ਕੋਡਕ ਕੰਪਨੀ ਯਾਦ ਹੈ? 1997 ਵਿੱਚ, ਕੋਡਕ ਕੋਲ ਲਗਭਗ 160,000 ਕਰਮਚਾਰੀ ਸਨ। ਅਤੇ ਦੁਨੀਆ ਦੀ ਲਗਭਗ 85% ਫੋਟੋਗ੍ਰਾਫੀ ਕੋਡਕ ਕੈਮਰਿਆਂ ਨਾਲ ਕੀਤੀ ਜਾਂਦੀ ਸੀ। ਪਿਛਲੇ ਕੁਝ ਸਾਲਾਂ ਵਿੱਚ ਮੋਬਾਇਲ ਕੈਮਰਿਆਂ ਦੇ ਵਧਣ ਨਾਲ, ਕੋਡਕ ਕੈਮਰਾ ਕੰਪਨੀ ਬਜ਼ਾਰ ਤੋਂ ਬਾਹਰ ਹੋ ਗਈ ਹੈ। ਇੱਥੋਂ ਤੱਕ ਕਿ ਕੋਡਕ ਪੂਰੀ ਤਰ੍ਹਾਂ ਦੀਵਾਲੀਆ ਹੋ ਗਈ ਅਤੇ ਇਸ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ।
ਲੱਗਭਗ ਓਸੇ ਸਮੇਂ ਦੌਰਾਨ ਕਈ ਹੋਰ ਮਸ਼ਹੂਰ ਕੰਪਨੀਆਂ ਨੂੰ ਵੀ ਆਪਣੇ ਆਪ ਨੂੰ ਰੋਕਣਾ ਪਿਆ ਤੇ ਵਪਾਰ ਬੰਦ ਕਰਨਾ ਪਿਆ, ਬਦਲਣਾ ਪਿਆ ਜਾਂ ਘਟਾ ਕੇ ਸੀਮਿਤ ਜਿਹਾ ਕਰਨਾ ਪਿਆ। ਜਿਵੇਂ ਕਿ —
HMT (ਘੜੀ)
BAJAJ (ਸਕੂਟਰ)
DYANORA (TV)
MURPHY (ਰੇਡਿਓ)
NOKIA (ਮੋਬਾਇਲ)
RAJDOOT (ਮੋਟਰ ਸਾਇਕਲ)
AMBASSADOR (ਕਾਰ)
ਉਪਰੋਕਤ ਕੰਪਨੀਆਂ ਵਿੱਚੋਂ ਕਿਸੇ ਦੀ ਵੀ ਗੁਣਵੱਤਾ ਮਾੜੀ ਨਹੀਂ ਸੀ। ਫਿਰ ਵੀ ਇਹ ਕੰਪਨੀਆਂ ਬਜ਼ਾਰ ‘ਚੋਂ ਕਿਉਂ ਬਾਹਰ ਹੋ ਗਈਆਂ? ਕਿਉਂਕਿ ਉਹ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲ ਨਹੀਂ ਸਕੀਆਂ।
ਮੌਜੂਦਾ ਸਮੇਂ ਵਿੱਚ ਖੜ੍ਹੇ ਹੋ ਕੇ, ਤੁਸੀਂ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦੇ ਹੋ ਕਿ ਅਗਲੇ 10 ਸਾਲਾਂ ਵਿੱਚ ਦੁਨੀਆ ਕਿੰਨੀ ਬਦਲ ਸਕਦੀ ਹੈ! ਅਤੇ ਅੱਜ ਦੀਆਂ 70%-90% ਨੌਕਰੀਆਂ ਅਗਲੇ 10 ਸਾਲਾਂ ਵਿੱਚ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਅਸੀਂ ਹੌਲੀ-ਹੌਲੀ “ਚੌਥੀ ਉਦਯੋਗਿਕ ਕ੍ਰਾਂਤੀ” ਦੇ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ।
