ਮਾਨਸਾ 10 ਅਪ੍ਰੈਲ (ਨਾਨਕ ਸਿੰਘ ਖੁਰਮੀ ) ਬੱਚਤ ਭਵਨ ਵਿਖੇ ਜਿਲਾ ਲਾਇਬਰੇਰੀ ਦੇ ਵਿਦਿਆਰਥੀ ਜੋ ਕਿ ਮਾਨਯੋਗ ਡੀਸੀ ਸਾਹਿਬ ਦੇ ਜ਼ੁਬਾਨੀ ਆਦੇਸ਼ਾਂ ਅਨੁਸਾਰ ਬੱਚਤ ਭਵਨ ਵਿਖੇ ਆਪਣੀ ਪੜ੍ਹਾਈ ਕਰ ਰਹੇ ਸਨ,ਉਹਨਾਂ ਨੂੰ ਅੱਜ ਬੱਚਤ ਭਵਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਲੱਗਭਗ ਇੱਕ ਸਾਲ ਦਾ ਅਰਸਾ ਹੋ ਗਿਆ ਸੀ ਅਤੇ ਸਰਕਾਰੀ ਲਾਇਬ੍ਰੇਰੀ ਦਾ ਨਿੱਜੀਕਰਨ ਕਰਦਿਆਂ ਬੱਚਤ ਭਵਨ ਵਿੱਚ ਪ੍ਰਸਾਸ਼ਨ ਵੱਲੋਂ ਆਰਜ਼ੀ ਤੌਰ ਤੇ ਬਣਾਈ ਗਈ ਲਾਇਬਰੇਰੀ ਵਿਖੇ ਘੱਟੋ ਤੋਂ ਘੱਟ 100 ਦੇ ਤਕਰੀਬਨ ਵਿਦਿਆਰਥੀ ਇੱਥੇ ਰੋਜਾਨਾ ਦੀ ਹਾਜਰੀ ਰਿਪੋਰਟ ਮੁਤਾਬਕ ਪੜ੍ਹਨ ਲਈ ਆਉਂਦੇ ਸਨ,ਅੱਜ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀਆਂ ਨੂੰ ਪੜਨ ਦੇ ਅਧਿਕਾਰ ਤੋਂ ਵਾਂਝਿਆਂ ਕਰਨ ਦੇ ਮਕਸਦ ਦੀ ਕਾਮਯਾਬੀ ਲਈ ਵਿਦਿਆਰਥੀਆਂ ਨੂੰ ਬੱਚਤ ਭਵਨ ਵਿੱਚੋਂ ਬਾਹਰ ਕਰਨ ਦਾ ਫੁਰਮਾਨ ਲਿਆਂਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ,ਪੀ ਐੱਸ ਯੂ ਵੱਲੋਂ ਅਰਵਿੰਦ ਕੌਰ ਆਜ਼ਾਦ,ਸਾਹਿਬਦੀਪ ਸਿੰਘ,ਜ਼ਿਲਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਸੁਰਿੰਦਰ ਮਾਨਸਾ,ਲਵਪ੍ਰੀਤ ਸਿੰਘ ਨੰਗਲ,ਸਨੇਹਾ,ਮੁਨੀਸ਼ ਕੁਮਾਰ, ਗੁਰਸੇਵਕ ਸਿੰਘ ਬਰੇਟਾ,ਰਮਨਦੀਪ ਸਿੰਘ ਖਿਆਲਾ ਕਲਾਂ,ਹਰਪ੍ਰੀਤ ਕੌਰ, ਸੁਖਜੀਤ ਕੌਰ ਨੇ ਕੀਤਾ। ਉਹਨਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਲੈ ਕੇ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ।ਆਗੂਆਂ ਨੇ ਮੰਗ ਕੀਤੀ ਕਿ ਲਾਇਬਰੇਰੀ ਦੀ ਪੱਕੀ ਬਿਲਡਿੰਗ ਮੁਹੱਈਆ ਕਰਾਈ ਜਾਵੇ ਅਤੇ ਲਾਇਬ੍ਰੇਰੀ ਲਈ ਨਵੇਂ ਮੈਂਬਰਸ਼ਿੱਪ ਕਾਰਡ ਬਣਾਏ ਜਾਣ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਬੈਠ ਕੇ ਆਪਣੀ ਪੜ੍ਹਾਈ ਕਰ ਸਕਣ ਕਿਉਂਕਿ ਬੱਚਤ ਭਵਨ ਦੇ ਵਿੱਚ ਇੱਕ ਮਹੀਨੇ ਵਿੱਚ ਲਗਭਗ ਪੰਜ ਤੋਂ ਸੱਤ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ ਕਈ ਵਾਰੀ ਪ੍ਰਸ਼ਾਸਨ ਵੱਲੋਂ ਛੁੱਟੀ ਵੀ ਕਰ ਦਿੱਤੀ ਜਾਂਦੀ ਸੀ,ਜਿਸ ਕਾਰਨ ਜ਼ਿਲ੍ਹਾ ਲਾਇਬਰੇਰੀ ਦੀ ਮੈਂਬਰਸ਼ਿੱਪ ਪ੍ਰਾਪਤ ਵਿਦਿਆਰਥੀਆਂ ਦੀ ਪੜ੍ਹਾਈ ਉੱਪਰ ਮਾੜਾ ਅਸਰ ਪੈਂਦਾ ਸੀ। ਵਿਦਿਆਰਥੀ ਪੂਰੇ ਅਨੁਸਾਸਨ ਨਾਲ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਦੇ ਸਨ ਅਤੇ ਸਮੇਂ ਸਮੇਂ ਤੇ ਮੌਜੂਦਾ ਡਿਪਟੀ ਕਮਿਸ਼ਨਰ ਸਾਹਿਬ ਮਾਨਸਾ ਕੋਲ ਪੇਸ਼ ਹੋ ਕੇ ਆਪਣੀਆਂ ਪਰੇਸ਼ਾਨੀਆਂ ਦੱਸਦੇ ਸਨ ਅਤੇ ਮੌਜੂਦਾ ਡੀਸੀ ਸਾਹਿਬ ਵੱਲੋਂ ਵੀ ਵਿਦਿਆਰਥੀਆਂ ਨੂੰ ਇਹੀ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜਦੋਂ ਤੱਕ ਤੁਹਾਡੀ ਪੱਕੀ ਬਿਲਡਿੰਗ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਵਿਦਿਆਰਥੀ ਆਪਣੀ ਪੜ੍ਹਾਈ ਬੱਚਤ ਭਵਨ ਕਾਨਫਰੰਸ ਰੂਮ ਵਿੱਚ ਹੀ ਬੈਠ ਕੇ ਕਰਨਗੇ ਪਰ ਇੱਕ ਦੋ ਦਿਨਾਂ ਦੇ ਵਿੱਚਕਾਰ ਇਥੋਂ ਦੇ ਭਾਸ਼ਾ ਅਫਸਰ ਮੈਡਮ ਤਜਿੰਦਰ ਕੌਰ ਜਿਹਨਾਂ ਕੋਲ ਜ਼ਿਲਾ ਲਾਇਬਰੇਰੀ ਦਾ ਵਾਧੂ ਚਾਰਜ ਹੈ ਉਹਨਾਂ ਨੇ ਆਪਣਾ ਸਖਤ ਰਵੱਈਆ ਅਪਣਾਉਂਦੇ ਹੋਏ ਵਿਦਿਆਰਥੀਆਂ ਨੂੰ ਮਿਤੀ 10/4/ 2025 ਨੂੰ ਬੱਚਤ ਭਵਨ ਵਿੱਚ ਸਵੇਰੇ ਵਿਦਿਆਰਥੀਆਂ ਨੂੰ ਦਾਖਲ ਨਹੀਂ ਹੋਣ ਦਿੱਤਾ। ਪ੍ਰਸ਼ਾਸਨ ਦੀ ਇਸ ਵਾਅਦਾ ਖਿਲਾਫੀ ਕਾਰਨ ਵਿਦਿਆਰਥੀ ਬੱਚਤ ਭਾਵਨਾ ਦੇ ਮੁੱਖ ਗੇਟ ਅੱਗੇ ਕਿਤਾਬਾਂ ਖੋਲ ਕੇ ਬੈਠ ਕੇ ਪੜਨ ਲਈ ਮਜਬੂਰ ਹੋ ਗਏ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਸੇ ਵੀ ਅਧਿਕਾਰੀ ਨੇ ਸੁਣਵਾਈ ਨਹੀਂ ਕੀਤੀ ਅਤੇ ਇਥੋਂ ਦੇ ਐੱਮ ਐੱਲ ਏ ਸਾਹਿਬ ਨੇ ਵੀ ਗੱਲ ਨਹੀਂ ਸੁਣੀ। ਆਗੂਆਂ ਨੇ ਕਿਹਾ ਕਿ ਮਾਮਲੇ ਦਾ ਜਲਦੀ ਹੱਲ ਨਾਂ ਕੀਤਾ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।