ਪਿਛਲੇ ਕੁਝ ਦਿਨਾਂ ਤੋਂ ਭਾਰਤ ਪਾਕਿਸਤਾਨ ਵਿਚਾਲੇ ਯੁੱਧ ਲੱਗਣ ਦੀਆਂ ਖਬਰਾਂ ਨੇ ਸਰਹੱਦੀ ਏਰੀਏ ਵਿੱਚ ਘੁੱਗ ਵਸਦੇ ਵਸਨੀਕਾ ਦੀਆਂ ਰਾਤਾਂ ਦੀਆਂ ਨੀੰਦਰਾਂ ਉਡਾ ਕੇ ਰੱਖ ਦਿੱਤੀਆਂ ਹਨ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਆਪਣੇ ਰਹਿਣ ਬਸੇਰੇ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨ ਲੱਗੇ ਹਨ ਕਸ਼ਮੀਰ ਦੇ ਪਹਿਲਗਾਮ ਦੀ ਘਟਨਾ ਨੇ ਸਮੁੱਚੇ ਦੇਸ਼ ਵਾਸੀਆਂ ਵਿੱਚ ਗੁੱਸੇ ਤੇ ਰੋਹ ਦੀ ਭਾਵਨਾ ਪੈਦਾ ਕਰ ਦਿੱਤੀ ਹੈ ਅਤੇ ਇਨਸਾਫ ਪਸੰਦ ਲੋਕਾਂ ਨੇ ਇਸ ਘਟਨਾ ਦੀ ਘੋਰ ਨਿੰਦਾ ਕੀਤੀ ਹੈ ਸੈਲਾਨੀਆਂ ਤੇ ਹਮਲੇ ਦੀ ਇਸ ਘਟਨਾ ਦੀ ਜਿੰਨੀ ਘੋਰ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ।ਪਾਕਿਸਤਾਨ ਨੂੰ ਵੀ ਆਪਣੇ ਦੇਸ਼ ਵਿੱਚ ਉਪਜ ਰਹੇ ਅੰਤਕਵਾਦ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ । ਤਾਂ ਕਿ ਨਿਰਦੋਸ਼ ਲੋਕਾਂ ਦਾ ਖੂਨ ਡੁੱਲਣ ਤੋਂ ਰੋਕਿਆ ਜਾ ਸਕੇ । ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਉੱਪਰ ਯੁੱਧ ਲੱਗਣ ਦੀਆਂ ਖਬਰਾਂ ਨੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਯੁੱਧ ਲੱਗਣ ਨਾਲ ਜਿੱਥੇ ਦੋਵੇਂ ਦੇਸ਼ਾਂ ਦੇ ਲੋਕਾਂ ਦਾ ਖੂਨ ਡੁੱਲੇਗਾ । ਉਥੇ ਮਹਿੰਗਾਈ ਵੀ ਵਧੇਗੀ ਅਤੇ ਆਰਥਿਕ ਪੱਖ ਤੋਂ ਵੀ ਦੋਵੇਂ ਦੇਸ਼ਾਂ ਦਾ ਨੁਕਸਾਨ ਹੋਵੇਗਾ ।ਅਪਰੇਸ਼ਨ ਸੰਧੂਰ ਨੇ ਗੁਆਂਢੀ ਦੇਸ਼ ਪਾਕਿਸਤਾਨੀ ਅੰਤਕਵਾਦ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ ।ਅਤੇ ਪਹਿਲਗਾਮ ਦੇ ਸੈਲਾਨੀ ਸ਼ਹੀਦਾਂ ਨੂੰ ਸਮੁੱਚੀ ਦੇਸ਼ ਵੱਲੋਂ ਇਹੀ ਸੱਚੀ ਸ਼ਰਧਾਂਜਲੀ ਹੈ । ਪਰ ਹੁਣ ਦੋਵੇਂ ਦੇਸ਼ਾਂ ਨੂੰ ਭਿਆਨਕ ਜੰਗ ਤੋਂ ਬਚਣਾ ਚਾਹੀਦਾ ਹੈ। ਦੋਵੇਂ ਦੇਸ਼ਾਂ ਦੇ ਲੋਕ ਯੁੱਧ ਨਹੀਂ, ਸ਼ਾਂਤੀ ਚਾਹੁੰਦੇ ਹਨ। ਨਫਰਤ ਨਹੀਂ, ਪਿਆਰ ਚਾਹੁੰਦੇ ਹਨ। ਲੋਕਾਂ ਦੀ ਇੱਛਾ ਹੈ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਸੁਖਾਵੇਂ ਹੋਣ ,ਆਪਸੀ ਵਪਾਰ ਵਧੇ ,ਰਿਸ਼ਤੇਦਾਰੀਆਂ ਬਣਨ ਤੇ ਇੱਕ ਦੂਜੇ ਨਾਲ ਦਿਲਾਂ ਦੀ ਸਾਂਝ ਵਧੇ। ਅਸੀਂ ਪੰਜਾਬੀ ਤਾਂ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ, ਲੋਕਾਂ ਦੀ ਇਹੀ ਇੱਛਾ ਹੈ ਕਿ
ਨਾ ਹਮਲਾ ਹੋਵੇ ਹਿੰਦ ਤੇ ,
ਨਾ ਹੋਵੇ ਪਾਕਿਸਤਾਨ ।
ਸਰਬੱਤ ਦਾ ਹੈ ਭਲਾ ਮੰਗੀਏ ,
ਅਸੀਂ ਵਿੱਚ ਅਰਦਾਸ ।
ਪਿਆਰ ਮੁਹੱਬਤ ਭਾਈਚਾਰੇ ਦਾ ,
ਘਰ ਘਰ ਬੂਟਾ ਲਾਈਏ ।
ਹਿੰਦੂ ਮੁਸਲਮ ਸਿੱਖ ਏਕਤਾ ,
ਸਾਰੇ ਨਾਰਾ ਲਾਈਏ ।
ਇਹ ਵੀ ਸਾਡੇ ਉਹ ਵੀ ਸਾਡੇ ,
ਫਿਰ ਕਿਉਂ ਮੱਚੇ ਘਮਸਾਨ ।
ਸਰਬੱਤ ਦਾ ਹੈ ਭਲਾ ਮੰਗੀਏ ,
ਅਸੀਂ ਵਿੱਚ ਅਰਦਾਸ।
(ਧੰਨਵਾਦ ਸਾਹਿਤ)
ਸਵਰਨ ਸਿੰਘ ਸਿੱਧੂ
ਪੰਜਾਬੀ ਅਧਿਆਪਕ
ਕੋਟ ਧਰਮੂ ਮਾਨਸਾ
Mob.9417721714