ਅੱਜ ਦੀਆਂ ਮਸ਼ਹੂਰ ਕੰਪਨੀਆਂ ‘ਤੇ ਨਜ਼ਰ ਮਾਰੋ-
UBER ਸਿਰਫ਼ ਇੱਕ ਸਾਫ਼ਟਵੇਅਰ ਦਾ ਨਾਮ ਹੈ। ਜੀ ਹਾਂ, ਉਸ ਕੋਲ ਆਪਣੀ ਕੋਈ ਕਾਰ ਨਹੀਂ ਹੈ। ਫਿਰ ਵੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕਿਰਾਇਆ-ਟੈਕਸੀ ਕੰਪਨੀ UBER ਹੈ।
Airbnb ਅੱਜ ਦੁਨੀਆ ਦੀ ਸਭ ਤੋਂ ਵੱਡੀ ਹੋਟਲ ਕੰਪਨੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਉਸ ਦਾ ਦੁਨੀਆ ਵਿਚ ਇਕ ਵੀ ਆਪਣਾ ਹੋਟਲ ਨਹੀਂ ਹੈ।
ਇਸੇ ਤਰ੍ਹਾਂ Paytm, Ola Cab, Oyo Rooms ਆਦਿ ਕੰਪਨੀਆਂ ਦੀਆਂ ਅਣਗਿਣਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।
ਅੱਜਕੱਲ੍ਹ ਅਮਰੀਕਾ ਵਿੱਚ ਨਵੇਂ ਵਕੀਲਾਂ ਲਈ ਕੋਈ ਬਹੁਤਾ ਕੰਮ ਨਹੀਂ ਹੈ, ਕਿਉਂਕਿ IBM Watson ਨਾਮਕ ਇੱਕ ਕਾਨੂੰਨੀ ਸਾਫਟਵੇਅਰ ਕਿਸੇ ਵੀ ਨਵੇਂ ਵਕੀਲ ਨਾਲੋਂ ਬਿਹਤਰ ਵਕਾਲਤ ਕਰ ਸਕਦਾ ਹੈ। ਇਸ ਤਰ੍ਹਾਂ, ਲਗਭਗ 80% ਅਮਰੀਕੀ ਲੋਕਾਂ ਕੋਲ ਅਗਲੇ 10 ਸਾਲਾਂ ਵਿੱਚ ਨੌਕਰੀ ਨਹੀਂ ਹੋਵੇਗੀ। ਬਾਕੀ ਦੇ 20% ਬਚ ਜਾਣਗੇ। ਤੇ ਉਹ 20% ਮਾਹਿਰ ਹੋਣਗੇ।
ਨਵੇਂ ਡਾਕਟਰ ਵੀ ਕੰਮ ‘ਤੇ ਜਾਣ ਲਈ ਬੈਠੇ ਹਨ। Watson ਸਾਫਟਵੇਅਰ ਮਨੁੱਖਾਂ ਨਾਲੋਂ 4 ਗੁਣਾ ਜ਼ਿਆਦਾ ਸਟੀਕਤਾ ਨਾਲ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਪਤਾ ਲਗਾ ਸਕਦਾ ਹੈ। ਮੋਟਾ ਮੋਟਾ ਅੰਦਾਜ਼ਾ ਹੈ ਕਿ ਕੰਪਿਊਟਰ ਇੰਟੈਲੀਜੈਂਸ 2030 ਤੱਕ ਮਨੁੱਖੀ ਬੁੱਧੀ ਨੂੰ ਪਛਾੜ ਦੇਵੇਗੀ।
ਅੱਜ ਦੀਆਂ 90% ਕਾਰਾਂ ਅਗਲੇ 20 ਸਾਲਾਂ ਵਿੱਚ ਸੜਕਾਂ ‘ਤੇ ਦਿਖਾਈ ਨਹੀਂ ਦੇਣਗੀਆਂ। ਬਾਕੀ ਕਾਰਾਂ ਜਾਂ ਤਾਂ ਬਿਜਲੀ ਨਾਲ ਚੱਲਣਗੀਆਂ ਜਾਂ ਹਾਈਬ੍ਰਿਡ ਕਾਰਾਂ ਹੋਣਗੀਆਂ। ਸੜਕਾਂ ਹੌਲੀ-ਹੌਲੀ ਖਾਲੀ ਹੋ ਜਾਣਗੀਆਂ। ਗੈਸੋਲੀਨ ਦੀ ਖਪਤ ਘੱਟ ਜਾਵੇਗੀ ਅਤੇ ਤੇਲ ਉਤਪਾਦਕ ਅਰਬ ਦੇਸ਼ ਹੌਲੀ-ਹੌਲੀ ਦੀਵਾਲੀਆ ਹੋ ਜਾਣਗੇ।
ਜੇਕਰ ਤੁਹਾਨੂੰ ਕਾਰ ਚਾਹੀਦੀ ਹੋਵੇਗੀ, ਤਾਂ ਤੁਹਾਨੂੰ ਉਬੇਰ ਵਰਗੇ ਕਿਸੇ ਸਾਫਟਵੇਅਰ ਤੋਂ ਕਾਰ ਮੰਗਵਾਉਣੀ ਪਵੇਗੀ। ਅਤੇ ਜਿਵੇਂ ਹੀ ਤੁਸੀਂ ਕਾਰ ਦੀ ਮੰਗ ਕਰੋਗੇ, ਇੱਕ ਪੂਰੀ ਤਰ੍ਹਾਂ ਡਰਾਈਵਰ ਰਹਿਤ ਕਾਰ ਤੁਹਾਡੇ ਦਰਵਾਜ਼ੇ ਦੇ ਸਾਹਮਣੇ ਆ ਕੇ ਖੜ੍ਹੀ ਹੋ ਜਾਵੇਗੀ। ਜੇਕਰ ਤੁਸੀਂ ਇੱਕੋ ਕਾਰ ਵਿੱਚ ਹੋਰ ਲੋਕਾਂ ਨਾਲ ਸਫ਼ਰ ਕਰਦੇ ਹੋ, ਤਾਂ ਪ੍ਰਤੀ ਵਿਅਕਤੀ ਕਾਰ ਦਾ ਕਿਰਾਇਆ ਬਾਈਕ ਦੇ ਕਿਰਾਏ ਤੋਂ ਵੀ ਘੱਟ ਹੋਵੇਗਾ ਜਾਂ ਬਿਲਕੁਲ ਤੁਹਾਡੇ ਬਜਟ ‘ਚ ਹੋਵੇਗਾ। ਵੱਡੀਆਂ ਕੰਪਨੀਆਂ ਨੇ ਇਹ ਸਭ ਨੂੰ ਧਿਆਨ ‘ਚ ਰੱਖ ਕੇ ਕੰਮ ਵੀ ਸ਼ੂਰੂ ਕਰ ਦਿੱਤਾ ਹੈ।
ਡਰਾਈਵਰ ਰਹਿਤ ਗੱਡੀ ਚੱਲਣ ਨਾਲ ਹਾਦਸਿਆਂ ਦੀ ਗਿਣਤੀ 99% ਤੱਕ ਘੱਟ ਜਾਵੇਗੀ। ਅਤੇ ਇਸ ਕਾਰਨ ਕਾਰ ਬੀਮਾ ਬੰਦ ਹੋ ਜਾਵੇਗਾ ਅਤੇ ਕਾਰ ਬੀਮਾ ਕੰਪਨੀਆਂ ਵੀ ਕਾਰੋਬਾਰ ਤੋਂ ਬਾਹਰ ਹੋ ਜਾਣਗੀਆਂ।
ਡਰਾਈਵਿੰਗ ਵਰਗੀਆਂ ਚੀਜ਼ਾਂ ਹੁਣ ਧਰਤੀ ‘ਤੇ ਮੌਜੂਦ ਨਹੀਂ ਰਹਿਣਗੀਆਂ। ਜਦੋਂ 90% ਵਾਹਨ ਸੜਕ ਤੋਂ ਗਾਇਬ ਹੋ ਜਾਣਗੇ ਤਾਂ ਟ੍ਰੈਫਿਕ ਪੁਲਿਸ ਅਤੇ ਪਾਰਕਿੰਗ ਸਟਾਫ ਦੀ ਕੋਈ ਲੋੜ ਨਹੀਂ ਰਹੇਗੀ।
ਜ਼ਰਾ ਸੋਚੋ, 10 ਸਾਲ ਪਹਿਲਾਂ ਵੀ ਗਲੀਆਂ-ਮੁਹੱਲਿਆਂ ਵਿੱਚ STD ਬੂਥ ਹੁੰਦੇ ਸਨ। ਦੇਸ਼ ਵਿੱਚ ਮੋਬਾਈਲ ਕ੍ਰਾਂਤੀ ਦੇ ਆਉਣ ਤੋਂ ਬਾਅਦ, ਇਹ ਸਾਰੇ STD ਬੂਥ ਬੰਦ ਹੋਣ ਲਈ ਮਜਬੂਰ ਹੋ ਗਏ ਸਨ। ਜੋ ਬਚ ਗਏ ਉਹ ਮੋਬਾਈਲ ਰੀਚਾਰਜ ਦੀਆਂ ਦੁਕਾਨਾਂ ਬਣ ਗਈਆਂ। ਫਿਰ ਮੋਬਾਈਲ ਰੀਚਾਰਜ ਵਿੱਚ ਆਨਲਾਈਨ ਕ੍ਰਾਂਤੀ ਆਈ। ਲੋਕਾਂ ਨੇ ਘਰ ਬੈਠੇ ਹੀ ਆਪਣੇ ਮੋਬਾਈਲ ਨੂੰ ਆਨਲਾਈਨ ਰੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਰ ਇਨ੍ਹਾਂ ਰੀਚਾਰਜ ਦੀਆਂ ਦੁਕਾਨਾਂ ਨੂੰ ਬਦਲਣਾ ਪਿਆ। ਹੁਣ ਇਹ ਸਿਰਫ਼ ਮੋਬਾਈਲ ਫ਼ੋਨ ਖਰੀਦਣ, ਵੇਚਣ ਅਤੇ ਰਿਪੇਅਰ ਕਰਨ ਦੀਆਂ ਦੁਕਾਨਾਂ ਹਨ। ਪਰ ਇਹ ਵੀ ਬਹੁਤ ਜਲਦੀ ਬਦਲ ਜਾਵੇਗਾ। Amazon, Flipkart ਤੋਂ ਸਿੱਧੇ ਮੋਬਾਈਲ ਫੋਨਾਂ ਦੀ ਵਿਕਰੀ ਵਧ ਰਹੀ ਹੈ।
ਪੈਸੇ ਦੀ ਪਰਿਭਾਸ਼ਾ ਵੀ ਬਦਲ ਰਹੀ ਹੈ। ਪਹਿਲਾਂ ਕੈਸ਼ ਹੁੰਦਾ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਇਹ ‘ਪਲਾਸਟਿਕ ਮਨੀ’ ਬਣ ਗਿਆ ਹੈ। ਕੁਝ ਦਿਨ ਪਹਿਲਾਂ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡਾਂ ਦਾ ਦੌਰ ਸੀ। ਹੁਣ ਉਹ ਵੀ ਬਦਲ ਰਿਹਾ ਹੈ ਅਤੇ ਮੋਬਾਈਲ ਵਾਲੇਟ ਦਾ ਯੁੱਗ ਆ ਰਿਹਾ ਹੈ। UPI ਦਾ ਵਧ ਰਿਹਾ ਬਾਜ਼ਾਰ, ਮੋਬਾਈਲ ਮਨੀ ਦੀ ਇੱਕ ਕਲਿੱਕ।
ਜੋ ਲੋਗ ਉਮਰ ਦੇ ਨਾਲ ਨਹੀਂ ਬਦਲ ਸਕਦੇ, ਸਮਾਂ ਉਨ੍ਹਾਂ ਨੂੰ ਧਰਤੀ ਤੋਂ ਹਟਾ ਦਿੰਦਾ ਹੈ। ਇਸ ਲਈ ਸਮੇਂ ਦੇ ਨਾਲ ਬਦਲਦੇ ਰਹੋ।
ਇਸ ਪੋਸਟ ਵਿੱਚ ਬਹੁਤ ਘੱਟ ਚੀਜ਼ਾਂ ਨੂੰ ਕੇਂਦਰਿਤ ਕੀਤਾ ਗਿਆ ਹੈ। ਹੋਰ ਵੀ ਬਹੁਤ ਕੁਝ ਹੈ ਜੋ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਬਦਲ ਗਿਆ ਹੈ ਜਾਂ ਬਦਲ ਰਿਹਾ ਹੈ। ਤੁਸੀਂ ਵੀ ਆਪਣੇ ਆਸੇ ਪਾਸੇ ਝਾਤੀ ਮਾਰੋ ਤੇ ਜਰੂਰ ਦੱਸੋ ਕਿ ਹੋਰ ਕੀ ਕੀ ਬਦਲ ਚੁੱਕਾ ਹੈ ਜਾਂ ਤੇਜ਼ੀ ਨਾਲ ਬਦਲ ਰਿਹਾ ਹੈ।
______________________
ਹਿੰਦੀ ਦੀ ਇੱਕ ਪੋਸਟ ਪੜ੍ਹ ਕੇ ਉਤਸੁਕਤਾ ਜਾਗ ਗਈ ਕਿ ਕਿਉਂ ਨਾ ਇਸ ਬਾਰੇ ਦੋਸਤਾਂ ਦੇ ਵਿਚਾਰ ਲਏ ਜਾਣ ਇਸ ਲਈ ਪੰਜਾਬੀ ‘ਚ ਅਨੁਵਾਦ ਕਰਕੇ ਪਾ ਰਿਹਾ ਹਾਂ। • ਮੀਤ ਅਨਮੋਲ