31 ਦਸੰਬਰ ਦੀ ਰਾਤ ਚੌਂਕ ਵਿਚ ਖੁੱਲ੍ਹੇ ਆਸਮਾਨ ਥੱਲੇ ਬੈਠ ਕੇ ਗੁਜ਼ਾਰੀ, ਜੌਨੀ ਸਿੰਗਲਾ ਦਾ ਮਰਨ ਵਰਤ 12ਵੇਂ ਦਿਨ ਵਿਚ ਦਾਖਲ
ਸੰਗਰੂਰ 1 ਜਨਵਰੀ – ਕੰਪਿਊਟਰ ਅਧਿਆਪਕਾਂ ਵੱਲੋਂ ਸ਼ੁਰੂ ਕੀਤੀ ਗਈ ਆਪਣੇ ਹੱਕਾਂ ਦੀ ਲੜਾਈ ਹੁਣ ‘ਮਿਸਾਲੀ ਲੜਾਈ’ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਕਿਸਾਨੀ ਸੰਘਰਸ਼ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਉਥੇ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਵੀ ਪੰਜਾਬ ਦੇ ਹਰ ਕੋਨੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦਾ ਅਨੁਸਾਸ਼ਨ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਇਸ ਅੰਦੋਲਨ ਨੂੰ ਖਾਸ ਬਣਾ ਰਿਹਾ ਹੈ?
ਬੀਤੀ ਰਾਤ ਇਕ ਪਾਸੇ ਪੂਰੀ ਦੁਨੀਆਂ ਦੇ ਲੋਕ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਸਨ ਉੱਥੇ ਸਥਾਨਕ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੇ ਸੰਗਰੂਰ ਧਰਨੇ ਵਿਚ ਸ਼ਾਮਿਲ ਹੋ ਕੇ ਆਪਣੇ ਸੰਜਮ ਅਤੇ ਸੰਤੋਖ ਦਾ ਸਬੂਤ ਦਿੱਤਾ ਅਤੇ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਵਤੀਰੇ ਨੂੰ ਜੱਗ ਜ਼ਾਹਿਰ ਵੀ ਕੀਤਾ।
ਸਥਾਨਕ ਜ਼ਿਲ੍ਹਾ ਇਕਾਈ ਦੇ ਆਗੂਆਂ ਨੇ ਸੰਗਰੂਰ ਵਿਖੇ ਜਿੱਥੇ ਕੰਪਿਊਟਰ ਅਧਿਆਪਕ ਆਗੂ ਜੌਨੀ ਸਿੰਗਲਾ ਪਿਛਲੇ 12 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਡਟਿਆ ਹੋਇਆ ਹੈ ਨੇ ਨਵੇਂ ਸਾਲ ਦੀ ਪੂਰੀ ਰਾਤ ਹੱਡ ਚੀਰਵੀਂ ਠੰਢ ਵਿਚ ਸੰਗਰੂਰ ਦੇ ਲਾਲ ਬੱਤੀ ਚੌਂਕ ਵਿਚ ਖੁੱਲ੍ਹੇ ਆਸਮਾਨ ਹੇਠ ਪੰਜਾਬ ਸਰਕਾਰ ਮੁਰਦਾਬਾਦ ਨੇ ਨਾਅਰੇ ਲਗਾਉਂਦੇ ਹੋਏ ਗੁਜ਼ਾਰੀ।
—— – – – – – – – – –
‘ਆਮ’ ਤੋਂ ‘ਖਾਸ’ ਹੋਏ ਨੇਤਾ ਹੁਣ ਗੱਲ ਕਰਨ ਦੇ ਲਈ ਵੀ ਨਹੀਂ ਤਿਆਰ
ਇਸ ਮੌਕੇ ਕੰਪਿਊਟਰ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੋਸਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਮੰਨਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਅੱਜ ‘ਬਹੁਤ ਖ਼ਾਸ’ ਹੋ ਗਏ ਹਨ। ਉਨ੍ਹਾਂ ਕੋਲ਼ ਕੰਪਿਊਟਰ ਅਧਿਆਪਕਾਂ ਨੂੰ ਮਿਲਣ ਤੱਕ ਦਾ ਸਮਾਂ ਨਹੀਂ ਹੈ। ਉਨ੍ਹਾਂ ਦਾ ਇੱਕ ਸਾਥੀ ਪਿਛਲੇ 12 ਦਿਨਾਂ ਤੋਂ ਆਪਣੇ ਹੱਕਾਂ ਦੇ ਲਈ ਮਰਨ ਵਰਤ ਤੇ ਬੈਠਾ ਹੈ ਪਰ ‘ਆਪ’ ਦੇ ਕਿਸੇ ਵੀ ਆਗੂ ਜਾਂ ਵਰਕਰ ਨੇ ਉਸ ਦੀ ਗੱਲ ਸੁਣਨ ਤੱਕ ਦਾ ਵੀ ਜੇਰਾ ਨਹੀਂ ਕੀਤਾ।
ਕੰਪਿਊਟਰ ਅਧਿਆਪਕਾਂ ਨੇ ਸਪਸ਼ਟ ਕੀਤਾ ਕਿ ਆਮ ਲੋਕਾਂ ਦੇ ਮਨ ਵਿਚ ਇਹ ਗੱਲ ਹੈ ਕਿ ਉਹ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਾਉਣ ਦੇ ਲਈ ਮਰਨ ਵਰਤ ਤੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਾਲ 2011 ਤਤਕਾਲੀਨ ਪੰਜਾਬ ਸਰਕਾਰ ਨੇ ‘ਪਿਕਟਸ ਸੁਸਾਇਟੀ’ ਵਿਚ ਰੈਗੂਲਰ ਕਰ ਦਿੱਤਾ ਸੀ। ਪਰ ਸਮੇਂ ਸਮੇਂ ਦੀਆਂ ਸਰਕਾਰ ਦੇ ਨਾਲ ਨਾਲ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪਿਛਲੀਆਂ ਸਰਕਾਰ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਉਨ੍ਹਾਂ ਦੇ ਬਣਦੇ ਹੱਕ ਬਹਾਲ ਕਰਨ ਦੀ ਬਜਾਇ ਉਨ੍ਹਾਂ ਨੂੰ ਮਿਲ ਰਹੇ ਲਾਭ ਖੋਹਣੇ ਸ਼ੁਰੂ ਕਰ ਦਿੱਤੇ ਹਨ।
—— – – – – – – – – –
ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਕੰਪਿਊਟਰ ਅਧਿਆਪਕ
ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਇਸ ਬਾਕੀ ਕਰਮਚਾਰੀਆਂ ਤੋਂ ਉਲਟ ਕਿਸੇ ਵੀ ਕੰਪਿਊਟਰ ਅਧਿਆਪਕਾਂ ਨੂੰ ਮੈਡੀਕਲ ਰੀਮਿਬਰਸਮੈਂਟ ਵਰਗੀ ਅਤਿਜਰੂਰੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਸ ਕਰ ਕੇ ਗੰਭੀਰ ਬਿਮਾਰੀ ਤੋਂ ਪੀੜਿਤ ਹੋਣ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਕਈ ਕੰਪਿਊਟਰ ਅਧਿਆਪਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਉੱਥੇ ਕਿਸੇ ਵੀ ਕੰਪਿਊਟਰ ਅਧਿਆਪਕ ਨੂੰ ਸੀਪੀਐਫ/ਜੀਪੀਐਫ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜਿੱਥੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ 5ਵੇਂ ਪੇ ਕਮਿਸ਼ਨ ਦਾ ਲਾਭ ਦਿੱਤਾ ਗਿਆ ਸੀ ਉੱਥੇ ਮੌਜੂਦਾ ਸਰਕਾਰ ਉਨ੍ਹਾਂ ਨੂੰ ਬਾਕੀ ਕਰਮਚਾਰੀਆਂ ਵਾਂਗ 6ਵੇਂ ਪੇ ਕਮਿਸ਼ਨ ਦਾ ਲਾਭ ਦੇਣ ਤੋਂ ਮੁਨਕਰ ਹੋ ਗਈ ਹੈ। ਕੰਪਿਊਟਰ ਅਧਿਆਪਕ ਨੇ ਕਿਹਾ ਕਿ ਹੁਣ ਨਵੇਂ ਸੀਐਸਆਰ ਉਨ੍ਹਾਂ ਤੇ ਲਾਗੂ ਕੀਤੇ ਜਾ ਰਹੇ ਹਨ, ਜੋ ਕਿ ਉਨ੍ਹਾਂ ਦੇ ਰੈਗੂਲਰ ਆਰਡਰਾਂ ਦੇ ਬਿਲਕੁਲ ਉਲਟ ਹਨ, ਅਤੇ ਉਨ੍ਹਾਂ ਦੇ ਲਈ ਮੌਤ ਦੇ ਫ਼ਰਮਾਨ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਸੰਘਰਸ਼ ਰੁਕਣ ਵਾਲਾ ਨਹੀਂ ਹੈ ਇਸੇ ਲਈ ਚਾਹੇ ਪੂਰੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ ਜਾਨ ਦੀ ਬਾਜੀ ਹੀ ਕਿਉਂ ਨਾ ਲਗਾਉਣੀ ਪਵੇ ਪਰ ਉਹ ਪਿੱਛੇ ਨਹੀਂ ਹਟਣਗੇ।
—— – – – – – – – – –
ਜੌਨੀ ਸਿੰਗਲਾ ਦੀ ਸਿਹਤ ਵਿਚ ਆ ਰਿਹਾ ਨਿਘਾਰ
ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਮਰਨ ਵਰਤ ਤੇ ਬੈਠੇ ਸਾਥੀ ਜੌਨੀ ਸਿੰਗਲਾ ਦੀ ਸਿਹਤ ਵਿਚ ਦਿਨੋਂ ਦਿਨ ਨਿਘਾਰ ਹੁੰਦਾ ਸਾਫ਼ ਵੇਖਿਆ ਜਾ ਸਕਦਾ ਹੈ, ਅਤੇ ਜੇਕਰ ਉਸ ਦਾ ਵਾਲ ਵੀ ਵਿੰਗਾ ਹੁੰਦਾ ਹੈ ਤਾਂ ਇਸ ਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਕੌਰ, ਜਤਿਨ, ਪ੍ਰਦੀਪ ਮਲੂਕਾ, ਬਵਲੀਨ ਕੌਰ, ਸੁਨੀਤ ਸਰੀਨ, ਅੰਜੂ ਅਤੇ ਪੂਰੀ ਸੰਗਰੂਰ ਟੀਮ ਦੇ ਨਾਲ ਨਾਲ ਵੱਡੀ ਗਿਣਤੀ ਕੰਪਿਊਟਰ ਅਧਿਆਪਕ ਹਾਜ਼ਰ ਸਨ।