ਸਵੇਰ ਦਾ ਹੀ ਮੌਕਾ ਸੀ। ਸਰਦੀ ਸੀ। ਦਰਬਾਰੇ ਅਮਲੀ ਦਾ ਦਰਵਾਜਾ ਬੰਦ ਸੀ। ਅੰਦਰੋਂ ਧੂੰਆਂ ਉਠ ਰਿਹਾ ਸੀ। ਕੁੱਤੀ ਭੌਂਕ ਰਹੀ ਸੀ। ਅਮਲੀ ਸਵੇਰੋ-ਸਵੇਰੀ ਇਕ ਧੁੰਨ ਗਾ ਰਿਹਾ ਸੀ:
-“ਚਿੱਟਿਆਂ ਰੁਮਾਲਾਂ ਨੂੰ – ਅੱਜ ਲਾਦੇ ਨੀ ਚੰਦ ਕੁਰੇ ਗੋਟਾ…!” ਅਵਾਜ਼ ਘੱਗੀ ਸੀ। ਪਰ ਫਿਰ ਵੀ ਅਵਾਜ਼ ਵਿਚੋਂ ਟਾਂਕੇ “ਮਾਵੇ” ਦੀ ਝਲਕ ਪੈਂਦੀ ਸੀ। ਬੌਣਾਂ ਅੰਦਰੋਂ ਆਉਂਦੀ ਅਵਾਜ਼ ਸੁਣ ਕੇ ਰੁਕ ਗਿਆ।
-“ਉਏ ਅਮਲੀਆ…!” ਉਸ ਨੇ ਹੋਕਰਾ ਮਾਰਿਆ।
-“…………..।” ਅੰਦਰੋਂ ਕੋਈ ਅਵਾਜ਼ ਨਾ ਆਈ। ਪਰ ਗੁਣਗੁਣਾਹਟ ਬੰਦ ਹੋ ਗਈ ਅਤੇ ਭੂਸਲੀ ਕੁੱਤੀ ਨੇ ਬੰਦ ਦਰਵਾਜੇ ਨਾਲ ਪੌਡੇ ਆ ਲਾਏ। ਭੌਂਕ-ਭੌਂਕ ਕੇ ਉਹ ਬੁਰਾ ਹਾਲ ਕਰ ਰਹੀ ਸੀ।
-“ਅਮਲੀਆ ਕਦੇ ਪਹਿਲੇ ਬੋਲ ਵੀ ਬੋਲ ਪਿਆ ਕਰ-ਕੰਜਰ ਦਿਆ-ਹੱਟ ਕਤੀੜ੍ਹੇ…!” ਬੌਣੇ ਨੇ ਤਖ਼ਤੇ ਨਾਲ ਸੋਟੀ ਖੜਕਾਈ। ਪਰ ਕੁੱਤੀ ਹੋਰ ਭੜਕ ਪਈ।
-“ਕੁੱਤੀ ਵੀ ਅਮਲੀ ਕੀ ਬੁੜ੍ਹੀ ਅਰਗੀ ਕੌੜ ਐ ਸਾਲੀ।” ਗੁੱਝੀ ਗੱਲ ਕਰਕੇ ਬੌਣਾਂ ਹੱਸ ਪਿਆ।
-“ਕੌਣ ਐਂ…?” ਅੰਦਰੋਂ ਅਮਲੀ ਨੇ ਕੁੱਤੀ ਨੂੰ ਬੁਸ਼ਕਾਰਿਆ, “ਹੱਟ ਜਾਹ ਰਾਣੋਂ! ਹੱਟ ਜਾਹ ਮੇਰੀ ਬੁਗਨੋਂ…! ਕੁੱਤਿਆਂ ਬਿੱਲਿਆਂ ਨੂੰ ਦੇਖ ਕੇ ਨਾ ਭੌਂਕਣ ਲੱਗ ਜਿਆ ਕਰ, ਹੱਟ ਜਾਹ ਮੇਰੀ ਨਖਰੋ…!”
-“ਮੈਂ ਆਂ ਪਿਸ਼ੌਰਾ ਸਿਉਂ।” ਉਸ ਨੇ ਬੜੇ ਮਾਣ ਨਾਲ ਦੱਸਿਆ।
-“ਕੌਣ…?”
-“ਪਿਸ਼ੌਰਾ ਸਿਉਂ…!”
-“ਕੁੱਤੀ ਜਾਤ ਦੁਪਿਹਰੇ ਗਿੱਧਾ-ਸਾਲਾ ਪਿਸ਼ੌਰਾ ਸਿਉਂ ਦਾ! ਸਿੱਧੇ ਗੇੜੇ ਦੇਹ ਖਾਂ ਬਈ ਮੈਂ ਬੌਣਾਂ ਨੰਗ ਐਂ!” ਕੁੱਤੀ ਨੂੰ ਸੰਗਲੀ ਪਾ ਕੇ ਅਮਲੀ ਨੇ ਦਰਵਾਜਾ ਖੋਲ੍ਹ ਦਿੱਤਾ।
ਬੌਣਾਂ ਅੰਦਰ ਲੰਘ ਆਇਆ।
ਅਮਲੀ ਨਹਾ ਰਿਹਾ ਸੀ। ਉਸ ਦੇ ਪਿੰਜਰ ਸਰੀਰ ਤੋਂ ਗਰਮ ਪਾਣੀ ਦੀ ਭਾਫ਼ ਥਰਮਲ ਪਲਾਂਟ ਦੇ ਧੂੰਏਂ ਵਾਂਗ ਉਠ ਰਹੀ ਸੀ।
-“ਤੜਕੋ ਤੜਕੀ ਨ੍ਹਾਈ ਜਾਨੈਂ ਅਮਲੀਆ, ਮਰਨੈਂ?”
