱਕਰਾਂ ਵਾਂਗ…ਭਰੀਆਂ ਭਰਾਈਆਂ ਮਹਿਫਲਾਂ ਨੂੰ ਉਦਾਸ ਕਰਕੇ..
ਇੱਕੋ ਗੱਲ ਜੋ ਕਿ ਕਿਸੇ ਨੂੰ ਬੇਵਕਤੀ ਲੱਗ ਸਕਦੀ ਹੈ..
ਜਦ ਕੋਈ ਕਾਲੀ ਵਰਗਾ ਬੰਦਾ ਨਾਥ ਚੌਰਾ ਬਣਦਾ ਹੈ ਤਾਂ ਆਪਣੀਆਂ ਬਾਦਸ਼ਾਹੀਆਂ ਦੇ ਨਾਲ ਨਾਲ ਆਪਣੇ ਲਈ ‘ ਕੁਝ ਹੋਰ ‘ ਵੀ ਲਿਖ ਰਿਹਾ ਹੁੰਦਾ ਹੈ। ਉਸ ਨੂੰ ਅਸੀਂ ਪੜ੍ਹਦੇ ਹੋਏ ਵੀ ਪਤਾ ਨਹੀਂ ਕਿਉਂ ਅੱਖੋਂ ਪਰੋਖੇ ਕਰਦੇ ਹਾਂ..
ਸਾਨੂੰ ਅਜਿਹੇ ਬਹੁਤ ਸਾਰੇ ਨਾਥ ਚੌਰਿਆਂ ਦੀ ਬੇਹੱਦ ਜ਼ਰੂਰਤ ਹੈ..ਪਰ ਇਹ ਨਾਥ ਚੌਰੇ ਘੜੀ ਪਲ ਦੀ ਮਹਿਫ਼ਲ ਲਗਾ ਕੇ ਨਾ ਛੱਡ ਜਾਣ..ਇਹ ਵੀ ਅਸੀਂ ਸੋਚਣਾ ਹੈ..
ਸਾਡੇ ਆਲੇ ਦੁਆਲੇ ਅਜਿਹੇ ਹੋਰ ਟਿੱਲੇ ਵੀ ਉੱਸਰ ਰਹੇ ਹਨ.. ਉੱਸਰਨੇ ਚਾਹੀਦੇ ਹਨ..ਪਰ ਇਹ ਟਿੱਲੇ ..ਇਹ ਨਾਥ ਚੌਰੇ..ਇਸ ਤਰ੍ਹਾਂ ਆਪਣੀ ਹੀ ਰਾਖ ਵਿਚ ਭਸਮ ਨਾ ਹੋ ਜਾਣ..ਇਹ ਵੀ ਅਸੀਂ ਹੀ ਸੋਚਣਾ ਹੈ ਅਤੇ ਵਕਤ ਰਹਿੰਦੇ ਸੋਚਣਾ ਹੈ..
ਇਹ ਗੱਲ ਭਰੇ ਮਨ ਨਾਲ ਇਸ ਲਈ ਲਿਖ ਰਿਹਾ ਹਾਂ ਕਿ ਨਾਥ ਚੌਰੇ ਤਾਂ ਤੁਰ ਜਾਂਦੇ ਹਨ, ਪਰ ਮਗਰੋਂ ਜੋ ਖਲਾਅ ਪੈਦਾ ਹੁੰਦਾ ਹੈ, ਉਸ ਨੂੰ ਸਦੀਆਂ ਤੀਕ ਵੀ ਭਰਿਆ ਨਹੀਂ ਜਾ ਸਕਦਾ..
ਅਲਵਿਦਾ ਦੱਦਾ ਦੇਸ ਰਾਜ ਕਾਲੀ..
ਤੇਰੀ ਘਾਟ ਨਹੀਂ ਪੂਰੀ ਹੋ ਸਕਦੀ..ਬਸ ਤੇਰੇ ਵਰਗਾ ਤੂੰ ਸੀ.. ਸਿਰਫ਼ ਤੂੰ…
ਕੁਲਦੀਪ ਸਿੰਘ ਦੀਪ