ਡੀ.ਏ.ਵੀ. ਸਕੂਲ ਮਾਨਸਾ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਤੇ ਖੁਸ਼ੀਆਂ ਨਾਲ ਮਨਾਇਆ ਗਿਆ
ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਰਚਨਾਤਮਕ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਨਾਨਕ ਸਿੰਘ ਖੁਰਮੀ, ਮਾਨਸਾ 6 ਨਵੰਬਰ: ਐੱਸ.ਡੀ.ਕੇ.ਐੱਲ. ਡੀ.ਏ.ਵੀ. ਸੈਂਟ. ਸੈਕੰ.ਪਬਲਿਕ ਸਕੂਲ, ਮਾਨਸਾ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਰੰਗਾਰੰਗ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨਾ ਸੀ। ਇਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪਲੇਅ-ਵੇਅ ਦੇ ਬੱਚਿਆਂ ਨੇ ਫੁੱਲਾਂ ਨਾਲ ਸੁੰਦਰ ਰੰਗੋਲੀ ਬਣਾਈ। ਨਰਸਰੀ ਰੋਜ਼ ਦੇ ਵਿਦਿਆਰਥੀਆਂ ਨੇ ਆਲੂ ਅਤੇ ਅੰਗੂਠੇ ਦੀ ਛਾਪ ਨਾਲ ਦੀਵੇ ਬਣਾਉਣ ਦੀ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਬੱਚਿਆਂ ਨੇ ਮੈਜਿਕ ਪੇਂਟਿੰਗ ਰਾਹੀਂ ਖੂਬਸੂਰਤ ਦੀਵੇ ਤਿਆਰ ਕੀਤੇ। ਐੱਲ.ਕੇ.ਜੀ. ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਕਰਾਫਟ ਗਤੀਵਿਧੀ, ਦੀਵਾ ਸਟੈਂਡ ਬਣਾਉਣ, ਦੀਵਿਆਂ ਦੀ ਸਜਾਵਟ ਅਤੇ ਵਾਲ ਹੈਂਗਿੰਗ ਬਣਾਉਣ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਦੂਜੀ ਜਮਾਤ ਦੇ ਬੱਚਿਆਂ ਨੇ ਸੁੰਦਰ ਗ੍ਰੀਟਿੰਗ ਕਾਰਡ ਅਤੇ ਰੰਗੋਲੀਆਂ ਵੀ ਬਣਾਈਆਂ। ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਕਰਾਫਟ ਗਤੀਵਿਧੀ, ਦੀਵਾ ਸਜਾਵਟ ਅਤੇ ਗ੍ਰੀਟਿੰਗ ਕਾਰਡ ਬਣਾਉਣ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਗ੍ਰੀਟਿੰਗ ਕਾਰਡ ਮੇਕਿੰਗ, ਦੀਵਾ ਡੈਕੋਰੇਸ਼ਨ, ਥਾਲੀ ਡੈਕੋਰੇਸ਼ਨ ਅਤੇ ਤੋਰਨ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਉੱਥੇ ਹੀ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਰੰਗੋਲੀਆਂ ਬਣਾ ਕੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰੇ ਵਿਦਿਆਰਥੀਆਂ ਨੇ ਆਪਣੀ ਕਲਪਨਾਸ਼ਕਤੀ ਅਤੇ ਮਿਹਨਤ ਨਾਲ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਸਜਾਵਟੀ ਚੀਜ਼ਾਂ ਤਿਆਰ ਕੀਤੀਆਂ। ਇਸ ਮੌਕੇ ਪੂਰਾ ਸਕੂਲ ਦੀਵਾਲੀ ਦੇ ਰੰਗਾਂ ਅਤੇ ਰੌਣਕ ਨਾਲ ਜਗਮਗਾ ਉੱਠਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਇਹ ਹਨੇਰੇ ਉੱਤੇ ਚਾਨਣ, ਬੁਰਾਈ ਉੱਤੇ ਚੰਗਿਆਈ ਅਤੇ ਨਿਰਾਸ਼ਾ ਉੱਤੇ ਆਸ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਅਤੇ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਪ੍ਰਿੰਸੀਪਲ ਜੀ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਫੋਟੋ 1ਕੈਪਸ਼ਨ- ਸਾਰੇ ਵਿਦਿਆਰਥੀਆਂ ਨੇ ਆਪਣੀ ਕਲਪਨਾਸ਼ਕਤੀ ਅਤੇ ਮਿਹਨਤ ਨਾਲ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਸਜਾਵਟੀ ਚੀਜ਼ਾਂ ਤਿਆਰ ਕੀਤੀਆਂ।