-“ਯਾਰ ਲੋਕ ਪਤਾ ਨ੍ਹੀ ਮ੍ਹੀਨਾਂ-ਮ੍ਹੀਨਾਂ ਕਿਮੇਂ ਨ੍ਹੀ ਨ੍ਹਾਉਂਦੇ, ਸਾਡੇ ਸਾਲੀ ਅਣੱਤੀਵੇਂ ਦਿਨ ਖੁਰਕ ਲੜਨ ਲੱਗ ਪੈਂਦੀ ਐ।” ਅਮਲੀ ਖ਼ੀਂ-ਖ਼ੀਂ ਕਰਕੇ ਹੱਸਿਆ।
-“ਜਾੜ੍ਹਾਂ ਜੀਆਂ ਕੱਢੀ ਜਾਨੈਂ, ਜੇ ਜੁੜ ਗਿਆ ਤਾਂ ਤੇਰਾ ਕਿਸੇ ਨੇ ‘ਲਾਜ ਵੀ ਨ੍ਹੀ ਕਰਵਾਉਣਾਂ, ਮਰੀਂ ਕੁੱਤੇ ਦੀ ਮੌਤ!”
-“ਜਿੰਨਾਂ ਚਿਰ ਕਾਲੀ ਨਾਗਣੀਂ ਦੀ ਛਤਰ ਛਾਇਆ ਸਿਰ ‘ਤੇ ਐ, ਜਮਾਂ ਨ੍ਹੀ ਜੁੜਦੇ, ਬੱਦਲ ਗੱਜਦਾ ਨ੍ਹੀ ਸੁਣਦਾ!” ਅਮਲੀ ਦੀ ਬੋਤੇ ਦੇ ਲੇਡੇ ਜਿੰਨੀ ਖਾਧੀ ਲੱਗਦੀ ਸੀ।
ਬੌਣਾਂ ਚੁੱਲ੍ਹੇ ਮੂਹਰੇ ਬੈਠ ਗਰਨ੍ਹੇਂ ਦੀਆਂ ਸੀਖਣੀਆਂ ਡਾਹੁੰਣ ਲੱਗ ਪਿਆ। ਅੱਗ ਛੱਤਣੀਂ ਚੜ੍ਹ ਗਈ ਸੀ।
-“ਕਿਮੇਂ ਆਇਐਂ…?”
-“ਕਾਹਦਾ ਆਇਐਂ ਯਾਰ! ਜਰਾਬਰਾ ਜਿਆ ਹੋਇਆ ਪਿਐ, ਸਿਰ ਘਾਊਂ ਮਾਊਂ ਜਿਆ ਹੋਈ ਜਾਂਦੈ, ਕੰਨਾਂ ‘ਚ ਜਾਣੀਂ ਦੀ ਸੀਟੀਆਂ ਵੱਜੀ ਜਾਂਦੀਐਂ, ਹੱਡ ਕੜੱਚ ਕੜੱਚ ਕਰੀ ਜਾਂਦੇ ਐ, ਕੰਡਾ ਦੇ ਈ ਦੇਹ ਯਾਰ!”
-“ਕਿਉਂ ਮੁਖਤੀ ਦੀ ਆਈ ਐ? ਤੇਰੀ ਮਾਂ ਸੱਤਾਂ ‘ਤੇ ਬੀਹਾਂ ਦੀ ਤੋਲਾ ਹੋਗੀ!” ਅਮਲੀ ਨੇ ਭਾਅ ਦੱਸਿਆ।
-“ਕਰ ਲਿਆ ਕਰ ਕਿਤੇ ਹੈਦਿਆ ਭਰਾਵਾਂ ‘ਤੇ! ਨਾ ਕਾਰੂੰ ਬਾਦਸ਼ਾਹ ਮਾਂਗੂੰ ਮੁਰਦੇ ਦੇ ਮੂੰਹ ‘ਚੋਂ ਪੈਸਾ ਖਿੱਚਿਆ ਕਰ, ਕੁਛ ਨ੍ਹੀ ਕਿਸੇ ਨੇ ਹਿੱਕ ‘ਤੇ ਧਰ ਕੇ ਲੈ ਜਾਣਾਂ!”
ਪਿੰਡਾ ਪੂੰਝ ਕੇ ਅਮਲੀ ਨੇ ਚੁੱਲ੍ਹੇ ‘ਤੇ ਚਾਹ ਧਰ ਦਿੱਤੀ। ਠੰਢ ਨਾਲ ਉਸ ਦੇ ਲੂੰ-ਕੰਡੇ ਕਰਚਿਆਂ ਵਾਂਗ ਖੜ੍ਹੇ ਸਨ। ਜੁਲਾਹੇ ਦੀ ਤਾਣੀਂ ਵਾਂਗ ਸਾਰਾ ਸਰੀਰ ਕੰਬ ਰਿਹਾ ਸੀ। ਦੰਦ ਛਾਪੇਖਾਨੇ ਦੀ ਮਸ਼ੀਨ ਵਾਂਗ ਵੱਜ ਰਹੇ ਸਨ।
-“ਆ ਜਾ…! ਅੱਗ ਸੇਕ ਲੈ! ਕੰਬਦਾ ਕੰਬਦਾ ਕਿਤੇ ਮੇਰੇ ਉਤੇ ਈ ਨਾ ਡਿੱਗ ਪਈਂ।” ਬੌਣੇ ਨੇ ਵਿਅੰਗ ਕਸਿਆ।
-“ਸਾਲਾ ਕੀ ਲੱਛਣ ਕਰੀ ਜਾਂਦੈ! ਮੈਂ ਮੱਝ ਤਾਂ ਨ੍ਹੀ ਬਈ ਉਤੇ ਡਿੱਗ ਕੇ ਤੇਰਾ ਅੰਗ ਪੈਰ ਤੋੜ ਦਿਊਂ…?” ਉਬਲਦੀ ਚਾਹ ਲਾਹ ਕੇ ਅਮਲੀ ਨੇ ਫ਼ੌਜੀ ਕੱਪਾਂ ਵਿਚ ਚਾਹ ਪਾਉਣੀਂ ਸ਼ੁਰੂ ਕਰ ਦਿੱਤੀ। ਗੁੜ ਦੀ ਗਾਹੜੀ ਚਾਹ ਸ਼ਹਿਦ ਵਰਗੀ ਬਣ ਗਈ ਸੀ।
-“ਅੱਜ ਪੰਚੈਤ ਕਦੋਂ ‘ਕੱਠੀ ਹੋਣੀ ਐਂ…?” ਅਮਲੀ ਚਾਹ ਦੇ ਡੱਕੇ ਚੂਸ ਰਿਹਾ ਸੀ।
-“ਅੱਠ ਵਜੇ…!”
-“ਬੌਣਿਆਂ…! ਜਦੋਂ ਦੀ ਗੱਲ ਸੁਣੀਂ ਐਂ, ਮੇਰਾ ਤਾਂ ਸਰੀਰ ਮੱਚੀ ਜਾਂਦੈ, ਚਿੱਤ ਕਰਦੈ ਪੋਪਲ਼ ਜਿਹੇ ਜੱਟ ਦੇ ਗੋਲੀ ਮਾਰਾਂ।” ਅਮਲੀ ਦੀਆਂ ਨਾੜਾਂ ਡੰਡ ਬੈਠਕਾਂ ਕੱਢਣ ਲੱਗ ਪਈਆਂ।
-“ਕੀ ਕਰੀਏ ਅਮਲੀਆ…? ਮੈਨੂੰ ਤਾਂ ਗੋਹਲ ਅਰਗੀ ਕੁੜੀ ‘ਤੇ ਬੜਾ ਤਰਸ ਆਉਂਦੈ।” ਬੌਣੇਂ ਨੇ ਵਿਚਾਰਾ ਜਿਹਾ ਮੂੰਹ ਬਣਾਂ ਕੇ ਆਖਿਆ, “ਕੁੜੀ ਕਾਹਦੀ ਐ? ਨਿਰੀ ਈ ਗਊ ਐ…!”
-“ਮੈਨੂੰ ਕੰਡਾ ਸਿੱਟ ਲੈਣ ਦੇ ਅੰਦਰ, ਅੱਜ ਸੁਣਾਊਂ ਖਰੀਆਂ, ਚਾਹੇ ਕੁਛ ਹੋਜੇ!” ਅਮਲੀ ਨੇ ਡੱਬੀ ਕੱਢ ਕੇ ਬੌਣੇਂ ਵੱਲ ਕੀਤੀ ਅਤੇ ਆਪ ਵੀ ਇਕ ਡਲੀ ਨਿਘਾਰ ਲਈ।
ਅਸਲ ਵਿਚ ਪਿੰਡ ਵਿਚ ਇਕ ਅਜੀਬ ਘਟਨਾ ਵਾਪਰ ਗਈ ਸੀ। ਜਿਸ ਨੇ ਸਾਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਾਰੇ ਪਿੰਡ ਦੀ ਇੱਜ਼ਤ ਦਾ ਸੁਆਲ ਸੀ। ਪਿੰਡ ਦੀ ਇੱਕ ਕੁੜੀ, ਜਿਸ ਨੂੰ ਵਿਆਹੀ ਨੂੰ ਤਕਰੀਬਨ ਸੱਤ ਸਾਲ ਹੋ ਗਏ ਸਨ। ਉਸ ਦੇ ਘਰਵਾਲਾ ਜਰਮਨ ਵਿਚ ਸੀ। ਇੱਕ ਮਹੀਨੇ ਦੀ ਛੁੱਟੀ ਆਇਆ, ਵਿਆਹ ਕਰਵਾ ਗਿਆ। ਮੁੜ ਸੱਤ ਸਾਲ ਨਾ ਬਹੁੜਿਆ ਅਤੇ ਨਾ ਹੀ ਕੁੜੀ ਨੂੰ ਮੰਗਵਾਇਆ। ਕਈ ਸ਼ੱਕ ਕਰਨ ਲੱਗ ਪਏ ਸਨ ਕਿ ਜਾਂ ਤਾਂ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਜਾਂ “ਸੈੱਟ” ਨਹੀਂ ਸੀ। ਪਹਿਲਾਂ ਤਾਂ ਉਹ ਘਰੋਂ “ਘਾਹ-ਖੋਤ” ਹੀ ਸੀ। ਪਰ ਫਿਰ ਜਿਹੜੇ ਦੋ ਕਿੱਲੇ ਉਸ ਨੂੰ ਆਉਂਦੇ ਸਨ, ਉਹਨਾਂ ਨੂੰ ਬੈਅ ਕਰ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਰਮਨ ਪਹੁੰਚ ਗਿਆ ਸੀ। ਤਿੰਨ ਸਾਲ ਬਾਅਦ ਜਰਮਨ ਤੋਂ ਪਰਤੇ ਨੂੰ ਦਸ ਪੜ੍ਹੀ ਕੁੜੀ ਦਾ ਰਿਸ਼ਤਾ ਹੋ ਗਿਆ।
ਹੁਣ ਸੱਤ ਸਾਲਾਂ ਵਿਚ ਉਸ ਨੇ ਕਾਫ਼ੀ ਨਾਵਾਂ ਕਮਾਇਆ ਹੋਣ ਕਰ ਕੇ ਉਸ ਦੀ ਮੱਤ ਹੀ ਮਾਰੀ ਗਈ। ਦਸ ਪੜ੍ਹੀ ਸੁਨੱਖੀ, ਭਖ਼ਦੇ ਅੰਗਿਆਰ ਵਰਗੀ ਕੁੜੀ ਉਸ ਨੂੰ ਅਨਪੜ੍ਹ ਅਤੇ ਬਦਸੂਰਤ ਦਿਸਣ ਲੱਗ ਪਈ ਸੀ। ਜਿਸ ਕਰਕੇ ਉਸ ਨੇ ਕੁੜੀ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ।
ਕੁੜੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਪ੍ਰਾਹੁਣੇਂ ਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ। ਪਰ ਉਸ ਨੇ ਲੱਤ ਨਾ ਲਾਈ। ਪੰਚਾਇਤਾਂ ਜੁੜੀਆਂ। ਪਰ ਗੱਲ ਨਾ ਬਣੀ। ਇਕ ਸਿੱਧਰੀ, ਦੂਜੀ ਪੈ ਗਈ ਸਿਵਿਆਂ ਦੇ ਰਾਹ, ਵਾਂਗ ਇਕ ਬੂਝੜ ਜੱਟ, ਦੂਜਾ ਜਰਮਨ ਵਿਚ ਅਤੇ ਤੀਜਾ ਪੈਸਾ ਆਮ, ਕਾਫ਼ੀ ਗੱਲਾਂ ਰਲਣ ਕਰਕੇ ਗੱਲ ਵਿਤੋਂ ਬਾਹਰ ਹੋ ਗਈ।
ਅਖੀਰ ਦਾਜ ਵਿਚ ਦਿੱਤਾ ਸਮਾਨ ਮੋੜ-ਮੁੜਾਈ ਕਰਨ ਦਾ ਫ਼ੈਸਲਾ ਹੋ ਗਿਆ। ਪਿੰਡ ਦੀ ਪੰਚਾਇਤ ਨੇ ਆਖਰੀ ਫ਼ੈਸਲਾ ਸੁਣਾਇਆ ਕਿ ਸਮਾਨ ਜਿਸ ਤਰ੍ਹਾਂ ਲੈ ਕੇ ਗਏ ਸੀ, ਉਸੀ ਤਰ੍ਹਾਂ ਛੱਡ ਕੇ ਜਾਉ!
ਖ਼ੈਰ! ਮੁੰਡੇ ਵਾਲੇ ਮੰਨ ਗਏ ਸਨ।
ਅੱਜ ਮੁੰਡੇ ਵਾਲਿਆਂ ਨੇ ਪੰਚਾਇਤ ਦੀ ਮੌਜੂਦਗੀ ਵਿਚ ਸਾਰਾ ਸਮਾਨ ਵਾਪਿਸ ਕਰਨ ਆਉਣਾ ਸੀ। ਪਿੰਡ ਦੇ ਗਰਮ-ਖ਼ਿਆਲੀ ਮੁੰਡੇ “ਸਾਣ” ‘ਤੇ ਲੱਗੇ ਫਿਰਦੇ ਸਨ। ਪਰ ਪੰਚਾਇਤ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੰਦੀ ਸੀ। ਖ਼ੂਨ ਖ਼ਰਾਬੇ ਤੋਂ ਸਾਰਾ ਪਿੰਡ ਹੀ ਡਰਦਾ ਸੀ।
ਖ਼ੈਰ! ਬੌਣਾਂ ਅਤੇ ਅਮਲੀ ਪੌਣੇ ਕੁ ਅੱਠ ਵਜੇ ਸੱਥ ਨੂੰ ਸਿੱਧੇ ਹੋ ਗਏ। ਉਹਨਾਂ ਦੇ ਨਸ਼ੇ ਦੀ ਸੂਈ ਆਨੇ ਵਾਲੀ ਥਾਂ ‘ਤੇ ਸੀ। ਅਮਲੀ ਦਾ ਮੂੰਹ ਧੁੱਪ ਵਿਚ ਲਿਸ਼ਕ ਰਿਹਾ ਸੀ। ਪੱਗ ਦੀ ਤੁਰਲ੍ਹੀ ਗਿੱਧਾ ਪਾ ਰਹੀ ਸੀ।
