ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ
ਕਰਨ ਭੀਖੀ
ਭੀਖੀ, 28 ਜਨਵਰੀ
ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿਖੇ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮੁਲਾਜ਼ਮਾਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਕੱਤਰਤਾ ਕੀਤੀ ਗਈ।
ਇਸ ਸਮੇਂ ਬੋਲਦਿਆਂ ਦਲਿਤ ਆਗੂ ਰਜਿੰਦਰ ਭੀਖੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਦੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ, ਕੁਝ ਲੋਕਾਂ ਵੱਲੋਂ ਬਾਬਾ ਸਾਹਿਬ ਖ਼ਿਲਾਫ਼ ਵੱਖ-ਵੱਖ ਤਰ੍ਹਾਂ ਦੇ ਬਿਆਨ ਕੀਤੇ ਜਾ ਰਹੇ ਹਨ, ਅਜਿਹੇ ਕਾਰਨਾਮਿਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਮ੍ਰਿਤਸਰ ਵਿਖੇ ਵਾਪਰੀ ਮੰਦਭਾਗੀ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਲੋਕਾਂ ਨੂੰ ਸਮਾਜ ਵਿੱਚ ਫੁੱਟ ਪਾਉਣ ਵਾਲਿਆਂ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ ਦਿੱਤਾ।
ਗੁਰਚਰਨ ਸਿੰਘ ਨੇ ਕਿਹਾ ਕਿ ਦਲਿਤ ਵਰਗ ਨੂੰ ਵੰਡਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਬਾਬਾ ਸਾਹਿਬ ਸਾਰੇ ਸਾਰੇ ਵਰਗਾਂ ਲਈ ਹੀ ਇੱਕੋ ਜਿਹੇ ਹਨ, ਜੋ ਵੀ ਉਹਨਾਂ ਸ਼ਾਨ ਖ਼ਿਲਾਫ਼ ਬੋਲੇਗਾ ਜਾਂ ਕੋਈ ਗਤੀਵਿਧੀਆਂ ਕਰਦਾ ਹੈ, ਉਸ ਵਿਰੁੱਧ ਅਸੀਂ ਹਮੇਸ਼ਾ ਡਟ ਕੇ ਖੜ੍ਹਾਂਗੇ।
ਇਸ ਮੌਕੇ ਮਾ. ਬੂਟਾ ਸਿੰਘ, ਅਮਰੀਕ ਭੀਖੀ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ , ਜਗਤਾਰ ਸਿੰਘ, ਸਹਿਜਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਾਹੀਆ ਸਿੰਘ, ਆਦਿ ਹਾਜ਼ਰ ਸਨ।