ਜ਼ੂਜ਼ੂ ਏਂਜਲ ਬ੍ਰਾਜ਼ੀਲ ਦੀ ਮਸ਼ਹੂਰ ਫ਼ੈਸ਼ਨ ਡੀਜ਼ਾਇਨਰ ਸੀ। ਉਹਦੇ ਗਭਰੇਟ ਪੁੱਤ ਸਟੂਅਰਟ ਨੇ ਅਮਰੀਕੀ ਬਸਤਾਨਾਂ ਦੀ ਸ਼ਹਿ ਹਾਸਲ ਬ੍ਰਾਜ਼ੀਲੀ ਫ਼ੌਜੀ ਨਿਜ਼ਾਮ ਦੇ ਵਿਰੁਧ ਵਿਦਿਆਰਥੀ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹ 14 ਮਈ 1971 ਤੋਂ ਬਾਅਦ ਮੁੜ ਕਦੇ ਨਹੀਂ ਵੇਖਿਆ ਗਿਆ। ਬੇਦਰਦ ਹਾਕਮਾਂ ਨੇ ਉਹਨੂੰ ਕੋਹ ਕੋਹ ਕੇ ਮਾਰ ਦਿੱਤਾ ਅਤੇ ਲਾਸ਼ ‘ਮੱਛੀਆਂ ਦੀ ਖੁਰਾਕ’ ਬਣਨ ਲਈ ਸਮੁੰਦਰ ਵਿੱਚ ਸੁੱਟ ਦਿੱਤੀ। ਪੰਜਾਬੀ ਜਣੇ ਨੂੰ ‘ਹਰੀ ਕੇ ਪੱਤਣ’ ਉੱਤੇ ਮੱਛੀਆਂ ਦੀ ਖੁਰਾਕ ਬਣੇ ਅਤੇ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਮਸ਼ਾਨਘਾਟਾਂ ‘ਚ ਜਾਲੇ ਗਏ ਲੋਕ ਯਾਦ ਆਉਂਦੇ ਹਨ। ਪੱਚੀ ਹਜ਼ਾਰ ਇਕਵੀਂ ਲਾਸ਼ ਬਣਿਆ ਸ਼ਹੀਦ ਜਸਵੰਤ ਸਿੰਘ ਖਾਲੜਾ ਅੱਖਾਂ ਸਾਹਵੇਂ ਖੜਾ ਹੋ ਜਾਂਦਾ ਹੈ।
ਸਟੂਅਰਟ ਦਾ ਖੁਰਾ-ਖੋਜ ਲੱਭਦਿਆਂ ਜ਼ੂਜ਼ੂ ਦੀਆਂ ਦੋ ਦੋਸਤ ਹਕੂਮਤੀ ਹਾਦਸਿਆਂ ਦਾ ਸ਼ਿਕਾਰ ਹੋ ਗਈਆਂ। ਗਿਰਜਾ, ਪੱਤਰਕਾਰੀ ਅਤੇ ਅਦਾਲਤਾਂ ਸਭ ਫਾਸ਼ੀ ਨਿਜ਼ਾਮ ਦੇ ਹੱਕ ਵਿੱਚ ਭੁਗਤੀਆਂ। ਜ਼ੂਜ਼ੂ ਆਪਣੇ ਕੱਪੜਿਆਂ, ਫ਼ੈਸ਼ਨ ਸ਼ੋਆਂ ਰਾਹੀਂ ਅਤੇ ਹਵਾਈ ਸਫ਼ਰ ਵਿੱਚ ਪੁੱਤ ਦੇ ਕਤਲ ਦੀ ਦੁਹਾਈ ਦਿੰਦੀ ਰਹੀ। ਕਾਤਲਾਂ ਨੂੰ ਬੇਪਰਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਫ਼ੈਸ਼ਨ ਡਿਜਾਇਨਰ ਦੇ ਹੁਨਰ ਨਾਲ ਸਿਆਸਤ ਦੀ ਜੋਟੀ ਮਹਿਰੂਮੀ ਦੀ ਪਹੁੰਚ ਵਧਾਉਂਦੀ ਹੈ ਅਤੇ ਰਾਜਤੰਤਰ ਦੀ ਸੂਖ਼ਮ ਪਰ ਬੇਕਿਰਕ ਤੰਦਾਂ ਉਜਾਗਰ ਕਰਦੀ ਹੈ। ਜਦੋਂ ਜ਼ੂਜ਼ੂ ਨੂੰ ਬਹਾਦਰ ਕਰਾਰ ਦਿੱਤਾ ਜਾਂਦਾ ਹੈ ਤਾਂ ਉਹਦਾ ਜਵਾਬ ਸੀ, “ਬਹਾਦਰ ਤਾਂ ਮੇਰਾ ਪੁੱਤ ਸੀ। ਮੇਰਾ ਤਾਂ ਇਹ ਹੱਕ ਬਣਦਾ ਹੈ।” ਇਹੋ ਹੱਕ ਜਸਵੰਤ ਸਿੰਘ ਖਾਲੜੇ ਦਾ ਵੀ ਬਣਦਾ ਸੀ। ਜਸਵੰਤ ਸਿੰਘ ਖਾਲੜੇ ਦੀ ਸ਼ਹੀਦੀ ਤੋਂ 19 ਸਾਲ ਪਹਿਲਾਂ ਸੰਨ੍ਹ 1976 ਵਿੱਚ ਜ਼ੂਜ਼ੂ ਨੂੰ ‘ਕਾਰ-ਹਾਦਸੇ’ ਵਿੱਚ ਕਤਲ ਕਰ ਦਿੱਤਾ ਗਿਆ। ਡਾਚੀਆਂ ਵਾਲਿਆਂ ਦਾ ਬਿੰਬ ਪੰਜਾਬੀ ਮਾਨਸਿਕਤਾ ਵਿੱਚ ਇਸ਼ਕ ਅਤੇ ਮਨੁੱਖਤਾ ਦੇ ਦੁਸ਼ਮਣਾਂ ਵਜੋਂ ਸਾਹਮਣੇ ਆਉਂਦਾ ਹੈ। ਇਹੀ ਡਾਚੀਆਂ ਵਾਲੇ ਸੱਸੀ ਦੇ ਪੁੰਨਣ ਨੂੰ ਚੁੱਕ ਕੇ ਲੈਗੇ ਸਨ। ਡਾਚੀਆਂ ਵਾਲਿਆਂ ਨੇ ਕਾਰਾਂ ਵਾਲੇ ਹੋ ਕੇ ਵੀ ਆਪਣਾ ਖਾਸਾ ਕਾਇਮ ਰੱਖਿਆ। ਜਸਵੰਤ ਸਿੰਘ ਖਾਲੜਾ ਨੂੰ ਕਾਰਾਂ ਵਾਲੇ ਲੈ ਗਏ ਅਤੇ ਜ਼ੂਜ਼ੂ ਨੂੰ ਖਤਾਨਾਂ ਵਿੱਚ ਸੁੱਟ ਗਏ।
ਫ਼ਿਲਮ ‘ਜ਼ੂਜ਼ੂ ਏਂਜਲ’ ਦੇ ਅੰਤਲੇ ਦ੍ਰਿਸ਼ ਵਿੱਚ ਜ਼ੂਜ਼ੂ ਦਾ ‘ਕਾਰ ਹਾਦਸੇ’ ਵਿੱਚ ਕਤਲ ਹੁੰਦਾ ਹੈ। ਕਾਰ ਵਿੱਚ ਸੰਗੀਤ ਅਜੇ ਵੀ ਵਜ ਰਿਹਾ ਹੈ। ਕਾਤਲ ਫ਼ੌਜੀ ਜ਼ੂਜ਼ੂ ਦੀ ਕਾਰ ਵਿੱਚ ਚੱਲ ਰਹੇ ਗੀਤਾਂ ਨੂੰ ਬੰਦ ਕਰਨ ਦੀ ਪੂਰੀ ਵਾਹ ਲਾਉਂਦਾ ਹੈ। ਟੇਪ ਬੰਦ ਕਰਨ ਲਈ ਲੱਤਾਂ ਬਾਹਾਂ ਚਲਾਉਂਦਾ ਫ਼ੌਜੀ ਅੱਕ ਕੇ ਤੁਰ ਜਾਂਦਾ ਹੈ। ਸੰਗੀਤ ਜ਼ੂਜ਼ੂ ਦੀ ਲਾਸ਼ ਨਾਲ ਸਕੀਰੀ ਪੂਰਦਾ ਹੈ।
“ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ‘ਤੇ ਬਹਿ, ਗਾਉਂਦੇ ਰਹੇ ਨੇ ਲੋਕ।”
-ਜਤਿੰਦਰ ਮੋਹਰ
ਸ. ਜਸਵੰਤ ਸਿੰਘ ਖਾਲੜਾ ਨੂੰ ਅੱਜ ਦੇ ਦਿਨ 06 ਸਤੰਬਰ 1995 ਨੂੰ ਉਹਨਾਂ ਦੀ ਕਬੀਰ ਪਾਰਕ ਸ੍ਰੀ ਅੰਮ੍ਰਿਤਸਰ ਰਹਾਇਸ਼ ਤੋਂ ਉਸ ਸਮੇਂ ਅਗਵਾਹ ਕਰ ਲਿਆ ਗਿਆ ਸੀ, ਜਦੋਂ ਉਹ ਘਰ ਦੇ ਦਰਵਾਜ਼ੇ ਵਿੱਚ ਖੜ੍ਹੀ ਆਪਣੀ ਕਾਰ ਧੋਹ ਰਹੇ ਸਨ। ਬਹੁਤ ਸਾਲਾਂ ਬਾਅਦ ਪੰਜਾਬ ਪੁਲਿਸ ਦੇ ਸਾਬਕਾ SPO ਕੁਲਦੀਪ ਸਿੰਘ ਬੱਚੜੇ ਨੇ ਖੁਲਾਸਾ ਕੀਤਾ ਸੀ ਕਿ ਭਾਈ ਖਾਲੜਾ ਨੂੰ ਭਾਰੀ ਤਸ਼ੱਦਦ ਕਰਨ ਉਪਰੰਤ ਕਤਲ ਕਰਕੇ ਹਰੀਕੇ ਪੱਤਣ ਨੇੜੇ ਦਰਿਆ ਸਤਲੁਜ ਵਿੱਚ ਵਹਾਅ ਦਿੱਤਾ ਗਿਆ ਸੀ।
ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹਨਾਂ ਪੰਜਾਬ ਵਿੱਚ ਅਣਪਛਾਤੇ ਕਹਿ ਕੇ ਕਤਲ (Extra Judicial Killings) ਕੀਤੇ ਹਜ਼ਾਰਾਂ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਦੀ ਪਛਾਣ ਕਰ ਲਈ ਸੀ, ਜਿੰਨ੍ਹਾਂ ਨੂੰ ਗੈਰ ਕਾਨੂੰਨੀ ਹਿਰਾਸਤ ਦੌਰਾਨ ਫ਼ੀਤੀਆਂ, ਸਨਮਾਨਾਂ, ਇਨਾਮਾਂ ਲਈ ਕਤਲ ਕਰ ਦਿੱਤਾ ਗਿਆ ਸੀ।
– ਸ਼ਿਵਜੀਤ ਸਿੰਘ ‘ਫਰੀਦਕੋਟ’