ਸੱਥ ਵਿਚ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਸੀ। ਸਮਾਨ ਦੀ ਉਡੀਕ ਹੋ ਰਹੀ ਸੀ। ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ। ਕੋਈ ਗੱਲ ਨਹੀਂ ਕਰ ਰਿਹਾ ਸੀ।
ਤਕਰੀਬਨ ਸਾਢੇ ਕੁ ਅੱਠ ਵਜੇ ਅਗਲੇ ਸਮਾਨ ਲੈ ਕੇ ਪਹੁੰਚ ਗਏ। ਸਾਰੀ ਲਿਸਟ ਤਿਆਰ ਸੀ। ਸਮਾਨ ਗਿਣਿਆਂ, ਦੇਖਿਆ, ਪਰਖਿਆ ਗਿਆ। ਸਮਾਨ ਪੂਰਾ ਸੀ। ਉਸ ਤੋਂ ਬਾਅਦ ਮੁੰਡੇ ਦੇ ਬਾਪ ਨੇ ਸਰਪੰਚ ਹੱਥ ਨੋਟਾਂ ਦੀ ਗੁੱਟੀ ਦਿੱਤੀ।
-“ਇਹ ਕੀ?” ਸਰਪੰਚ ਨੇ ਪੁੱਛਿਆ।
-“ਪੂਰਾ ਦਸ ਹਜਾਰ ਰੁਪਈਐ!” ਮੁੰਡੇ ਦੇ ਬਾਪ ਨੇ ਬੜੀ ਆਕੜ ਨਾਲ ਦੱਸਿਆ।
-“ਇਹ ਕਾਹਦੇ ਵਾਸਤੇ ਐ?” ਸਰਪੰਚ ਸਮੇਤ ਸਾਰਾ ਪਿੰਡ ਦੰਗ ਸੀ।
-“ਸਾਡੇ ਵੱਲੋਂ ਕੁੜੀ ਨੂੰ ਮੁਆਵਜਾ!” ਆਖ ਕੇ ਉਸ ਨੇ ਸਾਰੇ ਪਿੰਡ ਦੇ ਫ਼ੱਟ ‘ਤੇ ਲੂਣ ਛਿੜਕ ਦਿੱਤਾ।
ਕੁਰਬਲ-ਕੁਰਬਲ ਹੋਣ ਲੱਗ ਪਈ। ਜੱਟ ਸ਼ਰੇਆਮ ਸਾਰੇ ਪਿੰਡ ਦੀ ਦਾਹੜੀ ਵਿਚ ਮੂਤ ਗਿਆ ਸੀ!
ਅਮਲੀ ਭੂਸਰ ਗਿਆ। ਜਿਵੇਂ ਕਿਸੇ ਨੇ ਉਸ ਦੇ ਜ਼ਖਮ ਦਾ ਖਰੀਂਢ ਉਚੇੜ ਦਿੱਤਾ ਸੀ। ਬਲਦੀ ‘ਤੇ ਤੇਲ ਪਾ ਦਿੱਤਾ ਸੀ। ਉਸ ਅੰਦਰੋਂ ਅੱਗ ਫੁੱਟੀ।
-“ਸਰਪੰਚ ਸਾਅਬ! ਇਕ ਬੇਨਤੀ ਕਰ ਲਵਾਂ?” ਅਮਲੀ ਨੇ ਗਲ ਵਿਚ ਪੱਲੂ ਪਾ ਲਿਆ। ਉਸ ਦੀਆਂ ਅੱਖਾਂ ਗੈਸ ਵਾਂਗ ਜਗ ਰਹੀਆਂ ਸਨ। ਗੁੱਸਾ ਕੋਲੇ ਵਾਂਗ ਭਖ਼ ਰਿਹਾ ਸੀ। ਪਰ ਫਿਰ ਵੀ ਮਾਨਸਿਕ ਸਥਿਤੀ ‘ਤੇ ਕਾਬੂ ਪਾਉਂਦਾ ਹੋਇਆ ਉਹ ਸੰਜੀਦਾ ਸੀ।
-“ਜਰੂਰ ਕਰ!” ਸਰਪੰਚ ਨੇ ਇਜਾਜ਼ਤ ਦੇ ਦਿੱਤੀ। ਅਮਲੀ ਚਾਹੇ ਅਫ਼ੀਮਚੀ-ਭੰਗੀ ਸੀ। ਪਰ ਅਜਿਹੇ ਮੌਕਿਆਂ ‘ਤੇ ਉਹ ਗੱਲ ਬੜੀ ਟਿਕਾਣੇ ਦੀ ਕਰਦਾ ਸੀ।
-“ਕਿਉਂ ਪਿੰਡਾ ‘ਜਾਜਤ ਐ?” ਅਮਲੀ ਨੇ ਬੇਥਵਾ ਸੁਆਲ ਮਾਰਿਆ।
-“ਹਾਂ ਇਜਾਜ਼ਤ ਐ!” ਅੱਧਾ ਪਿੰਡ ਬੋਲਿਆ।
-“ਸਾਡੀ ਧੀ, ਸਾਡੀ ਭੈਣ ਇਹਨਾਂ ਦੇ ਘਰੇ ਪੂਰੇ ਸੱਤ ਸਾਲ ਰਹੀ ਐ, ਤੇ ਸਰਦਾਰ ਜੀ ਦਸ ਹਜਾਰ ਰੁਪਏ ਮੁਆਵਜਾ ਦੇ ਰਹੇ ਐ, ਦੇ ਰਹੇ ਐ ਨਾ….?” ਉਸ ਨੇ ਸਾਰਿਆਂ ਨੂੰ ਪੁੱਛਿਆ।
-“ਹਾਂ…!” ਦੀਆਂ ਅਵਾਜਾਂ ਆਈਆਂ।
-“ਤੇ ਮੈਂ ਸਰਦਾਰ ਜੀ ਨੂੰ ਇਕ ਹੋਰ ਅਰਜ ਕਰੂੰਗਾ, ਜੇ ਮੰਨਣ ਤਾਂ!”
