*26 ਅਗਸਤ ਤੋਂ 05 ਸਤੰਬਰ ਤੱਕ ਆਈ.ਆਈ.ਟੀ. ਰੋਪੜ੍ਹ ਵਿਖੇ ਕਰਵਾਇਆ ਜਾਵੇਗਾ ਡਰੋਨ ਓਪਰੇਟਿੰਗ ਟਰੇਨਿੰਗ ਕੋਰਸ
14 ਅਗਸਤ (ਕਰਨ ਭੀਖੀ) ਮਾਨਸਾ: ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਬੋੜਾਵਾਲ, ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਡਰੋਨ ਓਪਰੇਟਿੰਗ ਟਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆ ਕੈਂਪ ਬੋੜਾਵਾਲ ਦੇ ਟਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਟਰੇਨਿੰਗ ਕੋਰਸ 26 ਅਗਸਤ 2024 ਤੋਂ 05 ਸਤੰਬਰ 2024 ਤੱਕ ਆਈ.ਆਈ.ਟੀ. ਰੋਪੜ੍ਹ ਵਿਖੇ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਕਰਨ ਵਾਸਤੇ ਉਮੀਦਵਾਰ ਨੇ 12ਵੀਂ ਜਮਾਤ ਘੱਟੋਂ ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮਰ 25 ਸਾਲ ਹੋਣੀ ਚਾਹੀਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰਾਂ ਦਾ 40 ਨੰਬਰ ਦਾ ਡੈਮੋ ਲਿਖਤੀ ਟੈਸਟ ਲਿਆ ਜਾਵੇਗਾ, ਜੋ ਕਿ 27 ਅਗਸਤ 2024 ਨੂੰ ਹੋਵੇਗਾ। ਜਿਹੜੇ ਯੁਵਕ ਲਿਖਤੀ ਡੈਮੋ ਟੈਸਟ ਵਿੱਚੋ ਮੈਰਿਟ ਅਨੁਸਾਰ ਪਾਸ ਹੋਣਗੇ, ਉਨ੍ਹਾਂ ਨੂੰ ਆਈ.ਆਈ.ਟੀ ਰੋਪੜ੍ਹ ਵਿਖੇ ਡਰੋਨ ਟਰੇਨਿੰਗ ਕੋਰਸ ਕਰਵਾਇਆ ਜਾਵੇਗਾ। ਡਰੋਨ ਓਪਰੇਟਿੰਗ ਦੀ ਟਰੇਨਿੰਗ ਪੂਰੀ ਕਰਨ ਵਾਲੇ ਯੁਵਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਯੁਵਕਾਂ ਨੂੰ ਕੈਂਪ ਦੇ ਸਟਾਫ ਦੁਆਰਾ ਸੀ-ਪਾਈਟ ਕੈਂਪ ਬੋੜਾਵਾਲ ਤੋਂ ਸੀ-ਪਾਈਟ ਕੈਂਪ ਨੰਗਲ (ਰੋਪੜ੍ਹ) ਵਿਖੇ ਲਿਜਾਇਆ ਜਾਵੇਗਾ। ਇਸ ਕੋਰਸ ਦੌਰਾਨ ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਰਿਹਾਇਸ਼, ਖਾਣ-ਪੀਣ ਅਤੇ ਬੱਸ ਕਿਰਾਏ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੇਰੋਜਗਾਰ ਯੁਵਕਾਂ ਲਈ ਇਹ ਬਹੁਤ ਵੀ ਵਧੀਆ ਅਤੇ ਮਹੱਤਵਪੂਰਨ ਕੋਰਸ ਹੈ, ਯੁਵਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।
ਉਨ੍ਹਾਂ ਕਿਹਾ ਪੰਜਾਬ ਰਾਜ ਦੇ ਵਸਨੀਕ ਡਰੋਨ ਓਪਰੇਟਿੰਗ ਟਰੇਨਿੰਗ ਲੈਣ ਦੇ ਚਾਹਵਾਨ ਯੁਵਕ 16, ਅਗਸਤ 2024 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਨਿੱਜੀ ਤੌਰ ’ਤੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ ਬਾਰਵੀਂ ਜਮਾਤ ਦੇ ਸਰਟੀਫਿਕੇਟ ਦੀ ਕਾਪੀ, ਆਧਾਰ ਕਾਰਡ ਦੀ ਕਾਪੀ ਅਤੇ 02 ਤਾਜਾ ਪਾਸਪੋਰਟ ਸਾਈਜ ਫੋਟੋ ਸਮੇਤ ਨਿੱਜੀ ਤੌਰ ’ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 98148-50214 ’ਤੇ ਸੰਪਰਕ ਕੀਤਾ ਜਾ ਸਕਦਾ ਹੈ।