14 ਫਰਵਰੀ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹਾ ਮੈਜਿਸਟ੍ਰੇਟ ਸ. ਜਸਪ੍ਰੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਪਾਬੰਦੀ ਲਗਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜ਼ਿਲ੍ਹੇ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਕੋਈ ਸਮਾਗਮ ਕਰਨ, ਕਿਸੇ ਸਮਾਗਮ ਜਾਂ ਜਲੂਸ ਵਿੱਚ ਹਥਿਆਰ ਚੁੱਕ ਕੇ ਚੱਲਣ, ਜਨਤਕ ਥਾਵਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ਤੇ ਮੀਟਿੰਗ ਕਰਨ, ਨਾਹਰੇ ਲਗਾਉਣ, ਅਗੇਤਰੀ ਪ੍ਰਾਵਨਗੀ ਬਗੈਰ ਜਲੂਸ ਕੱਢਣ ਅਤੇ ਪ੍ਰਚਾਰ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਲਾਇਸੰਸੀ ਹਥਿਆਰ, ਨੰਗੀਆਂ ਤਲਵਾਰਾਂ, ਬਰਛੇ ਭਾਲੇ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਮਾਰੂ ਹਥਿਆਰ ਚੁੱਕਣ, ਚਲਾਉਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਤੇ ਪੂਰਨ ਰੋਕ ਲਗਾਈ ਗਈ ਹੈ।
ਇਹ ਹੁਕਮ ਪੁਲਿਸ/ਆਰਮੀ ਵਰਦੀਆਂ ਵਿੱਚ ਮਿਲਟਰੀ ਅਮਲਾ ਤੇ ਕੋਈ ਹੋਰ ਸਰਕਾਰੀ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ।
ਇਹ ਹੁਕਮ 11 ਅਪ੍ਰੈਲ 2024 ਤੱਕ ਲਾਗੂ ਰਹਿਣਗੇ।