-“ਦੱਸ….?” ਸਰਦਾਰ ਬਾਂਹਾਂ ਦੀ ਕਲੰਘੜੀ ਪਾਈ ਖੜਾ ਸੀ।
-“ਮੇਰੀ ਅਰਜ ਤਾਂ ਇੱਕੋ ਈ ਐ ਬਈ ਜੇ ਸਰਦਾਰ ਜੀ ਆਬਦੀ ਕੁੜੀ ਸਿਰਫ਼ ਇਕ ਰਾਤ ਮੇਰੇ ਕੋਲ ਛੱਡ ਦੇਣ, ਤਾਂ ਮੈਂ ਆਬਦੀ ਸਾਰੀ ਜਮੀਨ ਇਹਨਾਂ ਦੀ ਕੁੜੀ ਦੇ ਨਾਂ ਲੁਆਉਨੈਂ, ਮਨਜੂਰ ਐ…?” ਅਮਲੀ ਨੇ ਕਿਸੇ ਚੰਗੇ ਬੁਲਾਰੇ ਵਾਂਗ ਕਿਹਾ।
-“ਸੁਆਦ ਆ ਗਿਆ…! ਜਿਉਂਦਾ ਰਹਿ ਅਮਲੀਆ…!!” ਮੁਡੀਹਰ ਨੇ ਅਮਲੀ ਦੀ ਗੱਲ ਦਾ ਸੁਆਗਤ ਕੀਤਾ।
-“ਮੂੰਹ ਸੰਭਾਲ ਕੇ ਗੱਲ ਕਰ ਉਏ…!” ਸਰਦਾਰ ਇੰਜਣ ਵਾਂਗ ਭਖ਼ ਉਠਿਆ।
-“ਕਿਉਂ ਸਰਦਾਰ ਜੀ…? ਕਿੰਨਾਂ ਕੁ ਦੁਖ ਲੱਗਿਆ…? ਮਾੜੀ ਜੀ ਗੱਲ ਤੋਂ ਈ ਚੀਕ ਉਠੇ ਓਂ…? ਧੀਆਂ ਭੈਣਾਂ ਦਾ ਦੁੱਖ ਸਭ ਨੂੰ ਈ ਇਕੋ ਜਿਆ ਹੁੰਦੈ, ਥੋਨੂੰ ਕੀ ਪਤੈ ਬਈ ਕਿਵੇਂ ਸਾਡੇ ਸਾਰੇ ਪਿੰਡ ਦਾ ਕਾਲਜਾ ਵੱਢੀਦੈ? ਜਿਸ ਦਿਨ ਦੀ ਇਹ ਗੱਲ ਤੁਰੀ ਐ-ਲੋਕਾਂ ਨੇ ਚੁੱਲ੍ਹੇ ਅੱਗ ਨ੍ਹੀ ਪਾਈ!”
-“………………।” ਸਰਦਾਰ ਬੱਗਾ ਹੋਇਆ ਸੱਥ ਵਿਚਕਾਰ ਖੜ੍ਹਾ ਸੀ।
-“ਸਰਦਾਰ ਜੀ…! ਇਕ ਗੱਲ ਹੋਰ ਕਰੂੰਗਾ, ਕਿਸੇ ਦਾ ਦਿਲ ਦੁਖਾਉਣਾਂ ਚੰਗੀ ਗੱਲ ਨ੍ਹੀ ਹੁੰਦੀ, ਕੰਨਿਆਂ ਦੇ ਹੌਕੇ-ਕੰਨਿਆਂ ਦੀਆਂ ਦੁਰਸੀਸਾਂ, ਕੰਨਿਆਂ ਦੀਆਂ ਆਹਾਂ ਥੋਡਾ ਪ੍ਰੀਵਾਰ ਗਰਕ ਕਰ ਦੇਣਗੀਆਂ, ਸਰਦਾਰ ਜੀ ਮਾਇਆ ਨਾਗਣੀ ਦੇ ਨਸ਼ੇ ਵਿਚ ਥੋਨੂੰ ਕੁਛ ਪਤਾ ਨ੍ਹੀ ਲੱਗ ਰਿਹਾ, ਜੇ ਤੁਸੀਂ ਸਾਰਾ ਟੱਬਰ ਅੱਖਾਂ ‘ਚ ਘਸੁੰਨ ਦੇ-ਦੇ ਨਾ ਰੋਏ ਤਾਂ ਮੇਰੀ ਦਾਹੜੀ ਮੂਤ ਨਾਲ ਮੁੰਨ ਦਿਓ, ਅਜੇ ਵੀ ਮੌਕਾ ਐ, ਡੁੱਲ੍ਹਿਆਂ ਬੇਰਾਂ ਦਾ ਕੁਛ ਨ੍ਹੀ ਵਿਗੜਿਆ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਪਿੱਛੋਂ ਪਤਾ ਲੱਗਦੈ-ਮੈਂ ਬੇਨਤੀ ਕਰਦੈਂ, ਸੰਭਲ ਜਾਵੋ।”
-“……………………।”
-“ਚੱਲ ਆ ਬੌਣਿਆਂ ਚੱਲੀਏ…! ਪੰਚੈਤੇ ਗੁਸਤਾਖੀ ਮਾਫ, ਪਰ ਕਹਿਣੋਂ ਰਿਹਾ ਨ੍ਹੀ ਗਿਆ।” ਉਹ ਤੁਰਿਆ ਜਾਂਦਾ ਕਹਿ ਰਿਹਾ ਸੀ।
…..ਅਗਲੇ ਦਿਨ ਚਾਹਾਂ ਕੁ ਵੇਲੇ ਪਿੰਡ ਵਿਚ ਗੱਲ ਉਡੀ ਕਿ ਉਸੇ ਹੀ ਕੁੜੀ ਦੇ ਸਹੁਰੇ ਕੁੜੀ ਨੂੰ ਲੈਣ ਆਏ ਸਨ! ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੀ ਪੰਚਾਇਤ ਸੀ। ਚਾਹ ਪੀ ਕੇ, ਨਸ਼ਾ ਪੱਤਾ ਕਰਕੇ ਅਮਲੀ ਵੀ ਕਨਸੋਅ ਲੈਣ ਲਈ ਸੱਥ ਵਿਚ ਪਹੁੰਚ ਗਿਆ। ਸਾਰਾ ਪਿੰਡ ਹੈਰਾਨ ਸੀ।
ਗੱਲ ਵਾਕਿਆ ਹੀ ਸੱਚੀ ਨਿਕਲੀ!
