ਮਾਨਸਾ 5 ਅਗਸਤ ( ਪਮਾਰ ) ਪੰਜਾਬ ਵਿੱਚ ਜਿੱਥੇ ਨਸ਼ੇ ਦੇ ਦਿਨੋਂ ਦਿਨ ਵਧ ਰਹੇ ਰੁਝਾਨ ਨੂੰ ਠੱਲਣ ਲਈ ਨਸ਼ਾ ਵਿਰੋਧੀ ਲਹਿਰ ਵਿੱਚ ਲੋਕ ਵਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ ਉੱਥੇ ਹੀ ਨਸ਼ਾ ਤਸਕਰਾਂ ਵੱਲੋਂ ਬੌਖਲਾਹਟ ਵਿੱਚ ਆ ਕੇ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਵੀ ਜਾਰੀ ਹੈ । ਬੀਤੇ ਕੱਲ੍ਹ ਜਿਲਾ ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਹੋਏ ਨਸ਼ਾ ਵਿਰੋਧੀ ਕਮੇਟੀ ਦੇ ਸਰਗਰਮ ਕਾਰਕੁੰਨ ਹਰਭਗਵਾਨ ਸਿੰਘ ਦੀ ਹੱਤਿਆ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਪਿੰਡ ਬੁਰਜ ਰਾਠੀ ਵਿਖੇ ਰੈਲੀ ਸਮੇਂ ਰੋਹ ਭਰਪੂਰ ਨਾਹਰੇਬਾਜ਼ੀ ਕਰਕੇ ਸੂਬਾ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਗੱਲ-ਗੱਲ ਉੱਤੇ ਬਿਆਨਬਾਜ਼ੀ ਕਰਨ ਵਾਲੀ ਸਰਕਾਰ ਨਸ਼ੇ ਦੇ ਮੁੱਦੇ ਉੱਤੇ ਪੂਰੀ ਤਰਾਂ ਖਾਮੋਸ਼ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਾਰੀ ਮੀਸਣੀ ਚੁੱਪ ਤੇ ਪੰਜਾਬ ਦੀ ਜਨਤਾ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਪਰਚਿਆਂ ਅਤੇ ਡੰਡੇ ਦੇ ਜ਼ੋਰ ‘ਤੇ ਲੋਕ ਸੰਗਰਾਮਾਂ ਨੂੰ ਦਬਾਉਣਾ ਕਦੇ ਵੀ ਸੰਭਵ ਨਹੀ ਹੁੰਦਾ। ਚੇਤਨ ਲੋਕ ਆਪਣੀ ਲੜਾਈ ਲੜ ਰਹੇ ਹਨ । ਸੋ ਲੋਕ ਘੋਲਾਂ ਨੂੰ ਦਬਾਉਣ ਦੀ ਬਜਾਏ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਤਸਕਰਾਂ ਨੂੰ ਸਹਿ ਦੇਣੀ ਬੰਦ ਕਰਕੇ ਲੜ ਰਹੇ ਲੋਕਾਂ ਦਾ ਸਾਥ ਦੇਵੇ । ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ14 ਅਗਸਤ ਨੂੰ ਮਾਨਸਾ ਵਿਖੇ ਨਸ਼ੇ ਵਿਰੋਧੀ ਇਕੱਠ ਵਿੱਚ ਪੁੱਜਣ ਦੀ ਖੇਚਲ ਕਰਨ। ਇਸ ਮੌਕੇ ਬਲਵਿੰਦਰ ਸ਼ਰਮਾਂ ਸਮੇਤ ਬਲਾਕ ਦੇ ਪ੍ਰਧਾਨ ਮਹਿੰਦਰ ਸਿੰਘ, ਬਲਜੀਤ ਸਿੰਘ, ਜਗਸੀਰ ਸਿੰਘ, ਪਿੰਡ ਕਮੇਟੀ ਦੇ ਅਮਰੀਕ ਸਿੰਘ, ਕਾਕਾ ਸਿੰਘ, ਅਜੈਬ ਸਿੰਘ, ਅਜਮੇਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮੌਜੂਦ ਰਹੇ ।