27 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਜੰਗਲਾਤ ਮਹਿਕਮੇ ਵੱਲੋਂ ਡੀ ਐਫ ਓ ਸ੍ਰੀ ਪਵਨ ਸ੍ਰੀਧਰ ਦੀ ਰਹਿਮੁਨਾਈ ਹੇਠ ਵਣ ਮੰਡਲ ਮਾਨਸਾ ਦਾ ਵਣ ਰੇਂਜ ਮਾਨਸਾ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਪੁਲਿਸ ਪਬਲਿਕ ਸਕੂਲ ਮਾਨਸਾ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਵਣ ਰੇਂਜ ਅਫਸਰ ਸ੍ਰੀ ਸੁਖਦੇਵ ਸਿੰਘ ਅਤੇ ਸਟਾਫ ਵੱਲੋਂ ਬੱਚਿਆਂ ਨੂੰ ਸੈਰ ਸਪਾਟਾ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੱਚਿਆਂ ਦੇ ਭਾਸ਼ਣ ,ਪੇਂਟਿੰਗ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਜੰਗਲਾਤ ਮਹਿਕਮੇ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਨਾਮ ਵੰਡਣ ਉਪਰੰਤ ਬੱਚਿਆਂ ਤੇ ਸਕੂਲ ਸਟਾਫ ਨੂੰ ਪਿੰਡ ਭੈਣੀ ਬਾਘਾ ਦੀ ਜੰਗਲਾਤ ਨਰਸਰੀ ਦਾ ਦੌਰਾ ਕਰਵਾਇਆ ਗਿਆ । ਨਰਸਰੀ ਇੰਚਾਰਜ ਸ਼੍ਰੀ ਜਗਨੰਦਨ ਸਿੰਘ ਨੇ ਪੌਦਿਆਂ ਦੀਆਂ ਕਿਸਮਾਂ ਪੌਦੇ ਉਗਾਉਣਾ, ਵਰਮੀ ਕੰਪੋਸਟ, ਪੌਦਾ ਲਗਾਉਣ ਦੀ ਵਿਧੀ ਅਤੇ ਸਾਡੀ ਜ਼ਿੰਦਗੀ ਵਿੱਚ ਪੌਦਿਆਂ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ। ਬੱਚਿਆਂ ਅਤੇ ਸਟਾਫ ਨੇ ਇੱਕ ਪੌਦਾ ਆਪਣੀ ਮਾਂ ਦੇ ਨਾਂ ਤੇ ਲਾਉਣ ਦਾ ਪਰਨ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨਮੋਹਣ ਸਿੰਘ, ਵਣ ਰੇਜ ਅਫਸਰ ਸੁਖਦੇਵ ਸਿੰਘ, ਬਲਾਕ ਅਫਸਰ ਬਲਜੀਤ ਸਿੰਘ , ਜੰਗਲਾਤ ਮਹਿਕਮਾ ਨਰਸਰੀ ਭੈਣੀ ਬਾਘਾ ਦੇ ਇੰਚਾਰਜ ਜਗਨੰਦਨ ਸਿੰਘ, ਮਨਪ੍ਰੀਤ ਸਿੰਘ ਬਲਕਾਰ ਸਿੰਘ , ਮਨਦੀਪ ਕੌਰ, ਗੁਰਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਮੌਜੂਦ ਸਨ।