-“ਧੰਨਭਾਗ ਜੀ…! ਧੰਨਭਾਗ…!! ਸਵੇਰ ਦਾ ਭੁੱਲਿਆ ਆਥਣ ਨੂੰ ਘਰੇ ਆਜੇ ਤਾਂ ਕੀਹਦੇ ਲੈਣ ਦੇ ਆਂ? ਲਿਆਓ ਸਰਦਾਰ ਜੀ ਥੋਡੇ ਗੋਡੀਂ ਹੱਥ ਲਾਈਏ! ਸ਼ੁਕਰ ਐ ਥੋਡੀ ਅਕਲ ਵਾਪਿਸ ਆਈ ਐ।” ਗੱਲੀਂ ਬਾਤੀਂ ਅਮਲੀ ਨੇ ਸਰਦਾਰ ਜੀ ਦੇ “ਫੁੱਲ ਪਾਉਣੇ” ਸ਼ੁਰੂ ਕਰ ਦਿੱਤੇ।
-“ਤੂੰ ਤਾਂ ਮੇਰੇ ਕਪਾਟ ਖੋਲ੍ਹਤੇ ਬਾਈ ਸਿਆਂ….!” ਸਰਦਾਰ ਨੇ ਅਮਲੀ ਨੂੰ ਜੱਫ਼ੀ ਵਿਚ ਲੈ ਲਿਆ।
ਜਦ ਸਾਰੇ ਪੰਚ-ਸਰਪੰਚ ਸੱਥ ਵਿਚ ਪਹੁੰਚ ਗਏ ਤਾਂ ਸਰਦਾਰ ਜੀ ਗਲ ਵਿਚ ਸਾਫ਼ਾ ਪਾ ਕੇ ਖੜ੍ਹੇ ਹੋ ਗਏ।
-“ਲੈ ਬਈ ਪੰਚੈਤੇ…! ਮੈਂ ਤੁਹਾਡੇ ਸਾਰੇ ਪਿੰਡ ਕੋਲੋਂ ਮੁਆਫ਼ੀ ਮੰਗਦਾ ਹਾਂ ਅਤੇ ਲੜਕੀ ਨੂੰ ਆਪਣੀ ਧੀ ਬਣਾ ਕੇ ਲੈ ਕੇ ਚੱਲਿਐਂ, ਜੋ ਸਾਥੋਂ ਗੁਸਤਾਖੀਆਂ ਹੋਈਆਂ, ਉਸ ਦਾ ਮੈਂ ਦੇਣਦਾਰ ਹਾਂ, ਪੰਚੈਤ ਰੱਬ ਵਰਗੀ ਹੁੰਦੀ ਐ, ਜੋ ਚਾਹੇ ਸਜਾ ਦੇਵੇ!” ਸਰਦਾਰ ਜੀ ਨੇ ਕਿਹਾ। ਲੱਗਦਾ ਸੀ ਅਮਲੀ ਦੀਆਂ ਕੱਲ੍ਹ ਵਾਲੀਆਂ ਤਰਕ ਭਰਪੂਰ ਗੱਲਾਂ ਦਾ ਉਸ ਦੇ ਮਨ ‘ਤੇ ਕਾਫ਼ੀ ਡੂੰਘਾ ਪ੍ਰਭਾਵ ਪਿਆ ਸੀ।
-“ਸ਼ਾਬਾਸ਼ੇ ਭਾਈ…! ਸ਼ਾਬਾਸ਼ੇ…!” ਹੋਣ ਲੱਗ ਪਈ।
ਖ਼ੈਰ! ਸਭ ਕੁਝ ਭੁੱਲ ਭੁਲਾ ਕੇ ਕਾਰਜ ਦੁਬਾਰਾ ਰਾਸ ਆ ਗਿਆ। ਸਹੁਰੇ ਕੁੜੀ ਨੂੰ ਲੈ ਗਏ। ਉਜੜਦੇ ਘਰ ਵਸ ਗਏ।
ਸਾਰਾ ਪਿੰਡ ਅਮਲੀ ਦੀਆਂ ਸਿਫ਼ਤਾਂ ਕਰ ਰਿਹਾ ਸੀ।
ਸ਼ਾਮ ਨੂੰ ਕਾਫ਼ੀ ਮੁਡੀਹਰ ਭੱਠੀ ‘ਤੇ ਇਕੱਠੀ ਹੋਈ ਦਮਗਾੜੇ ਮਾਰ ਰਹੀ ਸੀ। ਅਚਾਨਕ ਅਮਲੀ ਪਹੁੰਚ ਗਿਆ।
-“ਅਮਲੀ ਆ ਗਿਆ – ਅਮਲੀ ਆ ਗਿਆ…!” ਮੁਡੀਹਰ ਚਹੇਡਾਂ ਕਰਨ ਲੱਗ ਪਈ।
-“ਕਿਉਂ ਸਾਲਿਓ…? ਅਮਲੀ ਹਲਕਿਆ ਵਿਐ..?? ਚੀਕਾਂ ਮਾਰਨ ਲੱਗਪੇ ਸਾਲੇ ਜਿਮੇਂ ਮੈਂ ਦਿਓ ਹੁੰਨੈਂ..।” ਬੈਠਦਾ ਅਮਲੀ ਬੋਲਿਆ।
-“ਅਮਲੀਆ…! ਇਕ ਗੱਲ ਦੱਸ…?” ਕਿਸੇ ਦੀ ਛਿੱਟ ਲਾਈ ਹੋਈ ਸੀ।
-“ਬੋਲ…! ਇਕ ਨ੍ਹੀ ਬਾਈ ਸੌ ਪੁੱਛ…! ਜੇ ਮੱਲਾ ਮੈਂ ਵਕੀਲ ਹੁੰਦਾ, ਮਾੜੇ ਧੀੜੇ ਜੱਜ ਨੂੰ ਤਾਂ ਥਾਂ ‘ਤੇ ਈ ਖਿਲਾਰ ਦਿੰਦਾ, ਲੋਕੀ ਗੱਲਾਂ ਕਰਿਆ ਕਰਦੇ, ਬਈ ਹਾਂ ਕਿਸੇ ਪਿੰਡ ਦਾ ਕੋਈ ਘੈਂਟ ਵਕੀਲ ਹੈ!” ਅੱਗੋਂ ਅਮਲੀ ਵੀ ਘੱਟ ਨਹੀਂ ਸੀ।
-“ਭਲਾਂ ਅਮਲੀਆ…! ਕੱਲ੍ਹ ਮੂੰਹ ਪਾੜ ਕੇ ਕਹਿਤਾ ਸੀ, ਅਖੇ ਸਰਦਾਰ ਜੀ ਕੁੜੀ ਇਕ ਰਾਤ ਮੇਰੇ ਕੋਲੇ ਛੱਡ ਦਿਓ, ਮੈਂ ਆਬਦੀ ਸਾਰੀ ਜਮੀਨ ਕੁੜੀ ਦੇ ਨਾਂ ਲੁਆਉਨੈਂ, ਜੇ ਭਲਾਂ ਸਰਦਾਰ ਇਕ ਰਾਤ ਕੁੜੀ ਤੇਰੇ ਕੋਲੇ ਛੱਡ ਵੀ ਦਿੰਦਾ, ਤਾਂ ਤੂੰ ਕਿਹੜੇ ਪਿਉ ਆਲੀ ਜਮੀਨ ਕੁੜੀ ਦੇ ਨਾਂ ਲੁਆ ਦਿੰਦਾ ਉਏ? ਕੋਲੇ ਤਾਂ ਤੇਰੇ ਓਰਾ ਨ੍ਹੀ!”
-“ਉਏ ਗਭਰੀਟਾ! ਇਉਂ ਈ ਤਾਂ ਥੋਨੂੰ ਅਕਲ ਨ੍ਹੀ! ਤੁਸੀਂ ਪੜ੍ਹ-ਪੜ੍ਹ ਕੇ ਪਏ ਓਂ ਕੜ੍ਹੇ! ਅਕਲ ਥੋਡੀ ਮਾਛਟਰਾਂ ਨੇ ਛਿੱਤਰ ਮਾਰ-ਮਾਰ ਕੇ ਡੱਕਰਤੀ, ਡਮਾਕ ਥੋਡਾ ਨੰਗ ਦੇ ਭੜ੍ਹੋਲੇ ਮਾਂਗੂੰ ਖਾਲੀ, ਸਿਆਣੇ ਕਹਿੰਦੇ ਐ: ਚੱਲ ਗਿਆ ਤਾਂ ਤੀਰ ਤੇ ਨਹੀਂ ਤੁੱਕਾ! ਤੁਸੀਂ ਤਾਂ ਗੱਲ ਕਰਦੇ ਐਂ ਓਹੋ, ਅਖੇ ਘਰ ਨ੍ਹੀ ਖਾਣ ਨੂੰ ਦਾਣੇ ਤੇ ਅੰਮਾਂ ਫਿਰੇ ਲੁੱਧਿਆਣੇ।”
-“ਨਹੀਂ ਰੀਸਾਂ ਅਮਲੀ ਦੀਆਂ!” ਇਕ ਹੋਰ ਮੁੰਡੇ ਨੇ ਅਮਲੀ ਨੂੰ ਕੁੱਕੜ ਵਾਂਗ ਚੁੱਕ ਕੇ ਘੁਮਾਉਣਾਂ ਸ਼ੁਰੂ ਕਰ ਦਿੱਤਾ।
-“ਬਚ ਕੇ ਮੋੜ ਤੋਂ…!”
-“ਸਿੱਟ ਨਾ ਦੇਈਂ ਬਈ! ਅਜੇ ਬਿਆਹ ਕਰਵਾਉਣੈਂ!” ਅਮਲੀ ਬੋਲਿਆ।
ਹਾਸਾ ਪੈ ਗਿਆ।
ਟਿਕੀ ਰਾਤ ਵਿਚ ਘੜਮੱਸ ਪੈ ਰਹੀ ਸੀ!